ਇਨਸਾਨੀਅਤ ਦੀ ਰਾਖੀ

7/6/2017 2:18:01 PM

ਗੱਲ ਉਸ ਵੇਲੇ ਦੀ ਹੈ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ ਸੀ। ਪੱਛਮੀ ਬੰਗਾਲ ਦੇ ਮਿਦਨਾਪੁਰ 'ਚ ਇਕ ਅੰਗਰੇਜ਼ ਜੱਜ ਸਨ ਮਿਸਟਰ ਕਿਲੀ। ਉਨ੍ਹਾਂ ਦਾ ਇਕ ਭਾਰਤੀ ਨੌਕਰ ਸੀ। ਇਕ ਵਾਰ ਨੌਕਰ ਬਾਜ਼ਾਰ ਤੋਂ ਸਾਮਾਨ ਲੈ ਕੇ ਆ ਰਿਹਾ ਸੀ ਕਿ ਬੰਗਲੇ ਦੇ ਬਾਹਰ ਇਕ ਪਾਗਲ ਕੁੱਤੇ ਨੇ ਉਸ ਨੂੰ ਵੱਢ ਲਿਆ। ਨੌਕਰ ਦੇ ਰੋਣ ਦੀ ਆਵਾਜ਼ ਸੁਣ ਕੇ ਜੱਜ ਸਾਹਿਬ ਉਸ ਦੇ ਕੋਲ ਆਏ। ਉਨ੍ਹਾਂ ਤੁਰੰਤ ਕੁੱਤੇ ਦੇ ਵੱਢਣ ਵਾਲੀ ਥਾਂ 'ਤੇ ਆਪਣਾ ਮੂੰਹ ਲਾ ਦਿੱਤਾ ਅਤੇ ਸਾਰਾ ਜ਼ਹਿਰੀਲਾ ਖੂਨ ਚੂਸ ਕੇ ਥੁੱਕ ਦਿੱਤਾ।
ਬਾਅਦ 'ਚ ਮੱਲ੍ਹਮ ਪੱਟੀ ਕਰਨ ਤੋਂ ਬਾਅਦ ਉਸ ਨੂੰ ਇਕ ਅੰਗਰੇਜ਼ ਡਾਕਟਰ ਕੋਲ ਲੈ ਗਏ। ਡਾਕਟਰ ਨੇ ਜਦੋਂ ਪੂਰਾ ਵਾਕਿਆ ਸੁਣਿਆ ਤਾਂ ਹੈਰਾਨ ਰਹਿ ਗਿਆ ਅਤੇ ਬੋਲਿਆ,''ਤੁਸੀਂ ਬੇਵਕੂਫੀ ਕੀਤੀ ਹੈ। ਇਸ ਨਾਲ ਤਾਂ ਤੁਹਾਡੀ ਜਾਨ ਵੀ ਜਾ ਸਕਦੀ ਸੀ। 
ਤੁਸੀਂ ਅੰਗਰੇਜ਼ ਹੋ ਕੇ ਇਕ ਮਾਮੂਲੀ ਹਿੰਦੁਸਤਾਨੀ ਨੌਕਰ ਲਈ ਆਪਣੀ ਜਾਨ ਨਾਲ ਖਿਲਵਾੜ ਕਿਉਂ ਕੀਤਾ?''
ਜੱਜ ਸਾਹਿਬ ਮੁਸਕਰਾ ਕੇ ਬੋਲੇ,''ਇਹ ਸਾਡਾ ਨੌਕਰ ਜ਼ਰੂਰ ਹੈ ਪਰ ਉਸ ਵਿਚ ਸਾਡੇ ਤੇ ਤੁਹਾਡੇ ਨਾਲੋਂ ਜ਼ਿਆਦਾ ਇਨਸਾਨੀਅਤ ਹੈ ਅਤੇ ਇਨਸਾਨੀਅਤ ਦੀ ਰਾਖੀ ਲਈ ਮੈਂ ਜਾਨ ਵੀ ਦੇ ਸਕਦਾ ਹਾਂ।''
ਡਾਕਟਰ ਦੀ ਸਮਝ ਵਿਚ ਕੁਝ ਨਾ ਆਇਆ ਅਤੇ ਉਹ ਬੋਲਿਆ,''ਤੁਸੀਂ ਕੀ ਬੁਝਾਰਤਾਂ ਪਾ ਰਹੇ ਹੋ, ਮੈਨੂੰ ਸਮਝ ਨਹੀਂ ਆ ਰਹੀ। ਥੋੜ੍ਹਾ ਖੁੱਲ੍ਹ ਕੇ ਦੱਸੋ।''
ਜੱਜ ਸਾਹਿਬ ਬੋਲੇ,''ਇਕ ਵਾਰ ਮੈਂ ਇਸ ਨੂੰ ਨਾਲ ਲੈ ਕੇ ਦੂਰ ਗਿਆ ਸੀ। ਸੁੰਨਸਾਨ ਰਸਤੇ ਵਿਚ ਕੁਝ ਬਦਮਾਸ਼ਾਂ ਨੇ ਮੇਰੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਅਤੇ ਮੈਨੂੰ ਬਚਾਉਣ ਲਈ ਬਦਮਾਸ਼ਾਂ ਨਾਲ ਭਿੜ ਗਿਆ। ਉਨ੍ਹਾਂ ਦੇ ਹੱਥ ਵਿਚ ਚਾਕੂ ਸੀ ਅਤੇ ਉਨ੍ਹਾਂ ਨਾਲ ਲੜਦਿਆਂ ਇਸ ਨੂੰ ਗੁੱਝੀ ਸੱਟ ਲੱਗੀ।''
ਹਮਲਾਵਰ ਉਸ ਨੂੰ ਵਾਰ-ਵਾਰ ਕਹਿ ਰਹੇ ਸਨ ਕਿ ਤੂੰ ਹਿੰਦੁਸਤਾਨੀ ਏਂ, ਤੂੰ ਭੱਜ ਜਾ। ਇਸ ਨੇ ਕਿਹਾ ਕਿ ਮੈਂ ਮਾਲਕ ਨੂੰ ਛੱਡ ਕੇ ਨਹੀਂ ਜਾ ਸਕਦਾ। ਹੁਣ ਤੁਸੀਂ ਦੱਸੋ ਕਿ ਅੱਜ ਮੈਨੂੰ ਕੀ ਕਰਨਾ ਚਾਹੀਦਾ ਸੀ। ਇਸ ਨੂੰ ਬਚਾਉਣਾ ਕੀ ਮੇਰਾ ਫਰਜ਼ ਨਹੀਂ ਸੀ। ਇਸ ਨੂੰ ਕੁਝ ਹੋ ਜਾਂਦਾ ਤਾਂ ਇਨਸਾਨੀਅਤ ਨੂੰ ਕਲੰਕ ਲੱਗ ਜਾਂਦਾ।''
ਪੂਰਾ ਵਾਕਿਆ ਸੁਣ ਕੇ ਡਾਕਟਰ ਦਾ ਸਿਰ ਝੁਕ ਗਿਆ।