ਇਕ-ਦੂਜੇ ਦੇ ਪੂਰਕ ਹਨ ਵਿਗਿਆਨ ਤੇ ਅਧਿਆਤਮ

5/27/2016 1:38:36 PM

ਮੰਨਿਆ ਜਾਂਦਾ ਹੈ ਕਿ ਵਿਗਿਆਨ ਤੇ ਅਧਿਆਤਮ ਇਕ-ਦੂਜੇ ਦੇ ਵਿਰੋਧੀ ਤੇ ਵਿਰੋਧਾਭਾਸੀ ਹਨ। ਅਕਸਰ ਇਹ ਆਮ ਧਾਰਨਾ ਲੋਕਾਂ ਦੇ ਦਿਮਾਗ ਵਿਚ ਸਮਾ ਜਾਂਦੀ ਹੈ ਕਿ ਉਹ ਇਸ ਤੋਂ ਅਲੱਗ ਸੋਚਣਾ ਨਹੀਂ ਚਾਹੁੰਦੇ ਪਰ ਇਹੀ ਸੋਚ ਅਸਲ ਵਿਚ ਵਿਚਾਰਕ ਵਿਕਾਸ ਦੇ ਰੁਕਣ ਦਾ ਵੀ ਸੰਕੇਤ ਹੈ।
ਜਦੋਂ ਅਸੀਂ ਅਧਿਆਤਮ ਨੂੰ ਇਕ ਹੱਦ ਵਿਚ ਕੈਦ ਕਰ ਦਿੰਦੇ ਹਾਂ, ਉਸ ਵੇਲੇ ਵੀ ਅਤੇ ਜਦੋਂ ਅਸੀਂ ਵਿਗਿਆਨ ਦੀ ਵਰਤੋਂ ਤਬਾਹੀ ਲਈ ਕਰਨ ਲੱਗਦੇ ਹਾਂ, ਉਸ ਵੇਲੇ ਵੀ ਦੋਵਾਂ ਹੀ ਤਰੀਕਿਆਂ ਨਾਲ ਅਸੀਂ ਤਬਾਹੀ ਵੱਲ ਕਦਮ ਵਧਾਉਂਦੇ ਹਾਂ ਅਤੇ ਵਿਕਾਸ ਤੋਂ ਕੋਹਾਂ ਦੂਰ ਚਲੇ ਜਾਂਦੇ ਹਾਂ। ਅਧਿਆਤਮ ਤੇ ਵਿਗਿਆਨ ਦੋਵਾਂ ਦੀ ਉਤਪਤੀ ਸਿਰਜਣਾ ਦੇ ਮੂਲ ਮੰਤਰ ਨਾਲ ਹੋਈ ਹੈ।
ਸ੍ਰਿਸ਼ਟੀ ਨੇ ਇਹ ਵਿਸ਼ੇ ਬਾਹਰਲੇ ਜਗਤ ਅਤੇ ਅੰਤਰ-ਆਤਮਾ ਨੂੰ ਜੋੜਨ ਦੇ ਉਦੇਸ਼ ਨਾਲ ਤੋਹਫੇ ਵਜੋਂ ਮਨੁੱਖ ਨੂੰ ਦਿੱਤੇ ਹਨ। ਵਿਗਿਆਨ ਤੇ ਅਧਿਆਤਮ ਆਪਸੀ ਦੁਸ਼ਮਣ ਨਹੀਂ ਸਗੋਂ ਦੋਸਤ ਹਨ, ਇਕ-ਦੂਜੇ ਦੇ ਪੂਰਕ ਹਨ। ਵਿਗਿਆਨ ਸਾਨੂੰ ਅਧਿਆਤਮ ਨਾਲ ਜੋੜਦਾ ਹੈ ਅਤੇ ਅਧਿਆਤਮ ਵਿਗਿਆਨਕ ਢੰਗ ਨਾਲ ਸੋਚਣ ਦੀ ਸਮਰੱਥਾ ਦਿੰਦਾ ਹੈ। ਵਿਗਿਆਨ ਦਾ ਆਧਾਰ ਹੈ ਦਲੀਲ ਤੇ ਨਵੀਂ ਖੋਜ। ਕਿਸੇ ਵੀ ਧਰਮ ਗ੍ਰੰਥ ਵਿਚ ਇਹ ਗੱਲਾਂ ਨਹੀਂ ਦੱਸੀਆਂ ਗਈਆਂ। ਇਸ ਲਈ ਅਧਿਆਤਮ ਤੇ ਵਿਗਿਆਨ ਵਿਚਕਾਰ ਇਕੋ ਜਿਹੀਆਂ ਸਮਾਨਤਾਵਾਂ ਤੇ ਇਕੋ ਜਿਹੇ ਵਿਰੋਧਾਭਾਸ ਹਨ। ਜੇ ਵਿਗਿਆਨ ਬਾਹਰਲੀ ਸੋਚ ਦੀ ਖੋਜ ਹੈ ਤਾਂ ਅਧਿਆਤਮ ਅੰਤਰ-ਆਤਮਾ ਦੇ ਸੱਚ ਨੂੰ ਜਾਣਨ ਦਾ ਜ਼ਰੀਆ ਹੈ। ਦੋਵਾਂ ਹੀ ਮਾਧਿਅਮਾਂ ਰਾਹੀਂ ਅਸੀਂ ਇਸ ਸੱਚ ਨੂੰ ਜਾਣਨ ਲਈ ਗਿਆਨ ਦੇ ਰਸਤੇ ''ਤੇ ਵਧਦੇ ਹਾਂ। ਇਸ ਦਾ ਉਦੇਸ਼ ਉਪਰੋਕਤ ਸੱਚ ਨੂੰ ਜਾਣ ਕੇ, ਉਸ ''ਤੇ ਅਮਲ ਕਰ ਕੇ ਪ੍ਰਾਣੀ ਜਗਤ ਦੀ ਭਲਾਈ ਲਈ ਉਸ ਦੀ ਵਰਤੋਂ ਕਰਨਾ ਹੁੰਦਾ ਹੈ।
ਦੋਵਾਂ ਥਾਵਾਂ ''ਤੇ ਗਿਆਨ ਦਾ ਅਥਾਹ ਖੇਤਰ ਹੈ। ਵਿਗਿਆਨ ਰਾਹੀਂ ਤੁਸੀਂ ਕੁਦਰਤ ਨਾਲ ਪਿਆਰ ਕਰਨਾ ਸਿੱਖਦੇ ਹੋ। ਤਕਨੀਕ ਜਾਂ ਵਿਗਿਆਨ ਕਦੇ ਵੀ ਪ੍ਰਾਣੀਆਂ ਨੂੰ ਜਾਤ ਜਾਂ ਧਰਮ ਦੇ ਨਾਂ ''ਤੇ ਨਹੀਂ ਵੰਡਦਾ ਅਤੇ ਇਹੀ ਅਧਿਆਤਮ ਦਾ ਅਸਲ ਅਰਥ ਵੀ ਹੈ। ਜੇ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਸਮਾਜ ਦੇ ਵਿਕਾਸ ਲਈ ਵਰਤੋਂ ਵਿਚ ਲਿਆਂਦਾ ਜਾਵੇ ਤਾਂ ਹੀ ਇਨ੍ਹਾਂ ਦੀ ਅਸਲ ਪਰਿਭਾਸ਼ਾ ਸਾਰਥਕ ਹੁੰਦੀ ਹੈ।
ਜਿਵੇਂ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਲਈ ਵਿਗਿਆਨਕ ਢੰਗਾਂ ਤੇ ਖੋਜਾਂ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਮਨ ਨੂੰ ਸਿਹਤਮੰਦ ਬਣਾਈ ਰੱਖਣ ਲਈ ਅਧਿਆਤਮ ਰੂਪੀ ਵਿਚਾਰ ਜ਼ਰੂਰੀ ਹੁੰਦੇ ਹਨ। ਇਨ੍ਹਾਂ ਦੋਵਾਂ ਦੋਸਤਾਂ ਦੀ ਦੋਸਤੀ ਨੂੰ ਅਟੁੱਟ ਬਣਾ ਕੇ ਸਮਾਜ ਵਿਚ ਸ਼ਾਂਤੀ ਤੇ ਸਨੇਹ ਦਾ ਮਾਹੌਲ ਬਣਾਇਆ ਜਾ ਸਕਦਾ ਹੈ।