ਸਾਡੇ ਟੀਚੇ ਸਪੱਸ਼ਟ ਹੋਣ

4/25/2017 10:23:54 AM

ਐਡਮਿਰਲ ਰਿਚਰਡ ਬਰਡ ਬਹੁਤ ਛੋਟੇ ਸਨ। ਇਕ ਦਿਨ ਉਨ੍ਹਾਂ ਇਕ ਕਿਤਾਬ ਪੜ੍ਹੀ ਤਾਂ ਪਤਾ ਲੱਗਾ ਕਿ ਐਡਮਿਰਲ ਪੀਅਰੀ ਉੱਤਰੀ ਧਰੁਵ ਤਕ ਪਹੁੰਚਣ ਲਈ ਬੜਾ ਸੰਘਰਸ਼ ਕਰ ਰਹੇ ਹਨ ਪਰ ਉਲਟ ਸਥਿਤੀਆਂ ਉਨ੍ਹਾਂ ਦੇ ਸੰਘਰਸ਼ ''ਤੇ ਭਾਰੀ ਪੈ ਰਹੀਆਂ ਹਨ। ਇਹ ਜਾਣ ਕੇ ਨੰਨ੍ਹੇ ਬਰਡ ਨੇ ਫੈਸਲਾ ਕੀਤਾ ਕਿ ਮੇਰੇ ਸੰਘਰਸ਼ ਦੀ ਕੋਈ ਹੱਦ ਨਹੀਂ ਹੋਵੇਗੀ ਅਤੇ ਮੈਂ ਹਰ ਹਾਲਤ ਵਿਚ ਉੱਤਰੀ ਧਰੁਵ ''ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਬਣਾਂਗਾ।
ਬਰਡ ਨੇ ਉਸੇ ਦਿਨ ਤੋਂ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਇਸ ਰੋਮਾਂਚਕ ਮੁਹਿੰਮ ਲਈ ਉਹ ਦਿਨ-ਰਾਤ ਸਖਤ ਮਿਹਨਤ ਕਰਦੇ ਰਹੇ। ਉਨ੍ਹਾਂ ਨੂੰ ਠੰਡਾ ਮੌਸਮ ਬਹੁਤ ਬੁਰਾ ਲੱਗਦਾ ਸੀ ਪਰ ਉਨ੍ਹਾਂ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਆਪਣੇ ਸਰੀਰ ਨੂੰ ਕਠੋਰ ਬਣਾਇਆ ਤਾਂ ਜੋ ਉੱਤਰੀ ਧਰੁਵ ਦੀ ਠੰਡ ਦਾ ਸਾਹਮਣਾ ਕਰ ਸਕਣ ਪਰ ਸਫਲਤਾ ਇੰਨੀ ਆਸਾਨੀ ਨਾਲ ਮਿਲ ਜਾਵੇ ਤਾਂ ਉਹ ਭਲਾ ਅਸਲੀ ਸਫਲਤਾ ਕਿੱਥੇ ਹੋਈ। ਉਨ੍ਹੀਂ ਦਿਨੀਂ ਰੋਜ਼ੀ-ਰੋਟੀ ਲਈ ਬਰਡ ਅਮਰੀਕੀ ਸਮੁੰਦਰੀ ਫੌਜ ਵਿਚ ਨੌਕਰੀ ਕਰ ਰਹੇ ਸਨ।
ਉਹ ਉਥੇ ਵੀ ਮੁਸੀਬਤਾਂ ਤੋਂ ਬਿਲਕੁਲ ਨਹੀਂ ਘਬਰਾਉਂਦੇ ਸਨ। ਇਕ ਦਿਨ ਹਾਦਸੇ ਵਿਚ ਉਨ੍ਹਾਂ ਦੇ ਪੈਰ ਦੀ ਹੱਡੀ ਟੁੱਟ ਗਈ। ਸਿਰਫ 28 ਸਾਲ ਦੀ ਉਮਰ ਵਿਚ ਅਪਾਹਜ ਹੋਣ ਕਾਰਨ ਉਨ੍ਹਾਂ ਨੂੰ ਸੇਵਾ-ਮੁਕਤ ਕਰ ਦਿੱਤਾ ਗਿਆ। ਬਰਡ ਇਨ੍ਹਾਂ ਮੁਸੀਬਤਾਂ ਤੋਂ ਪ੍ਰੇਸ਼ਾਨ ਜ਼ਰੂਰ ਹੋਏ ਪਰ ਟੁੱਟੇ ਨਹੀਂ।
ਉਹ ਖੁਦ ਨੂੰ ਬੋਲੇ, ''''ਕੀ ਹੋਇਆ, ਜੇ ਮੈਂ ਉੱਤਰੀ ਧਰੁਵ ਤਕ ਪੈਦਲ ਨਹੀਂ ਜਾ ਸਕਦਾ। ਹਵਾਈ ਜਹਾਜ਼ ਰਾਹੀਂ ਤਾਂ ਮੈਂ ਜ਼ਰੂਰ ਉਥੇ ਪਹੁੰਚ ਸਕਦਾ ਹਾਂ ਅਤੇ ਪਹੁੰਚ ਕੇ ਦਿਖਾਵਾਂਗਾ।''''
ਇਸ ਤੋਂ ਬਾਅਦ ਉਨ੍ਹਾਂ ਹਵਾਈ ਜਹਾਜ਼ ਰਾਹੀਂ ਉੱਤਰੀ ਧਰੁਵ ਤਕ ਪਹੁੰਚਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਆਖਿਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ ਇੰਝ ਐਡਮਿਰਲ ਰਿਚਰਡ ਬਰਡ ਉੱਤਰੀ ਤੇ ਦੱਖਣੀ ਧਰੁਵ ਉੱਪਰ ਹਵਾਈ ਉਡਾਣ ਭਰਨ ਵਾਲੇ ਪਹਿਲੇ ਵਿਅਕਤੀ ਬਣੇ। ਬਰਡ ਕਹਿੰਦੇ ਸਨ ਕਿ ਉਲਟ ਸਥਿਤੀਆਂ ਤੇ ਮੁਸੀਬਤਾਂ ਦੇ ਬਾਵਜੂਦ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ ਪਰ ਸ਼ਰਤ ਹੈ ਕਿ ਸਾਡੇ ਟੀਚੇ ਸਪੱਸ਼ਟ ਹੋਣ ਅਤੇ ਸਾਡੇ ਵਿਚ ਸੰਘਰਸ਼ ਕਰਨ ਦੀ ਹਿੰਮਤ ਹੋਵੇ।