ਅਨੁਸੂਈਆ ਮੰਦਰ ਦੀ ਕੁਦਰਤੀ ਸੁੰਦਰਤਾ

5/22/2017 7:22:00 AM

ਉਂਝ ਤਾਂ ਉੱਤਰ ਪ੍ਰਦੇਸ਼ ਦਾ ਪੂਰਾ ਗੜਵਾਲ ਹੀ ਸੈਰ-ਸਪਾਟੇ ਵਾਲਾ ਇਲਾਕਾ ਹੈ ਪਰ ਕੁਝ ਸਥਾਨ ਆਪਣੀ ਰਵਾਇਤ ਲਈ ਕਾਫੀ ਮਹੱਤਵਪੂਰਨ ਹਨ। ਇਨ੍ਹਾਂ ਸਥਾਨਾਂ ਵਿਚੋਂ ਚਮੋਲੀ ਜਨਪਦ ''ਚ ਸਥਿਤ ਸਤੀ ਮਾਤਾ ਅਨੁਸੂਈਆ ਦਾ ਮੰਦਰ ਖਾਸ ਮੰਨਿਆ ਜਾਂਦਾ ਹੈ। ਸਮੁੰਦਰ ਤਲ ਤੋਂ 5000 ਫੁੱਟ ਦੀ ਉਚਾਈ ''ਤੇ ਵਸਿਆ ਹੋਇਆ ਯਾਤਰੀਆਂ ਦੇ ਦਰਸ਼ਨਾਂ ਲਈ ਸਾਰਾ ਸਾਲ ਖੁੱਲ੍ਹਾ ਰਹਿਣ ਵਾਲਾ ਮਾਤਾ ਅਨੁਸੂਈਆ ਦਾ ਇਹ ਇਕੋ-ਇਕ ਮੰਦਰ ਹੈ, ਜੋ ਮੰਡਲ ਨਾਂ ਦੇ ਬੱਸ ਸਟੇਸ਼ਨ ਤੋਂ ਸਿਰਫ 5 ਕਿਲੋਮੀਟਰ ਪੈਦਲ ਪਹਾੜੀ ਰਸਤਾ ਤਹਿ ਕਰਨ ਤੋਂ ਬਾਅਦ ਸਮਤਲ ਜ਼ਮੀਨ ''ਤੇ ਅਨੁਸੂਈਆ ਪਿੰਡ ''ਚ ਸਥਿਤ ਹੈ। ਮੰਦਰ ਤਾਂ ਯੁੱਗਾਂ ਪੁਰਾਣਾ ਹੈ ਪਰ ਗੁਰੂ ਸ਼ੰਕਰਾਚਾਰੀਆ ਜੀ ਨੇ ਇਸ ਦੀ ਮੁੜ ਉਸਾਰੀ ਕੀਤੀ। ਸਮਾਂ ਬੀਤਦਾ ਗਿਆ ਅਤੇ ਮੰਦਰ ਨੂੰ ਵਿਸ਼ਾਲ ਰੂਪ ਮਿਲਦਾ ਗਿਆ। ਮਾਂ ਅਨੁਸੂਈਆ ਦੀ ਦਿਵਯ ਮੂਰਤੀ, ਆਕਾਸ਼ ਤਕ ਗੂੰਜਦੀ ਹੋਈ ਸ਼ੰਖਾਂ ਦੀ ਧੁਨੀ, ਅਮਰ ਜੋਤੀ ਵਰਗਾ ਹਮੇਸ਼ਾ ਜਗਦਾ ਰਹਿਣ ਵਾਲਾ ਦੀਵਾ ਅਤੇ ਸਵੇਰੇ-ਸਵੇਰੇ ਤੇ ਸ਼ਾਮ ਵੇਲੇ ਦੀ ਪੂਜਾ-ਅਰਚਨਾ ਮਨ ਨੂੰ ਮੰਤਰ-ਮੁਗਧ ਕਰ ਦਿੰਦੀ ਹੈ। ਪੱਥਰ ਦੀ ਸ਼ਿਲਾ ''ਤੇ ਬਣੀ ਸਤੀ ਅਨੁਸੂਈਆ ਦੀ ਜਗਮਗਾਉਂਦੀ ਹੋਈ ਮੂਰਤੀ ਦੀ ਕੁਦਰਤੀ ਉਤਪਤੀ ਸਤੋਪੰਥ ''ਚ ਹੋਈ ਸੀ। ਪੌਰਾਣਿਕ ਕਥਾਵਾਂ ਅਨੁਸਾਰ ਅੱਜ ਤੋਂ ਯੁੱਗਾਂ ਪਹਿਲਾਂ ਸਤੀ ਅਨੁਸੂਈਆ ਆਪਣੇ ਪਤੀ ਆਤ੍ਰੇਯ ਮੁਨੀ ਨਾਲ ਹਿਮਖੰਡ ਦੇ ਇਸ ਸੁੰਨਸਾਨ ਸਥਾਨ ''ਤੇ ਪਹੁੰਚੀ। ਕਿਉਂਕਿ ਰਿਸ਼ੀ ਅਜਿਹੀ ਤਪੱਸਿਆ ''ਚ ਲੀਨ ਹੋਣਾ ਚਾਹੁੰਦੇ ਸਨ ਜਿਸ ''ਤੇ ਪ੍ਰਾਣੀ ਮਾਤਰ ਤੋਂ ਲੈ ਕੇ ਪ੍ਰਮੇਸ਼ਵਰ ਤਕ ਕਿਸੇ ਦੀ ਵੀ ਨਜ਼ਰ ਨਾ ਪਵੇ, ਇਸ ਲਈ ਉਨ੍ਹਾਂ ਨੇ ਸਫਲ ਤਪ ਪ੍ਰਾਪਤੀ ਦੀ ਕਾਮਨਾ ਨਾਲ ਇਸ ਜੰਗਲ ਨੂੰ ਚੁਣਿਆ। ਰਿਸ਼ੀ ਪਤਨੀ ਅਨੁਸੂਈਆ ਦੇਵੀ ਆਪਣੇ ਪਤੀ ਦਾ ਸਾਥ ਕਦੇ ਨਹੀਂ ਛੱਡਦੀ ਸੀ ਅਤੇ ਉਨ੍ਹਾਂ ਦੇ ਨਾਲ-ਨਾਲ ਚੱਲ ਪਈ। ਇਸ ਧਰਤੀ ''ਤੇ ਸਾਲਾਂ ਤਪੱਸਿਆ ਕਰਕੇ ਪਤੀ-ਪਤਨੀ ਨੇ ਯੁਗ-ਯੁਗਾਂਤਰ ਨੂੰ ਧੰਨ ਕਰ ਦਿੱਤਾ।
ਇਹ ਉਹੀ ਇਤਿਹਾਸਕ ਪਵਿੱਤਰ ਸਥਾਨ ਹੈ ਜਿਥੇ ਅਨੁਸੂਈਆ ਦੇਵੀ ਨੇ ਆਪਣੇ ਸਤੀਤੱਵ ਦੇ ਦਮ ''ਤੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਨੂੰ ਛੇ-ਛੇ ਮਹੀਨੇ ਦੇ ਬਾਲਕ ਬਣਾ ਦਿੱਤਾ ਸੀ ਕਿਉਂਕਿ ਰਿਸ਼ੀ ਆਤ੍ਰੇਯ ਦੇ ਤਪ ਅਤੇ ਰਿਸ਼ੀ ਪਤਨੀ ਦੇ ਸਤ ਨਾਲ ਇੰਦਰ ਦਾ ਆਸਣ ਤਕ ਹਿੱਲਣ ਲੱਗ ਗਿਆ, ਉਦੋਂ ਰਿਸ਼ੀ ਪਤਨੀ ਅਨੁਸੂਈਆ ਦੀ ਪ੍ਰੀਖਿਆ ਲੈਣ ਲਈ ਬ੍ਰਹਮਾ, ਵਿਸ਼ਨੂੰ, ਮਹੇਸ਼ ਧਰਤੀ ਲੋਕ ''ਤੇ ਯੋਗੀ ਰੂਪ ਧਾਰਨ ਕਰਕੇ ਆਏ ਅਤੇ ਮਾਂ ਅਨੁਸੂਈਆ ਤੋਂ ਭਿੱਖਿਆ ਬਦਲੇ ਭੋਜਨ ਕਰਨ ਦੀ ਇੱਛਾ ਪ੍ਰਗਟ ਕੀਤੀ, ਨਾਲ ਹੀ ਇਹ ਸ਼ਰਤ ਵੀ ਰੱਖੀ ਕਿ ਤੁਸੀਂ ਸਾਨੂੰ ਬਿਨਾਂ ਕੱਪੜਿਆਂ ਦੇ ਭੋਜਨ ਕਰਵਾਓ। ਮਾਂ ਅਨੁਸੂਈਆ ਨੇ ਕੁਝ ਦੇਰ ਸੋਚਣ-ਵਿਚਾਰਨ ਉਪਰੰਤ ਆਪਣੀ ਕੁਟੀਆ ''ਚ ਆਏ ਯੋਗੀਆਂ ਨੂੰ ਬੈਠਣ ਦੀ ਬੇਨਤੀ ਕੀਤੀ। ਰਿਸ਼ੀ ਆਤ੍ਰੇਯ ਜੋ ਕਿ ਤਪੱਸਿਆ ''ਚ ਮਗਨ ਸਨ, ਦੇ ਕਮੰਡਲ ਤੋਂ ਹੱਥ ''ਚ ਪਵਿੱਤਰ ਜਲ ਲਿਆ ਅਤੇ ਤਿੰਨਾਂ ਯੋਗੀਆਂ ''ਤੇ ਸੁੱਟ ਦਿੱਤਾ। ਪਾਣੀ ਦੇ ਛਿੱਟੇ ਪੈਂਦੇ ਹੀ ਤਿੰਨੋਂ ਛੇ-ਛੇ ਮਹੀਨੇ ਦੇ ਰੋਂਦੇ-ਕੁਰਲਾਉਂਦੇ ਹੋਏ ਬੱਚੇ ਬਣ ਗਏ। ਫਿਰ ਤਾਂ ਮਾਤਾ ਅਨੁਸੂਈਆ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਬਿਨਾਂ ਕੱਪੜਿਆਂ ਦੇ ਉਨ੍ਹਾਂ ਨੂੰ ਆਪਣੀ ਗੋਦੀ ''ਚ ਬਿਠਾ ਕੇ ਭੋਜਨ ਕਰਾ ਦਿੱਤਾ।
ਭਾਵੇਂ ਸਤੀ ਅਨੁਸੂਈਆ ਦੇ ਸਤ ਅਤੇ ਧਰਮ ਦਾ ਪੂਰੇ ਸੰਸਾਰ ''ਚ ਕੋਈ ਬਦਲ ਨਹੀਂ ਪਰ ਇਸ ਧਰਤੀ ਦੀ ਕੁਦਰਤੀ ਸੁੰਦਰਤਾ ਦੀ ਵੀ ਕੋਈ ਮਿਸਾਲ ਨਹੀਂ ਹੈ। ਬਾਰਾਂ ਮਹੀਨੇ ਇਥੇ ਲਹਿਰਾਉਂਦੀ ਹਰਿਆਲੀ ਅਤੇ ਉਸ ਵਿਚ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀਆਂ ਵੱਖ-ਵੱਖ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਮਨ ਮੋਹ ਲੈਂਦੀਆਂ ਹਨ। ਚਾਰੇ ਪਾਸੇ ਉੱਚੇ-ਉੱਚੇ ਦਰੱਖਤਾਂ ਵਾਲੇ ਸੰਘਣੇ ਜੰਗਲਾਂ ''ਚ ਪਸ਼ੂ-ਪੰਛੀ ਘੁੰਮਦੇ ਨਜ਼ਰ ਆਉਂਦੇ ਹਨ। ਜੰਗਲੀ ਫੁੱਲਾਂ ਦੀ ਖੁਸ਼ਬੂ ਨਾਲ ਮਨ ਖੁਸ਼ ਹੋ ਜਾਂਦਾ ਹੈ ਅਤੇ ਚਾਂਦੀ ਦੀ ਚਾਦਰ ਲਏ ਹੋਏ ਦੂਰ-ਦੂਰ ਨਜ਼ਰ ਆਉਂਦੀ ਬਰਫ ਨਾਲ ਢਕੀ ਪਹਾੜਾਂ ਦੀ ਲੜੀ ਦਾ ਦੁਧੀਆ ਰੰਗ ਚਾਂਦਨੀ ਰਾਤਾਂ ''ਚ ਹੋਰ ਵੀ ਖਿੜ ਜਾਂਦਾ ਹੈ। ਇਥੋਂ ਦਾ ਕੁਦਰਤੀ ਚਮਤਕਾਰ ਦੇਖ ਕੇ ਲਗਦਾ ਹੈ ਜਿਵੇਂ ਕੁਦਰਤ ਨੇ ਸਵਰਗ ਦੀ ਸੁੰਦਰਤਾ ਨੂੰ ਧਰਤੀ ''ਤੇ ਉਤਾਰ ਦਿੱਤਾ ਹੋਵੇ।
ਅਨੁਸੂਈਆ ਮੰਦਰ ਤੋਂ 5 ਕਿਲੋਮੀਟਰ ਦੀ ਦੂਰੀ ''ਤੇ ਆਤ੍ਰੇਯ ਮੁਨੀ ਦਾ ਆਸ਼ਰਮ ਹੈ। ਜੰਗਲ ''ਚ ਸਥਿਤ ਇਸ ਸੁੰਨਸਾਨ ਸਥਾਨ ''ਤੇ ਸਿਰਫ ਦਿਨ ਵੇਲੇ ਹੀ ਜਾ ਸਕਦੇ ਹਾਂ। ਰਾਤ ਵੇਲੇ ਇਥੇ ਪਹੁੰਚਣਾ ਸੰਭਵ ਨਹੀਂ। ਆਤ੍ਰੇਯ ਆਸ਼ਰਮ ਕੋਈ ਸਾਧਾਰਨ ਆਸ਼ਰਮ ਨਹੀਂ ਸਗੋਂ ਚੱਟਾਨ ਅੰਦਰ ਇਕ ਗੁਫਾ ਹੈ ਅਤੇ ਗੁਫਾ ਦੇ ਠੀਕ ਹੇਠਾਂ ਡੂੰਘੀ ਝੀਲ ਹੈ ਜੋ ਅੰਮ੍ਰਿਤ ਕੁੰਡ ਦੇ ਨਾਂ ਨਾਲ ਜਾਣੀ ਜਾਂਦੀ ਹੈ। ਠੀਕ ਉਪਰੋਂ ਲਗਭਗ 25 ਤੋਂ 30 ਮੀਟਰ ਦੀ ਉਚਾਈ ਤੋਂ ਡਿਗਦਾ ਹੋਇਆ ਝਰਨਾ ਹੈ, ਜਿਸ ਨੂੰ ਅੰਮ੍ਰਿਤ ਧਾਰਾ ਕਹਿੰਦੇ ਹਨ।
ਮੁਸ਼ਕਿਲ ਪਹਾੜੀ ਦੀ ਉੱਚੀ ਚੱਟਾਨ ਤੋਂ ਡਿੱਗਣ ਵਾਲਾ ਇਹ ਵਿਸ਼ਾਲ ਝਰਨਾ ਬਿਨਾਂ ਸ਼ੱਕ ਇਕ ਅਨੋਖਾ ਦ੍ਰਿਸ਼ ਹੈ। ਕਿਉਂਕਿ ਆਤ੍ਰੇਯ ਆਸ਼ਰਮ ਝੀਲ ਅਤੇ ਡਿਗਦੇ ਝਰਨੇ ਦੇ ਵਿਚਾਲੇ ਪਹਾੜੀ ਦੇ ਅੰਦਰ ਸਥਿਤ ਹੈ, ਇਸ ਲਈ ਇਥੋਂ ਤਕ ਪਹੁੰਚਣ ਲਈ ਲੋਹੇ ਦੀਆਂ ਲੰਬੀਆਂ-ਲੰਬੀਆਂ ਜ਼ੰਜੀਰਾਂ ਦੀ ਮਦਦ ਲਈ ਜਾਂਦੀ ਹੈ, ਜੋ ਉਪਰੋਂ ਹੇਠਾਂ ਵੱਲ ਲਟਕਾਈਆਂ ਗਈਆਂ ਹਨ। ਉਪਰ ਪਹੁੰਚਦੇ ਹੀ ਸੁਰੰਗ ਵਰਗੀ ਗੁਫਾ ਹੈ। ਇਥੇ ਮੁਸਾਫਰਾਂ ਨੂੰ ਸਿੱਧੇ ਲੇਟ ਕੇ ਪੇਟ ਦੇ ਭਾਰ ਅੱਗੇ ਖਿਸਕਣਾ ਪੈਂਦਾ ਹੈ ਅਤੇ ਇਸ ਦੇ ਤੁਰੰਤ ਬਾਅਦ ਦਰਸ਼ਨ ਹੁੰਦੇ ਹਨ ਆਤ੍ਰੇਯ ਮੁਨੀ ਆਸ਼ਰਮ ਦੇ। ਇਥੇ ਰਿਸ਼ੀ ਆਤ੍ਰੇਯ ਨੇ ਧਿਆਨ ''ਚ ਰਹਿ ਕੇ ਸਾਲਾਂ ਤਕ ਸਖਤ ਤਪੱਸਿਆ ਕੀਤੀ ਸੀ। ਅਨੁਸੂਈਆ ਮੰਦਰ ਦੀ ਰਚਨਾ ਜਗਦਗੁਰੂ ਸ਼ੰਕਰਾਚਾਰੀਆ ਜੀ ਨੇ ਕੀਤੀ ਅਤੇ ਉਸ ਦੀ ਭਰਪੂਰ ਢੰਗ ਨਾਲ ਨੱਕਾਸ਼ੀ ਵੀ ਕੀਤੀ ਪਰ ਆਤ੍ਰੇਯ ਆਸ਼ਰਮ ਨੂੰ ਉਨ੍ਹਾਂ ਨੇ ਵੀ ਉਵੇਂ ਦਾ ਉਵੇਂ ਹੀ ਰੱਖਿਆ।
ਸ਼ਾਇਦ ਕੁਦਰਤ ਦੀ ਇਸ ਮਹਾਨ ਵਿਰਾਸਤ ਨਾਲ ਜਗਦਗੁਰੂ ਸ਼ੰਕਰਾਚਾਰੀਆ ਜੀ ਨੇ ਵੀ ਛੇੜਛਾੜ ਠੀਕ ਨਹੀਂ ਸਮਝੀ। ਜਿਥੇ ਕੁਦਰਤ ਨੇ ਇਸ ਸਥਾਨ ਨੂੰ ਆਪਣੇ ਹੱਥਾਂ ਨਾਲ ਇੰਨਾ ਸੰਵਾਰਿਆ ਹੈ, ਉਥੇ ਹੀ ਸਰਕਾਰੀ ਤੌਰ ''ਤੇ ਇਥੇ ਕੋਈ ਵਿਕਾਸ ਨਹੀਂ ਹੋਇਆ। ਮੱਘਰ ਮਹੀਨੇ ਦੀ ਪੁੰਨਿਆ ਨੂੰ ਇਥੇ ਖਾਸ ਤਿਉਹਾਰ ਦਾ ਦਿਨ ਹੁੰਦਾ ਹੈ। ਇਸੇ ਦਿਨ ਭਗਵਾਨ ਦੱਤਾਤ੍ਰੇਯ ਮਾਂ ਅਨੁਸੂਈਆ ਦੇ ਗਰਭ ਤੋਂ ਪੈਦਾ ਹੋਏ ਸਨ। (ਉਰਵਸ਼ੀ)
—ਪੁਸ਼ਪਾ ਡਿਮਰੀ