ਆਸਾਨੀ ਨਾਲ ਨਹੀਂ ਬਦਲਦੇ ਵਿਚਾਰ

5/1/2017 7:27:34 AM

ਗੱਲ ਦੁਆਪਰ ਯੁੱਗ ਦੀ ਹੈ। ਅਗਿਆਤਵਾਸ ''ਚ ਪਾਂਡਵ ਰੂਪ ਬਦਲ ਕੇ ਬ੍ਰਾਹਮਣ ਦੇ ਭੇਸ ''ਚ ਰਹਿ ਰਹੇ ਸਨ। ਇਕ ਦਿਨ ਉਨ੍ਹਾਂ ਨੂੰ ਕੁਝ ਬ੍ਰਾਹਮਣ ਮਿਲੇ। ਉਹ ਰਾਜਾ ਦਰੁਪਦ ਦੀ ਪੁੱਤਰੀ ਦ੍ਰੌਪਦੀ ਦੇ ''ਸਵਯੰਵਰ'' ''ਚ ਜਾ ਰਹੇ ਸਨ। ਪਾਂਡਵ ਵੀ ਉਨ੍ਹਾਂ ਨਾਲ ਤੁਰ ਪਏ। ''ਸਵਯੰਵਰ'' ''ਚ ਪਾਣੀ ਵਿਚ ਦੇਖ ਕੇ ਉੱਪਰ ਘੁੰਮ ਰਹੀ ਮੱਛੀ ''ਤੇ ਨਿਸ਼ਾਨਾ ਲਗਾਉਣਾ ਸੀ। ਉਥੇ ਮੌਜੂਦ ਸਾਰਿਆਂ ਨੇ ਕੋਸ਼ਿਸ਼ ਕੀਤੀ ਪਰ ਨਿਸ਼ਾਨਾ ਸਿਰਫ ਅਰਜੁਨ ਹੀ ਲਗਾ ਸਕਿਆ। ਸ਼ਰਤ ਅਨੁਸਾਰ ਦ੍ਰੌਪਦੀ ਦਾ ''ਸਵਯੰਵਰ'' ਤੇ ਇਸ ਤੋਂ ਬਾਅਦ ਵਿਆਹ ਅਰਜੁਨ ਨਾਲ ਹੋਇਆ। ਇਸ ਤੋਂ ਬਾਅਦ ਪਾਂਡਵ ਦ੍ਰੌਪਦੀ ਨੂੰ ਆਪਣੀ ਕੁਟੀਆ ''ਚ ਲੈ ਆਏ।
ਇਕ ਬ੍ਰਾਹਮਣ ਵਲੋਂ ''ਸਵਯੰਵਰ'' ''ਚ ਜਿੱਤਣ ''ਤੇ ਰਾਜਾ ਦਰੁਪਦ ਨੂੰ ਬੜੀ ਹੈਰਾਨੀ ਹੋਈ। ਉਹ ਆਪਣੀ ਪੁੱਤਰੀ ਦਾ ਵਿਆਹ ਅਰਜੁਨ ਵਰਗੇ ਵੀਰ ਨੌਜਵਾਨ ਨਾਲ ਕਰਨਾ ਚਾਹੁੰਦੇ ਸਨ। ਇਸ ਲਈ ਰਾਜਾ ਦਰੁਪਦ ਨੇ ਬ੍ਰਾਹਮਣਾਂ ਦੀ ਅਸਲੀਅਤ ਦਾ ਪਤਾ ਲਗਾਉਣ ਲਈ ਰਾਜਮਹੱਲ ''ਚ ਭੋਜ ਦਾ ਪ੍ਰੋਗਰਾਮ ਰੱਖਿਆ ਅਤੇ ਉਨ੍ਹਾਂ ਬ੍ਰਾਹਮਣਾਂ ਨੂੰ ਬੁਲਾਇਆ। ਰਾਜ ਮਹੱਲ ਨੂੰ ਕਈ ਚੀਜ਼ਾਂ ਨਾਲ ਸਜਾਇਆ ਗਿਆ। ਇਕ ਕਮਰੇ ''ਚ ਫਲ-ਫੁੱਲ ਤਾਂ ਦੂਜੇ ਕਮਰੇ ਨੂੰ ਅਸਤਰਾਂ-ਸ਼ਸਤਰਾਂ ਨਾਲ ਸਜਾਇਆ ਗਿਆ। ਭੋਜਨ ਤੋਂ ਬਾਅਦ ਸਾਰੇ ਆਪਣੀਆਂ ਮਨਪਸੰਦ ਚੀਜ਼ਾਂ ਦੇਖਣ ਲੱਗੇ ਪਰ ਬ੍ਰਾਹਮਣ ਭੇਸ ਵਾਲੇ ਅਸਤਰ-ਸ਼ਸਤਰ ਵਾਲੇ ਕਮਰੇ ''ਚ ਪਹੁੰਚੇ। ਇਹ ਸਭ ਕੁਝ ਰਾਜਾ ਦਰੁਪਦ ਦੇਖ ਰਹੇ ਸਨ। ਉਹ ਸਮਝ ਗਏ ਇਹ ਬ੍ਰਾਹਮਣ ਨਹੀਂ, ਸਗੋਂ ਕਸ਼ੱਤਰੀਯ ਹਨ। ਮੌਕਾ ਮਿਲਦਿਆਂ ਹੀ ਉਨ੍ਹਾਂ ਬ੍ਰਾਹਮਣ ਬਣੇ ਯੁਧਿਸ਼ਠਿਰ ਤੋਂ ਪੁੱਛਿਆ। ਸੱਚ ਦੱਸੋ, ਤੁਸੀਂ ਬ੍ਰਾਹਮਣ ਹੋ ਜਾਂ ਕਸ਼ੱਤਰੀਯ? ਯੁਧਿਸ਼ਠਿਰ ਹਮੇਸ਼ਾ ਸੱਚ ਬੋਲਦੇ ਸਨ। ਉਨ੍ਹਾਂ ਮੰਨ ਲਿਆ ਕਿ ਉਹ ਸੱਚਮੁਚ ਕਸ਼ੱਤਰੀਯ ਹਨ। ਇਹ ਜਾਣ ਕੇ ਰਾਜਾ ਦਰੁਪਦ ਬਹੁਤ ਖੁਸ਼ ਹੋਏ।
ਸਿੱਖਿਆ : ਵਿਅਕਤੀ ਆਪਣਾ ਭੇਸ ਭਾਵੇਂ ਬਦਲ ਲਵੇ ਪਰ ਉਸ ਦੇ ਵਿਚਾਰ ਆਸਾਨੀ ਨਾਲ ਨਹੀਂ ਬਦਲਦੇ। ਅਸੀਂ ਜ਼ਿੰਦਗੀ ''ਚ ਜਿਹੋ ਜਿਹੇ ਕੰਮ ਕਰਦੇ ਹਾਂ, ਉਹੋ ਜਿਹੇ ਸਾਡੇ ਵਿਚਾਰ ਹੁੰਦੇ ਹਨ।
—ਸੰਤੋਸ਼ ਚਤੁਰਵੇਦੀ