ਧਾਰਮਿਕ ਆਸਥਾ ਦਾ ਕੇਂਦਰ ਮਤੰਗੇਸ਼ਵਰ ਮੰਦਰ

5/23/2016 8:10:19 AM

ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲੇ ''ਚ ਇਕ ਪਿੰਡ ''ਮੰਦਰਾਂ ਦੇ ਪਿੰਡ'' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਦੇ ਕਿਸੇ ਸਮੇਂ ''ਚ ਇਹ ਪਿੰਡ ਇਕ ਵਿਸ਼ਾਲ ਧਾਰਮਿਕ ਤੇ ਸੰਸਕ੍ਰਿਤਕ ਨਗਰ ਦੇ ਰੂਪ ''ਚ ਵਿਕਸਿਤ ਸੀ। ਇਸ ਨਗਰ ਦੇ ਦਰਵਾਜ਼ੇ ''ਤੇ ਦੋ ਸੋਨੇ ਰੰਗੇ ਖਜੂਰ ਦੇ ਦਰੱਖਤ ਸਨ। ਇਸੇ ਕਰਕੇ ਇਸ ਨਗਰੀ ਦਾ ਨਾਂ ''ਖਜੂਰਪੁਰ'' ਜਾਂ ''ਖਜੁਰਾਹੋ'' ਪਿਆ। ਖਜੁਰਾਹੋ ਮੱਧ ਰੇਲਵੇ ਦੇ ਹਰਪਾਲਪੁਰ ਸਟੇਸ਼ਨ ਤੋਂ 970 ਕਿਲੋਮੀਟਰ ਅਤੇ ਮਹੋਬਾ ਸਟੇਸ਼ਨ ਤੋਂ 120 ਕਿਲੋਮੀਟਰ ਪੱਛਮ-ਉੱਤਰ ''ਚ ਸਥਿਤ ਹੈ। ਇਥੇ 9ਵੀਂ-21ਵੀਂ ਸ਼ਤਾਬਦੇ ''ਚ ਬਣੇ ਚੰਦੇਲਕਾਲੀਨ ਮੰਦਰ ਹਨ। ਚੰਦੇਲ ਸ਼ਾਸਕ ਸਥਾਪਿਤ ਕਲਾ ਅਤੇ ਸਾਹਿਤ ਦੇ ਮਹਾਨ ਪ੍ਰੇਮੀ ਸਨ। ਉਨ੍ਹਾਂ ਨੇ ਹੀ ਸਮੇਂ-ਸਮੇਂ ''ਤੇ ਖਜੁਰਾਹੋ ''ਚ ਮੰਦਰਾਂ ਦਾ ਨਿਰਮਾਣ ਕਰਵਾਇਆ। ਕਿਹਾ ਜਾਂਦਾ ਹੈ ਕਿ ਕਦੇ ਇਨ੍ਹਾਂ ਮੰਦਰਾਂ ਦੀ ਗਿਣਤੀ 85 ਸੀ ਤੇ ਹੁਣ ਸਿਰਫ 22 ਰਹਿ ਗਈ ਹੈ।
ਇਨ੍ਹਾਂ ਮੰਦਰਾਂ ''ਚ ਨਿਰਮਾਣ ਦੇ ਪਿੱਛੇ ਇਕ ਧਾਰਮਿਕ ਕਥਾ ਮਸ਼ਹੂਰ ਹੈ। ਕਾਸ਼ੀ ਦੇ ਰਾਜਾ ਇੰਦਰਜੀਤ ਦੇ ਇਥੇ ਹੇਮਰਾਜ ਨਾਂ ਦਾ ਪੰਡਿਤ ਸੀ। ਉਸ ਦੀ ਹੇਮਵਤੀ ਨਾਂ ਦੀ ਸੁੰਦਰ ਕੰਨਿਆ ਸੀ। ਇਕ ਵਾਰ ਉਹ ਗਰਮੀ ਦੀ ਰੁੱਤ ''ਚ ਰਾਤ ਨੂੰ ਸਰੋਵਰ ''ਚ ਇਸ਼ਨਾਨ ਕਰ ਰਹੀ ਸੀ। ਉਸ ਦੇ ਰੂਪ ''ਤੇ ਮੋਹਿਤ ਹੋ ਕੇ ਚੰਦਰਮਾ ਨੇ ਉਸ ਨੂੰ ਆਪਣੀ ਗਲਵੱਕੜੀ ''ਚ ਲੈ ਲਿਆ।
ਲੋਕ ਲਾਜ ਦੇ ਡਰੋਂ ਕ੍ਰੋਧਿਤ ਹੋ ਕੇ ਹੇਮਵਤੀ ਨੇ ਚੰਦਰਮਾ ਨੂੰ ਸਰਾਪ ਦੇਣਾ ਚਾਹਿਆ ਪਰ ਚੰਦਰਮਾ ਨੇ ਕਿਹਾ ਕਿ ਮੈਨੂੰ ਸਰਾਪ ਨਾ ਦਿਓ ਸਗੋਂ ਖੁਸ਼ ਹੋਵੋ ਕਿ ਮੇਰੇ ਤੋਂ ਤੈਨੂੰ ਜੋ ਪੁੱਤਰ ਹੋਵੇਗਾ, ਉਹ ਸਾਰੇ ਵਿਸ਼ਵ ''ਤੇ ਸ਼ਾਸਨ ਕਰੇਗਾ। ਤੂੰ ਪੁੱਤਰ ਨੂੰ ਕਰਣਾਵਤੀ ਨਦੀ (ਕੇਨ ਨਦੀ) ਦੇ ਕਿਨਾਰੇ ਜਨਮ ਦੇਵੀਂ ਅਤੇ ਖਜੁਰਾਹੋ ਲਿਜਾ ਕੇ ਯੱਗ ਕਰਵਾਈਂ। ਬਾਅਦ ''ਚ ਹੇਮਵਤੀ ਨੂੰ ਜੋ ਪੁੱਤਰ ਹੋਇਆ, ਉਸ ਦਾ ਨਾਂ ਚੰਦਰਵਰਮਾ ਰੱਖਿਆ ਗਿਆ। ਬਹੁਤ ਸਮੇਂ ਬਾਅਦ ਚੰਦਰਵਰਮਾ ਨੇ ਖਜੁਰਾਹੋ ''ਚ ਵਿਸ਼ਾਲ ਮਾਂਡਵ ਯੱਗ ਕਰਵਾਇਆ। ਯੱਗ ਲਈ ਵੱਡੀਆਂ-ਵੱਡੀਆਂ ਬੇਦੀਆਂ ਬਣਵਾਈਆਂ ਗਈਆਂ। ਇਸਤੇਮਾਲ ''ਚ ਲਿਆਉਣ ਵਾਲੇ ਘਿਓ ਨੂੰ ਇਕ ਖੂਹ ''ਚ ਭਰਿਆ ਗਿਆ। ਉਸ ਨੂੰ ਰਹਟ ਦੁਆਰਾ ਬੇਦੀਆਂ ਤਕ ਪਹੁੰਚਾਇਆ ਗਿਆ। ਉਨ੍ਹਾਂ ਬੇਦੀਆਂ ''ਤੇ ਬਾਅਦ ''ਚ ਸਮੇਂ-ਸਮੇਂ ''ਤੇ ਮੰਦਰਾਂ ਦਾ ਨਿਰਮਾਣ ਕਰਵਾਇਆ ਗਿਆ। ਸਾਰੇ ਮੰਦਰ ਸ਼ੈਵ-ਵੈਸ਼ਣਵ ਜੈਨ ਮਤ ਦੇ ਹਨ। ਸਾਰਿਆਂ ਦੀ ਨਿਰਮਾਣ ਸ਼ੈਲੀ ਇਕੋ ਜਿਹੀ ਹੈ।
ਇਥੇ ਮੰਦਰਾਂ ''ਚ ਮੂਰਤੀਆਂ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਇਕ ਮੰਦਰ ਨੂੰ ਦੂਜੇ ਮੰਦਰ ਤੋਂ ਵੱਖ ਕਰਨਾ ਮੁਸ਼ਕਿਲ ਹੈ। ਮੰਦਰ ਦੇ ਚਾਰੇ ਪਾਸੇ ਹੋਰ ਕੋਈ ਘੇਰਾ ਜਾਂ ਦੀਵਾਰ ਨਹੀਂ ਹੈ। ਸਾਰੀਆਂ ਉੱਚੀਆਂ ਜਗਤੀ ਜਾਂ ਚੌਕੀ ''ਤੇ ਸਥਿਤ ਹਨ।
ਅੰਦਰਲੇ ਹਿੱਸੇ ''ਚ ਗਰਭਗ੍ਰਹਿ ਤੋਂ ਇਲਾਵਾ ਜੋ ਵੀ ਹਿੱਸਾ ਹੈ, ਉਹ ਅਰਧ-ਮੰਡਪ, ਮੰਡਪ ਅਤੇ ਅੰਤਰਾਲ ਹੈ। ਪ੍ਰਵੇਸ਼ ਦੁਆਰ ਵੱਖ-ਵੱਖ ਅਲੰਕਾਰਾਂ ਨਾਲ ਸਜਿਆ ਹੈ। ਸਾਰੇ ਮੰਦਰਾਂ ਦੇ ਨਿਰਮਾਣ ''ਚ ਅਦਭੁੱਤ ਅਲੰਕਾਰ ਦੇਖਣ ਨੂੰ ਮਿਲਦਾ ਹੈ। ਇਹ ਅਲੰਕਰਨ ਕਿੰਨਰ ਬਾਲਾਵਾਂ, ਨ੍ਰਿਤ ਮਗਨ ਸੁੰਦਰੀਆਂ, ਵਿਆਲ ਅਤੇ ਮਿਥੁਨ ਮੂਰਤੀਆਂ ਦਾ ਹੈ।
ਇਕ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਮੰਦਰਾਂ ''ਚ ਅਪਵਾਦ-ਸਵਰੂਪ ਇਕਦਮ ਵੱਖਰਾ ਇਕ ਅਜਿਹਾ ਮਤੰਗੇਸ਼ਵਰ ਮੰਦਰ ਵੀ ਦੇਖਣ ਨੂੰ ਮਿਲਦਾ ਹੈ, ਜੋ ਬਲੂਆ ਪੱਥਰਾਂ ਨਾਲ ਬਣਿਆ ਮੰਦਰਾਂ ''ਚ ਬਹੁਤ ਪੁਰਾਣਾ ਹੈ। ਇਤਿਹਾਸਕ ਸੂਤਰਾਂ ਅਨੁਸਾਰ ਹਰਸ਼ਦੇਵ ਨਾਂ ਦਾ ਚੰਦੇਲਸ਼ਾਸਕ ਪਿਤਾ ਦੀ ਮੌਤ ਤੋਂ ਬਾਅਦ ਸਿੰਘਾਸਨ ''ਤੇ ਬੈਠਿਆ। ਉਸ ਦੇ ਸਿੰਘਾਸਨ ''ਤੇ ਬੈਠਣ ਨਾਲ ਚੰਦੇਲ ਕਾਲੀਨ ਸ਼ਾਸਨ ''ਚ ਨਵੇਂ ਯੁੱਗ ਦਾ ਆਰੰਭ ਹੋਇਆ। ਉਸ ਨੇ ਰਾਜਕੁਮਾਰੀ ਕੰਚੁਕਾ ਨਾਲ ਵਿਆਹ ਕੀਤਾ। ਮਤਰੇਏ ਭਰਾ ਮਹੀਪਾਲ ਨੂੰ ਰਾਸ਼ਟਰਕੂਟ ਇੰਦਰ ਦੇ ਡਰੋਂ ਮੁਕਤ ਕਰਵਾ ਕੇ ਗੱਦੀ ''ਤੇ ਬਿਠਾਇਆ। ਇਕ-ਦੂਜੇ ਦੇ ਸਹਿਯੋਗ ਨਾਲ ਚੰਦੇਲਕਾਲੀਨ ਸ਼ਾਸਨ ਦੀ ਫੌਜ ਸ਼ਕਤੀ ਵਧੀ ਅਤੇ ਸਾਰੇ ਰਾਜ ''ਚ ਖੁਸ਼ੀਆਂ ਛਾ ਗਈਆਂ। ਇਸੇ ਖੁਸ਼ੀ ''ਚ ਹਰਸ਼ਦੇਵ ਨੇ ਮਤੰਗੇਸ਼ਵਰ ਮੰਦਰ ਦਾ ਨਿਰਮਾਣ ਕਰਵਾਇਆ।
ਇਹ ਮੰਦਰ ਇਕਦਮ ਸਾਦਾ ਹੈ। ਕਿਤੇ ਵੀ ਕਿਸੇ ਤਰ੍ਹਾਂ ਦੀ ਸਜਾਵਟ ਨਹੀਂ ਮਿਲਦੀ। ਇਥੇ ਵਿਸ਼ਾਲ ਸ਼ਿਵਲਿੰਗ ਸਥਿਤ ਹੈ। ਸ਼ਿਵਲਿੰਗ ਦੇ ਫਰਸ਼ ਦੇ ਚਾਰੋਂ ਪਾਸੇ ਕੁਝ ਛੋਟੀਆਂ-ਮੋਟੀਆਂ ਸ਼ਿਵ ਤੇ ਗਣੇਸ਼ ਦੀਆਂ ਮੂਰਤੀਆਂ ਦੇਖਣ ਨੂੰ ਮਿਲਦੀਆਂ ਹਨ। ਮੰਦਰ ਦੇ ਵਿਹੜੇ ''ਚ ਇਕ ਪਾਸੇ ਵਿਸ਼ਾਲ ਨ੍ਰਤਕ ਗਣੇਸ਼ ਦੀ ਮੂਰਤੀ ਸਥਿਤ ਹੈ। ਮੰਦਰ ਦੀ ਦੱਖਣ ਦਿਸ਼ਾ ''ਚ ਇਕ ਤਲਾਬ ਹੈ। ਇਸ ਨੂੰ ਸ਼ਿਵਸਾਗਰ ਤਲਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਤਲਾਬ ਓਨਾ ਹੀ ਪੁਰਾਣਾ ਹੈ, ਜਿੰਨਾ ਕਿ ਮਤੰਗੇਸ਼ਵਰ ਮੰਦਰ।
ਸਾਰੇ ਬੁੰਦੇਲਖੰਡ ਖੇਤਰ ਦੇ ਲੋਕ ਸ਼ਿਵਲਿੰਗ ਨੂੰ ਇਸ਼ਟਦੇਵ ਦੇ ਰੂਪ ''ਚ ਪੂਜਦੇ ਹਨ। ਕਿਹਾ ਜਾਂਦਾ ਹੈ ਕਿ ਜੋ ਵੀ ਸ਼ਿਵ ਸਾਗਰ ਤਲਾਬ ''ਚ ਨਹਾਉਣ ਤੋਂ ਬਾਅਦ ਸ਼ਿਵਲਿੰਗ ''ਤੇ ਜਲ ਚੜ੍ਹਾਉਂਦਾ ਹੈ, ਉਸ ਦੇ ਸਾਰੇ ਪਾਪ ਧੋ ਹੋ ਜਾਂਦੇ ਹਨ ਅਤੇ ਕਾਰਜ ਸਿੱਧੀ ਹੁੰਦੀ ਹੈ। ਹਰ ਸੋਮਵਤੀ ਮੱਸਿਆ, ਸ਼ਿਵਰਾਤਰੀ ਤੇ ਸ਼ਿਵ ਜੀ ਦੇ ਜੀਵਨ ਨਾਲ ਸੰਬੰਧਤ ਹੋਰ ਤਿਉਹਾਰਾਂ ''ਤੇ ਲੋਕ ਇਥੇ ਆਉਂਦੇ ਹਨ। ਵਿਸ਼ੇਸ਼ ਰੂਪ ਨਾਲ ਸ਼ਿਵਰਾਤਰੀ ਦੇ ਦਿਨ ਮੰਦਰ ਦੇ ਵਿਹੜੇ ''ਚ ਵਿਸ਼ਾਲ ਜਨ -ਸਮੂਹ ਇਕੱਠਾ ਹੁੰਦਾ ਹੈ। ਇਸ ਜਨ-ਸਮੂਹ ''ਚ ਖਜੁਰਾਹੋ ਦੇ ਆਪ-ਪਾਸ ਦੇ ਪਿੰਡ ਵਾਸੀ ਹੁੰਦੇ ਹਨ, ਜੋ ਸ਼ਿਵ ਸਾਗਰ ''ਚ ਨਹਾਉਣ ਤੋਂ ਬਾਅਦ ਉਂਝ ਹੀ ਗਿੱਲੇ ਕੱਪੜਿਆਂ ''ਚ ਸ਼ਿਵਲਿੰਗ ''ਤੇ ਜਲ ਚੜ੍ਹਾਉਣ ਲਈ ਇਕੱਠੇ ਹੁੰਦੇ ਹਨ।
ਇਨ੍ਹਾਂ ਲੋਕਾਂ ਵਿਚਕਾਰ ਦੇਸੀ-ਵਿਦੇਸ਼ੀ ਸੈਲਾਨੀ ਆਪਣੇ ਕੈਮਰਿਆਂ ਸਮੇਤ ਇਥੇ-ਉਥੇ ਵੱਖਰੇ ਹੀ ਦਿਖਾਈ ਦਿੰਦੇ ਹਨ। ਇਹ ਭੀੜ ਸਵੇਰੇ ਚਾਰ ਵਜੇ ਤੋਂ ਸ਼ੁਰੂ ਹੁੰਦੀ ਹੈ, ਜੋ ਦਿਨ ''ਚ ਕਿਸੇ ਵੀ ਪਲ ਰੁਕਣ ਦਾ ਨਾਂ ਨਹੀਂ ਲੈਂਦੀ। ਇਸੇ ਕਾਰਨ ਛਤਰਪੁਰ ਪ੍ਰਸ਼ਾਸਨ ਨੂੰ ਸਖਤ ਵਿਵਸਥਾ ਕਰਨੀ ਪੈਂਦੀ ਹੈ। ਰਾਤ ਨੂੰ 12 ਵਜੇ ਮੰਦਰ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੁੰਦੀਆਂ ਹਨ ਤਾਂ ਸਾਰੀ ਰਾਤ ਘੰਟੀਆਂ ਦੀ ਗੂੰਜ ਖਤਮ ਨਹੀਂ ਹੁੰਦੀ। ਇਸ ਭੀੜ ''ਚ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਲੋਕ ਵੀ ਹੁੰਦੇ ਹਨ।