ਵਿਦਵਾਨ ਦੀ ਨਿਰਪੱਖਤਾ

9/9/2017 11:58:10 AM

ਮਹਾਰਾਸ਼ਟਰ ਦੇ ਵਿਦਵਾਨ ਰਾਮ ਸ਼ਾਸਤਰੀ ਨੂੰ ਪੇਸ਼ਵਾ ਦੇ ਦਰਬਾਰ ਵਿਚ ਪ੍ਰਮੁੱਖ ਸਥਾਨ ਹਾਸਿਲ ਸੀ। ਉਨ੍ਹਾਂ ਨੂੰ ਦਾਨ ਮੁਖੀ ਦਾ ਅਹੁਦਾ ਵੀ ਦਿੱਤਾ ਗਿਆ ਸੀ। ਹਰੇਕ ਵਿਅਕਤੀ ਜਾਂ ਵਿਦਵਾਨ ਨੂੰ ਉਹ ਆਪਣੇ ਹੱਥੋਂ ਦਾਨ ਦਿੰਦੇ ਸਨ। ਦਾਨ ਦੇਣ ਦੌਰਾਨ ਉਹ ਇਸ ਗੱਲ ਦਾ ਧਿਆਨ ਰੱਖਦੇ ਸਨ ਕਿ ਉਨ੍ਹਾਂ ਦੇ ਵਤੀਰੇ ਤੋਂ ਕੋਈ ਪੱਖਪਾਤ ਮਹਿਸੂਸ ਨਾ ਕਰੇ। 
ਇਕ ਵਾਰ ਸ਼ਾਸਤਰੀ ਜੀ ਵਿਦਵਾਨਾਂ ਨੂੰ ਭੇਟਾ ਦੇ ਰਹੇ ਸਨ। ਸੰਜੋਗ ਨਾਲ ਉਨ੍ਹਾਂ ਵਿਦਵਾਨਾਂ ਵਿਚ ਉਨ੍ਹਾਂ ਦੇ ਦੂਰ ਦੇ ਇਕ ਭਰਾ ਵੀ ਸ਼ਾਮਿਲ ਸਨ। ਨਾਨਾ ਫੜਨਵੀਸ ਰਾਮ ਸ਼ਾਸਤਰੀ ਜੀ ਦੇ ਭਰਾ ਨੂੰ ਦੇਖ ਕੇ ਉਨ੍ਹਾਂ ਨੂੰ ਹੌਲੀ ਜਿਹੇ ਬੋਲੇ, ''ਉਹ ਤਾਂ ਤੁਹਾਡੇ ਰਿਸ਼ਤੇਦਾਰ ਹਨ। ਮੇਰੇ ਵਿਚਾਰ ਅਨੁਸਾਰ ਤੁਹਾਨੂੰ ਉਨ੍ਹਾਂ ਨੂੰ ਹੋਰਨਾਂ ਲੋਕਾਂ ਤੋਂ ਜ਼ਿਆਦਾ ਭੇਟਾ ਦੇਣੀ ਚਾਹੀਦੀ ਹੈ।''
ਨਾਨਾ ਦੀ ਗੱਲ ਸੁਣ ਕੇ ਰਾਮ ਸ਼ਾਸਤਰੀ ਜੀ ਬੋਲੇ, ''ਮੇਰਾ ਭਰਾ ਭੇਟਾ ਪ੍ਰਾਪਤ ਵਿਦਵਾਨਾਂ ਵਾਂਗ ਹੀ ਹੈ। ਜਦੋਂ ਉਨ੍ਹਾਂ ਸਾਰਿਆਂ ਨੂੰ ਬਰਾਬਰ ਭੇਟਾ ਦਿੱਤੀ ਗਈ ਹੈ ਤਾਂ ਮੇਰੇ ਭਰਾ ਨੂੰ ਜ਼ਿਆਦਾ ਭੇਟਾ ਕਿਉਂ ਦਿੱਤੀ ਜਾਵੇ? ਇਹ ਹੋਰ ਵਿਦਵਾਨਾਂ ਨਾਲ ਪੱਖਪਾਤ ਕਰਨ ਵਾਲੀ ਗੱਲ ਹੋਵੇਗੀ।''
ਨਾਨਾ ਫੜਨਵੀਸ ਬੋਲੇ, ''ਬਈ ਵਾਹ ਰਾਮ ਸ਼ਾਸਤਰੀ, ਬਹੁਤ ਉੱਚ ਵਿਚਾਰ ਹਨ ਤੇਰੇ। ਤੇਰਾ ਨਿਰਪੱਖ ਵਤੀਰਾ ਸਾਡੇ ਦਿਲ ਨੂੰ ਛੂਹ ਗਿਆ। ਸਾਨੂੰ ਮਾਣ ਹੋ ਰਿਹਾ ਹੈ ਕਿ ਇਕ ਬਹੁਤ ਯੋਗ ਵਿਅਕਤੀ ਦਰਬਾਰ ਵਿਚ ਵੱਡੇ ਅਹੁਦੇ 'ਤੇ ਬਿਰਾਜਮਾਨ ਹੈ।''
ਇਸ ਪ੍ਰਸ਼ੰਸਾ 'ਤੇ ਰਾਮ ਸ਼ਾਸਤਰੀ ਜੀ ਮੁਸਕਰਾ ਪਏ। ਭੇਟਾ ਦਾ ਕੰਮ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਸਾਰੇ ਵਿਦਵਾਨਾਂ ਨੂੰ ਸਤਿਕਾਰ ਸਹਿਤ ਵਿਦਾ ਕੀਤਾ ਪਰ ਭਰਾ ਨੂੰ ਆਪਣੇ ਨਾਲ ਘਰ ਲੈ ਗਏ ਅਤੇ ਉਥੇ ਉਨ੍ਹਾਂ ਦਾ ਬਣਦਾ ਸਤਿਕਾਰ ਕੀਤਾ। ਉਨ੍ਹਾਂ ਦੇ ਵਤੀਰੇ ਤੋਂ ਬਾਗੋਬਾਗ ਭਰਾ ਬੋਲਿਆ, ''ਤੁਸੀਂ ਨਿਰਪੱਖ ਹੀ ਨਹੀਂ, ਸਿਆਣੇ ਵੀ ਹੋ। ਹਰ ਵਿਅਕਤੀ ਨੂੰ ਬਣਦਾ ਸਤਿਕਾਰ ਦੇਣਾ ਕੋਈ ਤੁਹਾਡੇ ਤੋਂ ਸਿੱਖੇ। ਤੁਸੀਂ ਦਰਬਾਰ ਵਿਚ ਵਿਦਵਾਨਾਂ ਦੀ ਮਰਿਆਦਾ ਰੱਖੀ ਤਾਂ ਮੇਰੇ ਰਿਸ਼ਤੇ ਦਾ ਮਾਣ ਰੱਖਣ ਵਿਚ ਵੀ ਪਿੱਛੇ ਨਹੀਂ ਰਹੇ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਤੁਹਾਡੇ ਵਰਗੇ ਇਨਸਾਨ ਦਾ ਭਰਾ ਹਾਂ। ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਪੂਰੀ ਜ਼ਿੰਦਗੀ ਤੁਹਾਡੇ ਆਦਰਸ਼ਾਂ ਅਨੁਸਾਰ ਚੱਲਦਾ ਰਹਾਂ।''