ਇਕ-ਦੂਜੇ ਦੇ ਪੂਰਕ ਹਨ ਧਰਮ ਅਤੇ ਰਾਜਨੀਤੀ

7/3/2017 7:04:54 AM

ਸਿੱਖ ਧਰਮ ਵਿਚ ਧਰਮ ਤੇ ਰਾਜਨੀਤੀ ਦਾ ਸੁਮੇਲ ਬਾਬਰ ਦੇ ਹਮਲੇ ਸਮੇਂ ਹੀ ਸਪੱਸ਼ਟ ਹੋ ਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮਾਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟ ਕੀਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਧਰਮ ਦੇ ਸ਼ਾਂਤਮਈ ਤੇ ਨਿਮਰਤਾ ਵਾਲੇ ਸਰੂਪ ਉੱਤੇ ਰਾਜਨੀਤੀ ਦਾ ਵਹਿਸ਼ੀਆਨਾ ਤੇ ਗਰੂਰ ਨਾਲ ਭਰਿਆ ਘਿਨੌਣਾ ਹਮਲਾ ਸੀ। ਇਸ ਤੋਂ ਪਿੱਛੋਂ ਸਿੱਖ ਧਰਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਤੇ ਮੀਰੀ-ਪੀਰੀ ਦੀ ਪ੍ਰੰਪਰਾ, ਭਗਤੀ ਤੇ ਸ਼ਕਤੀ ਦਾ ਸੁਮੇਲ ਧਰਮ ਅਤੇ ਰਾਜਨੀਤੀ ਦਾ ਜ਼ਾਹਿਰਾ ਸੰਜੋਗ ਹੀ ਸੀ। ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਅਤੇ ਹੋਂਦ, ਇਨ੍ਹਾਂ ਦੋਹਾਂ ਦੇ ਵਿਚਕਾਰ ਦੋ ਨਿਸ਼ਾਨ ਸਾਹਿਬ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਪਹਿਨੀਆਂ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਰਮ ਅਤੇ ਰਾਜਨੀਤੀ ਦੇ ਸੁਮੇਲ ਅਤੇ ਸੰਜੋਗ ਦੇ ਲਖਾਇਕ ਹੀ ਹਨ। ਪੀਰੀ ਦਾ ਨਿਸ਼ਾਨ ਸਾਹਿਬ ਮੀਰੀ ਦੇ ਨਿਸ਼ਾਨ ਸਾਹਿਬ ਤੋਂ ਉੱਚਾ ਹੋਣਾ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਧਰਮ ਦਾ ਕੁੰਡਾ ਰਾਜਨੀਤੀ ਦੇ ਸਿਰ ਉੱਤੇ ਅਵੱਸ਼ਕ ਹੀ ਹੈ। ਇਹ ਸੁਮੇਲ ਅਤੇ ਸੰਜੋਗ ਸੰਸਾਰ ਲਈ ਸਭ ਤੋਂ ਵੱਧ ਉਪਯੋਗੀ, ਸਾਰਥਕ ਅਤੇ ਸਹੀ ਹੈ। ਖ਼ਾਲਸੇ ਦੇ ਆਦਰਸ਼ਾਂ ਵਿੱਚੋਂ ਵੀ ਧਰਮ ਅਤੇ ਰਾਜਨੀਤੀ ਦਾ ਸੰਜੋਗ ਝਲਕਦਾ ਹੈ। ਇਹ ਸੰਜੋਗ ਇਕ ਆਦਰਸ਼ਕ ਵਿਅਕਤੀ ਪੈਦਾ ਕਰਨ ਦੇ ਯੋਗ ਹੈ, ਜੋ ਕਿ ਧਰਮ ਦੇ ਗੁਣਾਂ ਨੂੰ ਧਾਰਨ ਕਰਦੇ ਹੋਏ ਰਾਜਨੀਤੀ ਦੇ ਖੇਤਰ 'ਚ ਸਫਲਤਾਪੂਰਵਕ ਵਿਚਰ ਸਕੇ। ਧਰਮ ਦਾ ਉਦੇਸ਼ ਹੈ ਨਾਮ ਜਪਾਉਣਾ ਭਾਵ ਆਤਮਾ ਦਾ ਵਿਕਾਸ ਅਤੇ ਪ੍ਰਫੁੱਲਤਾ ਯਕੀਨੀ ਬਣਾਉਣਾ ਅਤੇ ਰਾਜਨੀਤੀ ਦਾ ਫ਼ਰਜ਼ ਹੈ ਗੁਨਾਹਗਾਰਾਂ ਨੂੰ ਦੰਡ ਦੇਣਾ ਤੇ ਸਮਾਜਿਕ ਅਤੇ ਆਰਥਿਕ ਜ਼ਿੰਦਗੀ ਨੂੰ ਨਿਯਮਿਤ ਤੇ ਵਿਕਾਸਮੁਖੀ ਦਿਸ਼ਾ ਵੱਲ ਰੱਖਣਾ, ਜਿਸ ਦੇ ਅਧੀਨ ਮਨੁੱਖ ਦੇ ਰੋਜ਼ਾਨਾ ਜੀਵਨ ਦੀਆਂ ਮੁੱਢਲੀਆਂ ਲੋੜਾਂ ਕੁੱਲੀ, ਗੁੱਲੀ ਤੇ ਜੁੱਲੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਧਰਮ ਦੀ ਰੱਖਿਆ ਕਰਨਾ।
ਸਿੱਖ ਧਰਮ 'ਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਗਿਣਤੀ ਤੇ ਕੱਟੜਤਾ ਉੱਤੇ ਨਹੀਂ ਸਗੋਂ ਆਤਮਿਕ ਗੁਣਾਂ ਅਤੇ ਰਛਿਆ ਰਿਆਇਤ ਦੀ ਭਾਵਨਾ 'ਤੇ ਆਧਾਰਿਤ ਹੈ। ਗੁਰੂ ਸਾਹਿਬ ਨੇ ਸੰਸਥਾਗਤ ਅਤੇ ਆਪਣੀ ਸ੍ਰੇਸ਼ਠਤਾ ਦਾ ਢਿੰਡੋਰਾ ਪਿੱਟਣ ਵਾਲੇ ਵੱਖ-ਵੱਖ ਵਿਸਵਾਸ਼ਾਂ ਉੱਤੇ ਟਿਕੇ ਧਰਮਾਂ ਨੂੰ ਕੋਈ ਬਹੁਤੀ ਮਾਨਤਾ ਨਹੀਂ ਦਿੱਤੀ ਸਗੋਂ ਗੁਰੂ ਸਾਹਿਬ ਅਨੁਸਾਰ ਧਰਮ ਇਕੋ ਪ੍ਰਮਾਤਮਾ ਵਿਚ ਵਿਸ਼ਵਾਸ, ਸਾਰੇ ਮਨੁੱਖਾਂ ਨੂੰ ਇਕੋ ਪ੍ਰਮਾਤਮਾ ਦਾ ਅੰਸ਼ ਅਤੇ ਬਰਾਬਰ ਸਮਝਣਾ, ਹਿਰਦਾ ਸ਼ੁੱਧ ਕਰਨਾ, ਮਨ ਦੀ ਚੰਚਲਤਾਈ ਵਿਸ਼ੇ-ਵਿਕਾਰਾਂ ਉੱਤੇ ਕਾਬੂ ਪਾ ਕੇ 'ਮਨਿ ਜੀਤੈ ਜਗੁ ਜੀਤੁ' ਦੀ ਸਥਿਤੀ ਨੂੰ ਪ੍ਰਾਪਤ ਕਰਨਾ, ਸਰੀਰ ਸਵਸਥ ਰੱਖਣਾ, ਆਤਮਿਕ ਆਨੰਦ ਦੀ ਲੋਚਾ ਰੱਖਣੀ। ਸਰਬੱਤ ਦਾ ਭਲਾ ਮੰਗਣਾ, ਪਰਉਪਕਾਰੀ ਅਤੇ ਤਿਆਗ ਦੀ ਭਾਵਨਾ ਕਾਇਮ ਕਰਨੀ ਅਤੇ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨਾ ਹੈ। ਇਹ ਧਰਮ ਸਭ ਸਮਿਆਂ ਅਤੇ ਸਭ ਅਸਥਾਨਾਂ 'ਤੇ ਹਮੇਸ਼ਾ ਇਕੋ ਜਿਹਾ ਰਹਿੰਦਾ ਹੈ। ਇਹੋ ਮਾਨਵਤਾਵਾਦੀ ਧਰਮ ਹੈ।  ਧਰਮ ਦੇ ਪ੍ਰਸਾਰ ਲਈ ਜੇ ਰਾਜਨੀਤੀ ਦੀ ਦੁਰਵਰਤੋਂ ਕੀਤੀ ਜਾਵੇ ਤਾਂ ਇਹ ਘੋਰ ਅਨਿਆਂ ਤੇ ਅੱਤਿਆਚਾਰ ਦਾ ਰੂਪ ਧਾਰਨ ਕਰ ਲੈਂਦੀ ਹੈ। ਤਥਾ 'ਰਾਜੇ ਸੀਹ ਮੁਕੱਦਮ ਕੁੱਤੇ£ ਜਾਇ ਜਗਾਇਨਿ ਬੈਠੇ ਸੁੱਤੇ£' ਵਾਲੀ ਹਾਲਤ ਪੈਦਾ ਹੋ ਜਾਂਦੀ ਹੈ। ਜਦੋਂ ਰਾਜਨੀਤਕ ਸ਼ਕਤੀ 'ਤੇ ਕਾਬਜ਼ ਰਹਿਣ ਜਾਂ ਰਾਜਨੀਤਕ ਸ਼ਕਤੀ ਹਾਸਲ ਕਰਨ ਲਈ ਧਰਮ ਦਾ ਸਹਾਰਾ ਲਿਆ ਜਾਵੇ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕੀਤਾ ਜਾਵੇ ਤਾਂ ਇਸ ਤੋਂ ਵੱਡਾ ਦੰਭ ਤੇ ਪਾਖੰਡ ਕੋਈ ਨਹੀਂ ਰਹਿ ਜਾਂਦਾ। ਧਰਮ ਤੇ ਰਾਜਨੀਤੀ ਦਾ ਸੰਬੰਧ ਉਦੋਂ ਹੀ ਉਪਯੋਗੀ ਹੁੰਦਾ ਹੈ, ਜਦੋਂ ਧਰਮ ਆਪਣੇ ਮਾਰਗ 'ਤੇ ਸਥਿਰ ਰਹਿੰਦਾ ਹੋਇਆ ਰਾਜਨੀਤੀ ਤੋਂ ਦੂਰ ਨਾ ਰਹੇ ਸਗੋਂ ਰਾਜਨੀਤੀ ਦਾ ਮਾਰਗਦਰਸ਼ਨ ਕਰੇ। ਰਾਜਨੀਤੀ ਇਕ ਚੰਗੇ ਰਾਜ ਦੇ ਆਦਰਸ਼ਾਂ ਨੂੰ ਕਾਇਮ ਕਰਦੀ ਹੋਈ ਧਰਮ 'ਤੇ ਭਾਰੂ ਨਾ ਹੋਵੇ ਤੇ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਨਾ ਕਰੇ।
ਹਿੰਦੋਸਤਾਨ ਦੇ ਧਰਮ, ਸੱਭਿਅਤਾ ਅਤੇ ਸਵੈਮਾਨ ਦੀ ਰੱਖਿਆ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਾਬਰ ਨੂੰ ਜਾਬਰ ਕਹਿ ਕੇ ਵੰਗਾਰਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਅਤੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਦਾ ਪਹਿਨਣਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਪਰੰਤ ਸ਼ਸਤਰਧਾਰੀ 'ਖਾਲਸਾ ਪੰਥ' ਦੀ ਸਿਰਜਣਾ ਆਦਿ ਮਹਾਨ ਘਟਨਾਵਾਂ ਧਰਮ ਅਤੇ ਰਾਜਨੀਤੀ ਦੀ ਮਨੁੱਖੀ ਜ਼ਿੰਦਗੀ ਲਈ ਅਹਿਮੀਅਤ ਅਤੇ ਇਕ-ਦੂਜੇ ਦੇ ਪੂਰਕ ਹੋਣ ਦਾ ਹੀ ਸਪੱਸ਼ਟ ਸਿਧਾਂਤ ਤੇ ਸਰੂਪ ਹੈ। ਇਕ ਤੋਂ ਬਿਨਾਂ ਦੂਜਾ ਹਮੇਸ਼ਾ ਹੀ ਮਨੁੱਖੀ ਜ਼ਿੰਦਗੀ ਲਈ ਘਾਤਕ ਸਿੱਧ ਹੋਇਆ ਹੈ ਅਤੇ ਇਸੇ ਲਈ ਇਨ੍ਹਾਂ ਦਾ ਆਪਸੀ ਸਹਿਯੋਗ ਜ਼ਰੂਰੀ ਹੈ ਤਾਂ ਜੋ ਸਹਿਹੋਂਦ ਦੀ ਭਾਵਨਾ ਬਣੀ ਰਹੇ। ਗੁਰੂ ਸਾਹਿਬਾਨ ਦੇ ਸਮੇਂ ਤੋਂ ਚਿਰੋਕਾ ਪਿੱਛੋਂ ਦੀ ਗੱਲ ਕਰੀਏ ਤਾਂ ਅੰਗਰੇਜ਼ ਸਰਕਾਰ ਦੇ ਪਿੱਠੂ ਮਹੰਤਾਂ, ਜੋ ਸਿੱਖ ਧਾਰਮਿਕ ਸਿਧਾਂਤ, ਰਹਿਤ ਮਰਿਆਦਾ ਮਹਾਨ ਵਿਰਾਸਤ ਨੂੰ ਤਹਿਸ-ਨਹਿਸ ਕਰ ਰਹੇ ਸਨ, ਪਾਸੋਂ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਲਈ ਖ਼ਾਲਸੇ ਦੀ ਰਾਜਨੀਤਕ ਸ਼ਕਤੀ ਹਰਕਤ 'ਚ ਆਈ। ਅੰਤ 14 ਨਵੰਬਰ 1920 ਨੂੰ ਮੌਜੂਦਾ ਪੰਥਕ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਹੋਂਦ 'ਚ ਆਈ, ਜਿਸ ਦੇ ਪਹਿਲੇ ਪ੍ਰਧਾਨ ਸ. ਸੁੰਦਰ ਸਿੰਘ ਮਜੀਠੀਆ ਬਣੇ। ਅਗਲੇ ਹੀ ਦਿਨ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਨੁਮਾਇੰਦਾ ਹਸਤੀ ਦੇ ਸਿੱਖਾਂ ਦਾ ਇਕੱਠ ਸੱਦ ਕੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਗੁਰਧਾਮਾਂ, ਸਿੱਖ ਇਤਿਹਾਸ, ਰਹਿਤ ਮਰਿਆਦਾ ਦੀ ਰਾਖੀ ਲਈ ਰਾਜਨੀਤਕ ਜਥੇਬੰਦੀ ਦੀ ਲੋੜ ਹੈ। ਨਤੀਜੇ ਵਜੋਂ 14 ਦਸੰਬਰ, 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ, ਜਿਸ ਦੇ ਪਹਿਲੇ ਪ੍ਰਧਾਨ ਜਥੇਦਾਰ ਸਰਮੁਖ ਸਿੰਘ ਝਬਾਲ ਬਣੇ।  ਸੋ ਆਓ! ਧਰਮ ਅਤੇ ਰਾਜਨੀਤੀ ਦੇ ਸੰਜੋਗ ਅਤੇ ਸੁਮੇਲ ਨੂੰ ਸਹੀ ਅਰਥਾਂ ਵਿਚ ਸਮਝੀਏ ਅਤੇ ਆਪਣੇ ਜੀਵਨ ਵਿਚ ਅਪਣਾਈਏ ਅਤੇ ਦੇਸ਼ 'ਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ, ਸਾਂਝੀਵਾਲਤਾ, ਸਦਭਾਵਨਾ ਦਾ ਮਾਹੌਲ ਪ੍ਰਦਾਨ ਕਰਨ 'ਚ ਯੋਗਦਾਨ ਪਾਈਏ।
—ਪ੍ਰੋ. ਕਿਰਪਾਲ ਸਿੰਘ ਬਡੂੰਗਰ,
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ