ਕੀਮਤੀ ਹੀਰਾ ਵੀ ਇਸ ਦੇ ਅੱਗੇ ਕੁਝ ਨਹੀਂ

4/9/2017 4:07:14 PM

ਬਗਦਾਦ ਦੇ ਖਲੀਫਾ ਕੋਲ ਇਕ ਗੁਲਾਮ ਸੀ, ਜਿਸ ਦਾ ਨਾਂ ਸੀ ਹਾਸ਼ਮ। ਉਹ ਦੇਖਣ ''ਚ ਬੜਾ ਬਦਸੂਰਤ ਸੀ। ਦੂਜੇ ਗੁਲਾਮ ਉਸ ਦੀ ਬਦਸੂਰਤੀ ਦਾ ਮਖੌਲ ਉਡਾਉਂਦੇ ਸਨ ਪਰ ਹਾਸ਼ਮ ਇਸ ਦੀ ਕਦੇ ਪ੍ਰਵਾਹ ਨਹੀਂ ਕਰਦਾ ਸੀ। ਉਹ ਆਪਣੇ ਖਲੀਫਾ ਪ੍ਰਤੀ ਵਫਾਦਾਰ ਸੀ ਅਤੇ ਹਰ ਵੇਲੇ ਉਨ੍ਹਾਂ ਦੀ ਸੇਵਾ ਲਈ ਤੱਤਪਰ ਰਹਿੰਦਾ ਸੀ। ਉਨ੍ਹਾਂ ਦੇ ਹਰ ਹੁਕਮ ਦੀ ਪਾਲਣਾ ਪੂਰੇ ਮਨ ਨਾਲ ਕਰਦਾ ਸੀ। ਆਪਣਾ ਧਿਆਨ ਹਮੇਸ਼ਾ ਆਪਣੇ ਕੰਮ ਵੱਲ ਲਾਉਂਦਾ ਸੀ। ਉਹ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰਦਾ ਸੀ ਕਿ ਖਲੀਫਾ ਨੂੰ ਕਿਸੇ ਗੱਲ ਦੀ ਤਕਲੀਫ ਨਾ ਹੋਵੇ।
ਇਕ ਵਾਰ ਖਲੀਫਾ ਆਪਣੇ ਕਈ ਗੁਲਾਮਾਂ ਨਾਲ ਬੱਘੀ ਵਿਚ ਕਿਤੇ ਜਾ ਰਿਹਾ ਸੀ। ਨਾਲ ਹਾਸ਼ਮ ਵੀ ਸੀ। ਇਕ ਜਗ੍ਹਾ ਚਿੱਕੜ ਵਿਚ ਖਲੀਫਾ ਦਾ ਘੋੜਾ ਥੋੜ੍ਹਾ ਤਿਲਕ ਗਿਆ। ਉਸ ਵੇਲੇ ਖਲੀਫਾ ਦੇ ਹੱਥ ਵਿਚ ਹੀਰੇ-ਮੋਤੀਆਂ ਦੀ ਇਕ ਪੇਟੀ ਸੀ। ਘੋੜੇ ਦੇ ਤਿਲਕਣ ਨਾਲ ਖਲੀਫਾ ਦਾ ਹੱਥ ਹਿੱਲਿਆ ਅਤੇ ਪੇਟੀ ਖੁੱਲ੍ਹ ਕੇ ਡਿਗ ਪਈ। ਰਸਤੇ ਵਿਚ ਚਾਰੇ ਪਾਸੇ ਹੀਰੇ-ਮੋਤੀ ਖਿੱਲਰ ਗਏ।
ਖਲੀਫਾ ਨੇ ਇਸ ਨੂੰ ਚੰਗਾ ਸ਼ਗਨ ਮੰਨਿਆ ਅਤੇ ਸੋਚਿਆ ਕਿ ਇਹ ਹੋਣੀ ਸੀ ਪਰ ਰੱਬ ਦੀ ਕ੍ਰਿਪਾ ਨਾਲ ਕਿਤੇ ਸੱਟ ਨਹੀਂ ਲੱਗੀ, ਜਾਨ ਨਹੀਂ ਗਈ। ਇਸ ਲਈ ਖੁਸ਼ ਹੋ ਕੇ ਉਸ ਨੇ ਗੁਲਾਮਾਂ ਨੂੰ ਕਿਹਾ, ''''ਤੁਹਾਨੂੰ ਸਾਰਿਆਂ ਨੂੰ ਮੈਂ ਖੁੱਲ੍ਹੀ ਛੋਟ ਦਿੰਦਾ ਹਾਂ। ਜਾਓ, ਜਲਦੀ ਨਾਲ ਆਪਣੇ ਲਈ ਹੀਰੇ-ਮੋਤੀ ਇਕੱਠੇ ਕਰ ਲਓ। ਜਿਸ ਦੇ ਹੱਥ ਜੋ ਲੱਗੇਗਾ, ਉਹ ਉਸ ਦਾ ਹੋ ਜਾਵੇਗਾ।''''
ਇਹ ਸੁਣ ਕੇ ਗੁਲਾਮਾਂ ਵਿਚ ਹੀਰੇ-ਮੋਤੀ ਚੁੱਕਣ ਦੀ ਹੋੜ ਜਿਹੀ ਲੱਗ ਗਈ ਪਰ ਹਾਸ਼ਮ ਚੁੱਪਚਾਪ ਖਲੀਫਾ ਕੋਲ ਹੀ ਖੜ੍ਹਾ ਰਿਹਾ। ਇਸ ''ਤੇ ਖਲੀਫਾ ਨੇ ਪੁੱਛਿਆ, ''''ਤੂੰ ਮੇਰੀ ਗੱਲ ਨਹੀਂ ਸੁਣੀ? ਤੂੰ ਜਾ ਕੇ ਹੀਰੇ-ਮੋਤੀ ਇਕੱਠੇ ਕਿਉਂ ਨਹੀਂ ਕਰ ਰਿਹਾ? ਕੀ ਤੈਨੂੰ ਇਹ ਦੌਲਤ ਨਹੀਂ ਚਾਹੀਦੀ?''''
ਹਾਸ਼ਮ ਨੇ ਜਵਾਬ ਦਿੱਤਾ, ''''ਮੇਰੇ ਲਈ ਤਾਂ ਸਭ ਤੋਂ ਕੀਮਤੀ ਹੀਰਾ ਤੁਸੀਂ ਹੀ ਹੋ। ਤੁਹਾਨੂੰ ਛੱਡ ਕੇ ਮੈਂ ਕਿਵੇਂ ਜਾ ਸਕਦਾ ਹਾਂ?''''
ਖਲੀਫਾ ਬਹੁਤ ਖੁਸ਼ ਹੋਇਆ। ਹਾਸ਼ਮ ਦੀ ਆਪਣੇ ਪ੍ਰਤੀ ਵਫਾਦਾਰੀ ਅਤੇ ਹੀਰੇ-ਮੋਤੀਆਂ ਪ੍ਰਤੀ ਉਦਾਸੀਨਤਾ ਦੀ ਉਸ ਦੀ ਭਾਵਨਾ ਨੇ ਖਲੀਫਾ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਨੇ ਉਸੇ ਵੇਲੇ ਹਾਸ਼ਮ ਨੂੰ ਗੁਲਾਮੀ ਤੋਂ ਮੁਕਤ ਕਰ ਦਿੱਤਾ।