ਫਰਜ਼ ਪ੍ਰਤੀ ਮਹਾਰਥੀ ਕਰਨ ਦੀ ਵਫਾਦਾਰੀ

11/8/2017 11:44:41 AM

ਸੰਧੀ ਦਾ ਪ੍ਰਸਤਾਵ ਅਸਫਲ ਹੋਣ 'ਤੇ ਜਦੋਂ ਸ਼੍ਰੀ ਕ੍ਰਿਸ਼ਨ ਹਸਤਿਨਾਪੁਰ ਵਾਪਸ ਚੱਲੇ ਤਾਂ ਮਹਾਰਥੀ ਕਰਨ ਉਨ੍ਹਾਂ ਨੂੰ ਸਰਹੱਦ ਤਕ ਵਿਦਾ ਕਰਨ ਲਈ ਆਏ। ਰਾਹ 'ਚ ਕਰਨ ਨੂੰ ਸਮਝਾਉਂਦੇ ਹੋਏ ਸ਼੍ਰੀ ਕ੍ਰਿਸ਼ਨ ਨੇ ਕਿਹਾ - ਕਰਨ, ਤੁਸੀਂ ਸੂਤਪੁੱਤਰ ਨਹੀਂ ਹੋ। ਤੁਸੀਂ ਮਹਾਰਾਜਾ ਪਾਂਡੂ ਅਤੇ ਦੇਵੀ ਕੁੰਤੀ ਦੇ ਸਭ ਤੋਂ ਵੱਡੇ ਪੁੱਤਰ ਹੋ। ਜੇ ਦੁਰਯੋਧਨ ਦਾ ਸਾਥ ਛੱਡ ਕੇ ਪਾਂਡਵਾਂ ਦੇ ਹੱਕ 'ਚ ਆ ਜਾਓਗੇ ਤਾਂ ਤੁਰੰਤ ਤੁਹਾਡਾ ਰਾਜਤਿਲਕ ਕਰ ਦਿੱਤਾ ਜਾਵੇਗਾ।
ਇਹ ਸੁਣ ਕੇ ਕਰਨ ਨੇ ਉੱਤਰ ਦਿੱਤਾ-ਵਾਸੂਦੇਵ, ਮੈਂ ਜਾਣਦਾ ਹਾਂ ਕਿ ਮੈਂ ਮਾਤਾ ਕੁੰਤੀ ਦਾ ਪੁੱਤਰ ਹਾਂ ਪਰ ਜਦੋਂ ਸਾਰੇ ਲੋਕ ਸੂਤਪੁੱਤਰ ਕਹਿ ਕੇ ਮੇਰਾ ਨਿਰਾਦਰ ਕਰ ਰਹੇ ਸਨ, ਤਦ ਸਿਰਫ ਦੁਰਯੋਧਨ ਨੇ ਮੈਨੂੰ ਇੱਜ਼ਤ-ਮਾਣ ਦਿੱਤਾ। ਮੇਰੇ ਭਰੋਸੇ 'ਤੇ ਹੀ ਉਸਨੇ ਪਾਂਡਵਾਂ ਨੂੰ ਚੁਣੌਤੀ ਦਿੱਤੀ ਹੈ। ਕੀ, ਹੁਣ ਉਨ੍ਹਾਂ ਦੇ ਉਪਕਾਰਾਂ ਨੂੰ ਭੁੱਲ ਕੇ ਮੈਂ ਉਸ ਨਾਲ ਧੋਖਾ ਕਰਾਂ? ਇੰਝ ਕਰਕੇ  ਕੀ ਮੈਂ ਅਧਰਮ ਦਾ ਭਾਗੀ ਨਹੀਂ ਬਣਾਂਗਾ? ਮੈਂ ਇਹ ਜਾਣਦਾ ਹਾਂ ਕਿ ਜੰਗ 'ਚ ਜਿੱਤ ਪਾਂਡਵਾਂ ਦੀ ਹੋਵੇਗੀ ਪਰ ਤੁਸੀਂ ਮੈਨੂੰ ਆਪਣੇ ਫਰਜ਼ਾਂ ਤੋਂ ਕਿਉਂ ਬੇਮੁੱਖ ਕਰਨਾ ਚਾਹੁੰਦੇ ਹੋ? ਫਰਜ਼ ਪ੍ਰਤੀ ਕਰਨ ਦੀ ਵਫਾਦਾਰੀ ਨੇ ਸ਼੍ਰੀ ਕ੍ਰਿਸ਼ਨ ਨੂੰ ਲਾਜਵਾਬ ਕਰ ਦਿੱਤਾ।
ਇਸ ਪ੍ਰਸੰਗ 'ਚ ਫਰਜ਼ ਪ੍ਰਤੀ ਵਫਾਦਾਰੀ ਹੀ ਵਿਅਕਤੀ ਦੇ ਚਰਿੱਤਰ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ ਅਤੇ ਉਸ ਮਜ਼ਬੂਤੀ ਨੂੰ ਵੱਡੇ ਤੋਂ ਵੱਡਾ ਲਾਲਚ ਵੀ ਹਿਲਾ ਨਹੀਂ ਸਕਦਾ।  ਇਸ ਤੋਂ ਇਲਾਵਾ ਇਸ 'ਚ ਧਰਮ ਪ੍ਰਤੀ ਆਸਥਾ ਅਤੇ ਨਿਡਰਤਾ ਦੇ ਨਾਲ-ਨਾਲ ਸਵੈ-ਸਤਿਕਾਰ ਦਾ ਸਬੂਤ ਮਿਲਦਾ ਹੈ, ਜਿਸ ਨੂੰ ਚਰਿੱਤਰ ਦੀ ਖੂਬੀ ਮੰਨਿਆ ਜਾਂਦਾ ਹੈ।