ਦਰਾਵੜ ਇੰਜੀਨੀਅਰਿੰਗ ਦਾ ਕਮਾਲ, ਬ੍ਰਹਿਦੀਸ਼ਵਰ ਮੰਦਿਰ ਤੰਜੌਰ

10/9/2017 7:27:18 AM

ਬ੍ਰਹਿਦੀਸ਼ਵਰ ਮੰਦਿਰ ਤੰਜੌਰ (ਤਾਮਿਲਨਾਡੂ) ਵਿਚ ਸਥਿਤ ਇਕ ਬਹੁਤ ਹੀ ਖੂਬਸੂਰਤ ਸ਼ਿਵ ਮੰਦਿਰ ਹੈ, ਜੋ ਭਾਰਤ ਦੇ ਸਭ ਤੋਂ ਵੱਡੇ ਮੰਦਿਰਾਂ ਵਿਚ ਸ਼ੁਮਾਰ ਹੁੰਦਾ ਹੈ। ਇਸ ਮੰਦਿਰ ਦੀ ਉਸਾਰੀ ਚੋਲਾ ਵੰਸ਼ ਦੇ ਸਮਰਾਟ ਰਾਜਰਾਜਾ ਮਹਾਨ ਨੇ 1000 ਈ. ਵਿਚ ਸ਼ੁਰੂ ਕਰਵਾਈ ਸੀ, ਜੋ 1010 ਈ. ਵਿਚ ਮੁਕੰਮਲ ਹੋਈ। 2010 ਵਿਚ ਇਸ ਦੀ ਉਸਾਰੀ ਨੂੰ 1000 ਸਾਲ ਪੂਰੇ ਹੋ ਗਏ ਹਨ ਅਤੇ ਇਹ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਹੈ। ਇਸ ਮੰਦਿਰ ਦੀ ਹਰੇਕ ਵਸਤੂ ਵਿਸ਼ਾਲ, ਕੋਮਲ ਅਤੇ ਅਲੋਕਾਰ ਹੈ। ਇਹ ਮੰਦਿਰ ਚੋਲਾ ਵੰਸ਼ ਦੀ ਸ਼ਰਧਾ, ਤਾਕਤ, ਤਕਨੀਕੀ ਗਿਆਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ।
ਪ੍ਰਾਚੀਨ ਕਾਲ ਤੋਂ ਹੀ ਇਹ ਮੰਦਿਰ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਹਰੇਕ ਨਵੇਂ ਸਮਰਾਟ ਦਾ ਰਾਜ ਤਿਲਕ ਇਥੇ ਹੀ ਕੀਤਾ ਜਾਂਦਾ ਸੀ। ਰਾਜ ਪਰਿਵਾਰ ਮੁੱਖ ਸਮਾਰੋਹਾਂ ਅਤੇ ਧਾਰਮਿਕ ਮੌਕਿਆਂ 'ਤੇ ਇਥੇ ਪੂਜਾ ਕਰਦਾ ਸੀ। ਇਹ ਖਾਲਸ ਦਰਾਵੜ ਭਵਨ ਨਿਰਮਾਣ ਕਲਾ, ਮੂਰਤੀ ਕਲਾ, ਚਿੱਤਰਕਲਾ ਅਤੇ ਕਾਂਸੀ ਦੇ ਬੁੱਤ ਬਣਾਉਣ ਦੀ ਕਲਾ ਦਾ ਸਿਖਰ ਹੈ। ਮੰਦਿਰ ਦੇ ਇਕ ਸ਼ਿਲਾਲੇਖ ਮੁਤਾਬਿਕ ਇਸ ਮੰਦਿਰ ਦਾ ਡਿਜ਼ਾਈਨਰ ਅਤੇ ਇੰਜੀਨੀਅਰ ਕੁੰਜਾਰਾ ਮੱਲਨ ਰਾਜਾ ਰਾਮ ਪੇਰੂਥਨ ਸੀ।  ਇਸ ਮੰਦਿਰ ਦੀ ਨਿਰਮਾਣ ਕਲਾ ਦੀਆਂ ਬਾਰੀਕੀਆਂ ਵੇਖ ਕੇ ਹਰ ਕੋਈ ਅਸ਼-ਅਸ਼ ਕਰ ਉੱਠਦਾ ਹੈ। ਇਸ ਦੀ ਨੀਂਹ ਤੋਂ ਸਿਖਰ ਤਕ ਕੁਲ ਉੱਚਾਈ 60 ਮੀਟਰ 18 ਇੰਚ ਹੈ, ਜੋ ਸੰਸਾਰ ਦੇ ਸਭ ਤੋਂ ਉੱਚੇ ਮੰਦਿਰਾਂ ਵਿਚ ਆਉਂਦੀ ਹੈ। ਮੁੱਖ ਦੁਆਰ 'ਤੇ ਤਾਇਨਾਤ ਨੰਦੀ ਬਲਦ ਦੀ ਇਕੋ ਪੱਥਰ ਤੋਂ ਘੜੀ ਗਈ ਮੂਰਤੀ 16 ਫੁੱਟ ਲੰਬੀ ਤੇ 13 ਫੁੱਟ ਉੱਚੀ ਹੈ। ਇਹ ਭਾਰਤ ਵਿਚ ਲੈਪਾਕਸ਼ੀ ਮੰਦਿਰ (ਆਂਧਰਾ ਪ੍ਰਦੇਸ਼) ਤੋਂ ਬਾਅਦ ਦੂਸਰੀ ਸਭ ਤੋਂ ਵੱਡੀ ਮੂਰਤੀ ਹੈ। ਇਕੋ ਪੱਥਰ ਤੋਂ ਘੜੇ ਗਏ ਮੁੱਖ ਗੁੰਬਦ ਦਾ ਵਜ਼ਨ ਕਰੀਬ 100 ਟਨ ਹੈ।  2000 ਸੰਨ ਤਕ ਇਹ ਪਤਾ ਨਹੀਂ ਚੱਲ ਸਕਿਆ ਕਿ ਐਨਾ ਵਜ਼ਨੀ ਗੁੰਬਦ ਸਿਖਰ ਤਕ ਕਿਵੇਂ ਪਹੁੰਚਾਇਆ ਗਿਆ ਹੋਵੇ? ਉਸ ਜ਼ਮਾਨੇ ਵਿਚ ਸਿਰਫ ਹਥੌੜੀ-ਛੈਣੀ ਦੀ ਮਦਦ ਨਾਲ ਅਜਿਹਾ ਕਲਾ ਦਾ ਨਾਯਾਬ ਨਮੂਨਾ ਖੜ੍ਹਾ ਕਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ। ਸਾਰਾ ਮੰਦਿਰ ਗਰੇਨਾਈਟ ਪੱਥਰ ਦਾ ਬਣਿਆ ਹੈ, ਜਿਸ ਦੀਆਂ ਖਾਣਾਂ ਉਥੋਂ 80 ਕਿ. ਮੀ. ਦੂਰ ਹਨ। ਐਨੇ ਵੱਡੇ-ਵੱਡੇ ਪੱਥਰਾਂ ਦੇ ਬਲਾਕ ਬਿਨਾਂ ਕਿਸੇ ਮਸ਼ੀਨਰੀ ਤੋਂ ਢੋਅ ਕੇ ਇਥੇ ਪਹੁੰਚਾਉਣੇ ਵੀ ਹੈਰਾਨੀ ਵਾਲੀ ਗੱਲ ਹੈ। ਇਸੇ ਲਈ ਕਿਹਾ ਜਾਂਦਾ ਸੀ ਕਿ ਇਹ ਮੰਦਿਰ ਦੇਵਤਿਆਂ ਨੇ ਖ਼ੁਦ ਆਪ ਤਿਆਰ ਕੀਤਾ ਸੀ।  ਇਸ ਮੰਦਿਰ ਦਾ ਥੜ੍ਹਾ 60 ਫੁੱਟ 7 ਇੰਚ ਉੱਚਾ ਹੈ ਅਤੇ ਭਾਰਤ ਨਾਟਿਅਮ ਦੀਆਂ 108 ਮੁਦਰਾਵਾਂ ਨਾਲ ਸਜਿਆ ਹੋਇਆ ਹੈ। ਇਸ ਮੰਦਿਰ ਸਮੂਹ ਵਿਚ ਸਮੇਂ-ਸਮੇਂ 'ਤੇ ਪਾਂਡਿਆ, ਵਿਜੇਨਗਰ, ਤੰਜੌਰ ਦੇ ਨਾਇਕਾਂ ਅਤੇ ਮਰਾਠਾ ਸ਼ਾਸਕਾਂ ਦੁਆਰਾ ਵਾਧਾ ਕੀਤਾ ਗਿਆ। ਮੰਦਿਰ ਦੀਆਂ ਬਾਹਰੀ ਸੁਰੱਖਿਆ ਦੀਵਾਰਾਂ ਦਾ ਘੇਰਾ 270 ਮੀਟਰ ਗੁਣਾ 140 ਮੀਟਰ ਹੈ ਅਤੇ ਇਸ ਦੇ ਦੁਆਲੇ ਸੁਰੱਖਿਆ ਲਈ ਦੀਵਾਰ ਬਣੀ ਹੋਈ ਹੈ। ਮੰਦਿਰ ਦੀਆਂ 16 ਮੰਜ਼ਿਲਾਂ ਹਨ, ਜਿਨ੍ਹਾਂ ਨੂੰ ਸ਼ਾਨਦਾਰ ਨੱਕਾਸ਼ੀ ਨਾਲ ਸਜਾਇਆ ਗਿਆ ਹੈ। ਪ੍ਰਵੇਸ਼ ਦੁਆਰ ਦੀ ਉੱਚਾਈ 30 ਮੀਟਰ ਹੈ। ਮੁੱਖ ਮੰਦਿਰ ਇਕ ਆਸ਼ਰਮ, ਨੰਦੀ ਬਲਦ, ਇਕ ਪ੍ਰਾਰਥਨਾ ਹਾਲ ਅਤੇ ਹੋਰ ਅਨੇਕਾਂ ਛੋਟੇ ਮੰਦਿਰਾਂ ਦੇ ਵਿਚਕਾਰ ਉਸਾਰਿਆ ਗਿਆ ਹੈ। ਗਰਭਗ੍ਰਹਿ ਵਿਚ ਸਥਾਪਿਤ ਮੁੱਖ ਸ਼ਿਵ ਲਿੰਗਮ ਦੀ ਉੱਚਾਈ 29 ਫੁੱਟ 2 ਇੰਚ ਹੈ। ਗਰਭਗ੍ਰਹਿ ਤੋਂ ਲੈ ਕੇ ਗੁੰਬਦ ਤਕ ਹਰ ਮੰਜ਼ਿਲ 'ਤੇ ਚੌੜਾਈ ਘਟਦੀ ਜਾਂਦੀ ਹੈ।  ਹਰੇਕ ਮੰਜ਼ਿਲ ਨੂੰ ਅਲੋਕਾਰ ਮੀਨਾਕਾਰੀ ਕਰ ਕੇ ਦੇਵਤਿਆਂ, ਅਪਸਰਾਵਾਂ, ਮਹਾਭਾਰਤ-ਰਾਮਾਇਣ ਦੇ ਦ੍ਰਿਸ਼, ਜਾਨਵਰਾਂ, ਪੰਛੀਆਂ ਅਤੇ ਬ੍ਰਿਛਾਂ ਦੀਆਂ ਮੂਰਤੀਆਂ ਨਾਲ ਸਜਾਇਆ ਗਿਆ ਹੈ। ਗਰਭਗ੍ਰਹਿ ਦੇ ਪੂਰਬ ਵੱਲ ਇਕ ਹਾਲ ਹੈ, ਜਿੱਥੇ ਰਾਜਰਾਜਾ ਮਹਾਨ ਗਰੀਬਾਂ ਅਤੇ ਲੋੜਵੰਦਾਂ ਨੂੰ ਦਾਨ ਦਿਆ ਕਰਦਾ ਸੀ। ਇਹ ਮੰਦਿਰ ਮੁੱਖ ਤੌਰ 'ਤੇ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਪਰ ਗਰਭਗ੍ਰਹਿ ਦੇ ਦੁਆਲੇ ਦਕਸ਼ਿਨ ਮੂਰਤੀ, ਸੂਰਜ ਅਤੇ ਚੰਦਰ ਦੇਵਤੇ ਦੀਆਂ ਵਿਸ਼ਾਲ ਮੂਰਤੀਆਂ ਵੀ ਬਣੀਆਂ ਹੋਈਆਂ ਹਨ। ਇਸ ਮੰਦਿਰ ਵਿਚ ਅਸ਼ਟ ਦਿਕਪਾਲ (ਇੰਦਰ, ਅਗਨੀ, ਯਮ, ਨਿਰਤੀ, ਵਰੁਣ, ਵਾਯੂ, ਕੁਬੇਰ, ਇਸਨ) ਦੀਆਂ 6-6 ਫੁੱਟ ਦੀਆਂ ਮੂਰਤੀਆਂ ਵੀ ਸਥਾਪਿਤ ਹਨ।
ਇਸ ਮੰਦਿਰ ਨੂੰ ਬਣਾਉਣ ਲਈ 10 ਸਾਲ ਲੱਗੇ ਸਨ ਤੇ ਹਜ਼ਾਰਾਂ ਮਜ਼ਦੂਰਾਂ, ਮਿਸਤਰੀਆਂ ਅਤੇ ਇੰਜੀਨੀਅਰਾਂ ਨੇ ਇਸ ਵਿਚ ਯੋਗਦਾਨ ਪਾਇਆ। ਇਸ 'ਤੇ ਉਸ ਸਮੇਂ ਅਨੁਸਾਰ ਕੋਈ 100 ਕਰੋੜ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ। ਇਸ ਦੀ ਉਸਾਰੀ ਵਿਚ 60,000 ਟਨ ਗਰੇਨਾਈਟ ਵਰਤਿਆ ਗਿਆ ਸੀ। ਇਸ  ਮੰਦਿਰ ਵਿਚ ਮੂਰਤੀਆਂ ਤੋਂ ਇਲਾਵਾ ਚਿੱਤਰਕਾਰੀ ਵੀ ਅੱਵਲ ਦਰਜੇ ਦੀ ਹੈ। ਭਗਵਾਨ ਸ਼ਿਵ ਨੂੰ ਤਾਂਡਵ ਕਰਦੇ, ਦਾਨਵਾਂ ਦਾ ਸੰਹਾਰ ਕਰਦੇ ਅਤੇ ਇਕ ਭਗਤ ਨੂੰ ਸਵਰਗ ਭੇਜਣ ਲਈ ਚਿੱਟਾ ਹਾਥੀ ਭੇਜਦੇ ਹੋਏ ਵਰਗੇ ਅਨੇਕਾਂ ਬਹੁਤ ਹੀ ਕੋਮਲ ਚਿੱਤਰ ਬਣੇ ਹੋਏ ਹਨ।  ਪ੍ਰਾਚੀਨ ਕਾਲ ਤੋਂ ਹੀ ਮੰਦਿਰ ਦੀ ਸਾਂਭ-ਸੰਭਾਲ ਲਈ ਸੈਂਕੜੇ ਪੁਜਾਰੀ ਅਤੇ ਪ੍ਰਬੰਧਕ ਤਾਇਨਾਤ ਹਨ। ਪੁਰਾਣੇ ਦਿਨਾਂ ਵਿਚ ਮੰਦਿਰ ਧਾਰਮਿਕ ਤੋਂ ਇਲਾਵਾ ਵਪਾਰਕ ਗਤੀਵਿਧੀਆਂ ਦਾ ਵੀ ਕੇਂਦਰ ਸੀ। ਇਸ ਦੇ ਆਸਪਾਸ ਮੁੱਖ ਮੰਡੀਆਂ ਲੱਗਦੀਆਂ ਸਨ। ਮਸ਼ਹੂਰ ਸੰਗੀਤਕਾਰਾਂ ਅਤੇ ਡਾਂਸਰਾਂ ਦੁਆਰਾ ਇਥੇ ਭਾਰਤਨਾਟਿਅਮ ਪੇਸ਼ ਕਰਨਾ ਬਹੁਤ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ। ਮੰਦਿਰ ਦੇ 1000 ਸਾਲ ਪੂਰੇ ਹੋਣ 'ਤੇ ਤਾਮਿਲਨਾਡੂ ਸਰਕਾਰ ਨੇ ਵੱਡੀ ਪੱਧਰ 'ਤੇ ਜਸ਼ਨ ਕੀਤੇ ਸਨ। ਭਾਰਤ ਤੋਂ ਇਲਾਵਾ ਸਿੰਗਾਪੁਰ, ਮਲੇਸ਼ੀਆ, ਇੰਗਲੈਂਡ ਅਤੇ ਅਮਰੀਕਾ ਤੋਂ 1000 ਚੋਟੀ ਦੇ ਭਾਰਤਨਾਟਿਅਮ ਕਲਾਕਾਰ ਬੁਲਾ ਕੇ ਦੋ ਦਿਨ ਤਕ ਉਤਸਵ ਮਨਾਇਆ ਗਿਆ।    (ਮੋ. 98151-24449)