ਵਿਆਖਿਆ ਸ੍ਰੀ ਜਪੁ ਜੀ ਸਾਹਿਬ

5/29/2017 7:58:19 AM

ਅਸੀਂ ਇਨ੍ਹਾਂ ਗੱਲਾਂ ਦੀ ਜ਼ਿਆਦਾ ਚਰਚਾ ਨਹੀਂ ਕਰਨਾ ਚਾਹੁੰਦੇ, ਕਿਸੇ ਦੀ ਨਿੰਦਾ ਕਰਨ ਦਾ ਭਾਉ ਤਾਂ ਰਾਈ ਭਰ ਵੀ ਨਹੀਂ, ਸਿਰਫ ਮਜਬੂਰ ਹੋ ਕੇ ਇਹ ਲਿਖ ਰਹੇ ਹਾਂ। ਸਾਡਾ ਭਾਉ ਸਿਰਫ ਅਨਹਦ ਨਾਦਾਂ ਦੀ ਗੰਭੀਰਤਾ ਅਤੇ ਸੂਖ਼ਮਤਾ ਨੂੰ ਹੀ ਦਰਸਾਉਣਾ ਹੈ। ਦੂਜਾ ਸਤਰ ਹੈ—ਅਨਹਦ ਨਾਦਾਂ ਦਾ ਤੇ ਅੰਤਰਮੁਖੀ ਹੋਏ ਮਨ (ਸੁਰਤਿ) ਦਾ ਆਪਸ ''ਚ ਮੇਲ-ਮਿਲਾਪ। ਜਦ ਸਿੱਖ ਦੀ ਸੁਰਤਿ-ਅਨਹਦ ਨਾਦਾਂ ਨੂੰ ਸੁਣਦੀ ਹੈ ਤਾਂ ਇਹ ਨਾਦ ਸੁਰਤਿ ਨੂੰ ਆਪਣੇ ਵੱਲ ਖਿੱਚਦੇ ਹਨ, ਜਿਵੇਂ ਇਕ ਚੁੰਬਕ ਲੋਹੇ ਦੇ ਕਣਾਂ ਨੂੰ ਖਿੱਚਦੈ ਜਾਂ ਜਿਵੇਂ ਇਕ ਪਤੰਗਾ ਦੀਪਕ ਵੱਲ ਖਿੱਚਿਆ ਚਲਿਆ ਜਾਂਦੈ ਜਾਂ ਗੰਗਾ ਹਿਮਾਲਿਆ ਤੋਂ ਨਿਕਲ ਕੇ ਸਮੁੰਦਰ ਵੱਲ ਛਲਾਂਗਾਂ ਮਾਰਦੀ ਜਾਂਦੀ ਐ। ਇਸ ਤਰ੍ਹਾਂ ਨਾਦ ਸਰਵਣ ਕਰਦੇ ਰਹਿਣ ਨਾਲ ਮਨ ਪਵਿੱਤਰ ਹੁੰਦੈ—ਤਨ ਮਨ ਦਾ ਮੈਲ ਧੋਤਾ ਜਾਂਦੈ, ਅੰਦਰੋ-ਅੰਦਰ ਸਾਰੀਆਂ ਨਾੜੀਆਂ ਖੁੱਲ੍ਹਦੀਆਂ ਜਾਂਦੀਆਂ ਹਨ। ਇਹ ਵੀ ਅੱਜਕਲ ਦੀ ਭਾਸ਼ਾ ''ਚ ਕੁੰਡਲਿਨੀ ਸ਼ਕਤੀ ਦਾ ਜਾਗਰਣ ਹੈ।
ਹੱਠਯੋਗ ਦੀਆਂ ਕਠਿਨ ਸਾਧਨਾਵਾਂ ਤੋਂ ਵੱਖ ਸ਼ਕਤੀ ਜਾਗਰਣ ਦਾ ਸਹਿਜ ਤੇ ਸੌਖਾ ਰਸਤਾ ਗੁਰੂ ਸਾਹਿਬ ਨੇ ਦੱਸਿਆ ਹੈ। ਜਦ ਨਾਭਿ ਕਮਲ ਦੇ ਮੂਲਧਾਰ ਤੋਂ ਨਾਦ ਉੱਠਦਾ ਹੋਇਆ ਤੇ ਕਈ ਰੰਗਤਾਂ ਬਿਖੇਰਦਾ ਹੋਇਆ—ਸੁਖਮਨਾ ਵੱਲ ਚੜ੍ਹਾਈ ਕਰਦੈ ਤਾਂ ਹੱਠਯੋਗ ਦੀਆਂ ਕਠਿਨ ਸਾਧਨਾਵਾਂ ਆਪਣੇ ਆਪ ਸਿੱਧ ਹੋ ਜਾਂਦੀਆਂ ਹਨ। ਕੁੰਡਲਿਨੀ ਸ਼ਕਤੀ (ਸ਼ਿਵਾ) ਜਾਗਰਣ ਦੀ ਇਹ ਪੱਕੀ ਕਸਵੱਟੀ ਵੀ ਹੈ—ਇਹ ਹੀ ਨਾਦ ਜਾਗਰਣ ਦਾ ਦੂਜਾ ਸਤਰ ''ਬਿਨੋਦ'' ਹੈ। ਨਾਦ ਕਾਰਨ ਪ੍ਰਫੁੱਲਿਤ ਹੋ ਰਹੀਆਂ ਪ੍ਰਾਣਾਂ ਦੀਆਂ ਨਾੜੀਆਂ ਵਿਚ ਜਦ ਸੁਰਤਿ ਅਤੇ ਨਾਦ ਦੇ ਮਿਲਾਪ ਤੋਂ ਅਨੇਕਾਂ ਨਜ਼ਾਰੇ ਪ੍ਰਗਟ ਹੁੰਦੇ ਹਨ—ਇਹ ਹੀ ''ਬਿਨੋਦ'' ਹੈ। ਪ੍ਰਾਣੀ ਗਦਗਦ ਹੋਇਆ ਨੱਚਦਾ, ਗਾਉਂਦਾ ਤੇ ਝੂਮਦਾ ਹੈ, ਪ੍ਰਭੂ ਨਾਮ ਦੀ ਮਸਤੀ ''ਚ ਇਹ ਹੀ ਮਨ ਦੀ ਬਿਨੋਦ ਅਵਸਥਾ ਹੈ। ਮਨ ਹੀ ਨਹੀਂ, ਪ੍ਰਾਣ ਤੇ ਸਰੀਰ ਵੀ ਹਲਕੇ-ਫੁਲਕੇ ਹੋ ਕੇ ਜਦ ਨਾਮ ਤੇ ਨਾਦ ਦੀ ਤਾਲ ''ਤੇ ਝੂਮ ਉੱਠਦੇ ਹਨ—ਇਹ ਹੀ ਬਿਨੋਦ ਦੀ ਅਵਸਥਾ ਹੈ।