ਸੰਤ ਦੀ ਸਹਿਣਸ਼ੀਲਤਾ

5/29/2016 1:14:21 PM

ਸੰਤ ਤਿਰੁਵੱਲੁਵਰ ਆਪਣੀ ਸੱਜਣਤਾ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੀ ਕੁਟੀਆ ਨੇੜੇ ਇਕ ਪਰਿਵਾਰ ਰਹਿੰਦਾ ਸੀ। ਉਸ ਵਿਚ ਸੋਹਣੀ ਕੁੜੀ ਵੀ ਸੀ। ਇਕ ਦਿਨ ਉਸ ਕੁੜੀ ਦੇ ਮਾਪਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਅਣਵਿਆਹੀ ਬੇਟੀ ਗਰਭਵਤੀ ਹੈ। ਕੁੜੀ ਦੇ ਮਾਪੇ ਬਹੁਤ ਗੁੱਸੇ ਹੋਏ ਅਤੇ ਉਨ੍ਹਾਂ ਉਸ ਤੋਂ ਉਸ ਦੇ ਹੋਣ ਵਾਲੇ ਬੱਚੇ ਦੇ ਪਿਤਾ ਦਾ ਨਾਂ ਪੁੱਛਿਆ।
ਕੁੜੀ ਨੇ ਡਰਦੀ ਮਾਰੀ ਨੇ ਆਪਣੇ ਪ੍ਰੇਮੀ ਦਾ ਨਾਂ ਨਾ ਦੱਸ ਕੇ ਸੰਤ ਤਿਰੁਵੱਲੁਵਰ ਨੂੰ ਆਪਣੇ ਹੋਣ ਵਾਲੇ ਬੱਚੇ ਦਾ ਪਿਤਾ ਦੱਸ ਦਿੱਤਾ। ਉਸ ਨੇ ਸੋਚਿਆ ਕਿ ਸੰਤ ਦਾ ਨਾਂ ਲੈਣ ''ਤੇ ਉਸ ਦੇ ਮਾਪੇ ਚੁੱਪ ਹੋ ਜਾਣਗੇ ਅਤੇ ਗੱਲ ਅੱਗੇ ਨਹੀਂ ਵਧੇਗੀ ਪਰ ਹੋਇਆ ਇਸ ਤੋਂ ਉਲਟ। ਕੁੜੀ ਦੇ ਮਾਪਿਆਂ ਨੇ ਇਸ ''ਤੇ ਖੂਬ ਰੌਲਾ ਪਾਇਆ। ਸੰਤ ਨੂੰ ਮੰਦਾ-ਚੰਗਾ ਬੋਲਿਆ ਪਰ ਸੰਤ ਨੇ ਸਿਰਫ ਇੰਨਾ ਹੀ ਕਿਹਾ,''''ਜਿਸ ਤਰ੍ਹਾਂ ਦੀ ਰੱਬ ਦੀ ਮਰਜ਼ੀ।''''
ਉਸ ਦਿਨ ਤੋਂ ਪਿੰਡ ਦੇ ਲੋਕ ਸੰਤ ਨੂੰ ਗਲਤ ਸਮਝਣ ਲੱਗੇ। ਕੁਝ ਦਿਨਾਂ ਬਾਅਦ ਕੁੜੀ ਨੇ ਇਕ ਬੱਚੇ ਨੂੰ ਜਨਮ ਦਿੱਤਾ। ਪਿੰਡ ਵਾਸੀ ਉਸ ਬੱਚੇ ਨੂੰ ਸੰਤ ਦੀ ਕੁਟੀਆ ਦੇ ਬਾਹਰ ਛੱਡ ਗਏ। ਸੰਤ ਨੇ ਬਿਨਾਂ ਲੋਕਾਂ ਦੀ ਪ੍ਰਵਾਹ ਕੀਤਿਆਂ ਉਸ ਦਾ ਪਾਲਣ-ਪੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਉਹ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਅਤੇ ਖੂਬ ਪਿਆਰ ਕਰਦੇ ਸਨ। ਉਹ ਕੁੜੀ ਆਉਂਦੇ-ਜਾਂਦੇ ਇਹ ਸਭ ਦੇਖਦੀ ਰਹਿੰਦੀ ਸੀ। ਇਸੇ ਤਰ੍ਹਾਂ ਇਕ ਸਾਲ ਬੀਤ ਗਿਆ।
ਇਕ ਦਿਨ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਮਾਂ ਦੀ ਮਮਤਾ ਜਾਗ ਪਈ। ਕੁੜੀ ਨੇ ਸਾਰੇ ਪਿੰਡ ਵਾਸੀਆਂ ਸਮੇਤ ਆਪਣੇ ਮਾਪਿਆਂ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਕਿ ਉਸ ਬੱਚੇ ਦਾ ਅਸਲ ਪਿਤਾ ਕੌਣ ਹੈ। ਕੁੜੀ ਦੇ ਮਾਪੇ ਤੇ ਪਿੰਡ ਵਾਸੀ ਸ਼ਰਮਿੰਦੇ ਹੋ ਕੇ ਸੰਤ ਕੋਲ ਗਏ ਅਤੇ ਉਨ੍ਹਾਂ ਨੇ ਆਪਣੇ ਕੌੜੇ ਵਚਨਾਂ ਤੇ ਮਾੜੇ ਵਤੀਰੇ ਲਈ ਮੁਆਫੀ ਮੰਗੀ। ਕੁੜੀ ਨੇ ਵੀ ਸੰਤ ਨੂੰ ਆਪਣਾ ਬੱਚਾ ਵਾਪਸ ਕਰਨ ਦੀ ਪ੍ਰਾਰਥਨਾ ਕੀਤੀ। ਸੰਤ ਇਹ ਸਭ ਦੇਖ ਕੇ ਮੁਸਕਰਾਏ ਅਤੇ ਇੰਨਾ ਹੀ ਬੋਲੇ,''''ਜਿਸ ਤਰ੍ਹਾਂ ਰੱਬ ਦੀ ਇੱਛਾ।''''
ਉਨ੍ਹਾਂ ਕੁੜੀ ਨੂੰ ਉਸ ਦਾ ਬੱਚਾ ਵਾਪਸ ਕਰ ਦਿੱਤਾ। ਸਾਰੇ ਸੰਤ ਦੀ ਸਹਿਣਸ਼ੀਲਤਾ ਅੱਗੇ ਨਤਮਸਤਕ ਹੋ ਗਏ।