ਖਿਮਾ ਜੀਵਨ ਨੂੰ ਸੁਖਾਲਾ ਬਣਾਉਂਦੀ ਹੈ

9/8/2017 11:08:20 AM

ਮੋਬਾਇਲ 'ਚੋਂ ਬੇਲੋੜੇ ਮੈਸੇਜ ਤੁਰੰਤ ਡਿਲੀਟ ਕਰ ਦਿੱਤੇ ਜਾਂਦੇ ਹਨ, ਜੁੱਤੀਆਂ 'ਤੇ ਲੱਗੀ ਮਿੱਟੀ ਸਾਨੂੰ ਪਲ ਭਰ ਵੀ ਚੰਗੀ ਨਹੀਂ ਲੱਗਦੀ। ਭੋਜਨ ਕਰਦੇ ਸਮੇਂ ਪਲੇਟ ਵਿਚ ਰੱਖੀ ਸਮੱਗਰੀ ਕੱਪੜਿਆਂ 'ਤੇ ਡਿਗ ਜਾਵੇ ਤਾਂ ਅਸੀਂ ਤੁਰੰਤ ਧੱਬਿਆਂ ਨੂੰ ਸਾਫ ਕਰ ਦਿੰਦੇ ਹਾਂ, ਤਾਂ ਫਿਰ ਮਨ ਦੀ ਤਖਤੀ 'ਤੇ ਉੱਕਰੇ, ਉਸ ਨੂੰ ਮੈਲਾ ਕਰਨ ਵਾਲੇ ਕਿੰਨੇ ਹੀ ਵਿਕਾਰਾਂ ਨੂੰ ਅਸੀਂ ਸਾਰੀ ਉਮਰ ਲੈ ਕੇ ਕਿਉਂ ਘੁੰਮਦੇ ਰਹਿੰਦੇ ਹਾਂ।
ਕਿਉਂ ਨਹੀਂ, ਉਨ੍ਹਾਂ ਨੂੰ ਵੀ ਸਮੇਂ-ਸਮੇਂ 'ਤੇ ਪ੍ਰਵਾਹਿਤ ਕਰ ਕੇ ਆਪਣੇ ਅੰਤਰ-ਮਨ ਨੂੰ ਨਿਰਮਲ ਕਰ ਲੈਂਦੇ। ਕੌੜੇ ਬੋਲ ਬੋਲਣ ਵਾਲੇ, ਮਾੜਾ ਵਿਵਹਾਰ ਕਰਨ ਵਾਲੇ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦੇ ਕੇ ਅਸੀਂ ਖੁਦ ਨੂੰ ਸੰਸਕਾਰ ਵਿਹੂਣੇ ਬਣਾ ਕੇ ਉਸੇ ਦੇ ਪੱਧਰ 'ਤੇ ਖੜ੍ਹਾ ਕਰ ਲੈਂਦੇ ਹਾਂ।
ਤਨ-ਮਨ ਨੂੰ ਤੰਦਰੁਸਤ ਰੱਖਣ ਦਾ ਇਕ ਹੀ ਰਸਤਾ ਹੈ ਕਿ ਅਸੀਂ ਇਨ੍ਹਾਂ ਵਿਕਾਰਾਂ ਪ੍ਰਤੀ ਖਿਮਾ ਦੀ ਭਾਵਨਾ ਨੂੰ ਵਾਣੀ ਦੇ ਨਾਲ-ਨਾਲ ਵਿਵਹਾਰ ਨਾਲ ਵੀ ਪ੍ਰਗਟ ਕਰੀਏ। ਇਸ ਨਾਲ ਸਾਡਾ ਹੰਕਾਰ ਵੀ ਘੱਟ ਹੋਵੇਗਾ ਅਤੇ ਸੰਭਵ ਹੈ ਕਿ ਸਾਡੀ ਨਿਮਰਤਾ ਤੋਂ ਪ੍ਰਭਾਵਿਤ ਹੋ ਕੇ ਸਾਹਮਣੇ ਵਾਲੇ ਦੀ ਮਨੋਬਿਰਤੀ ਵੀ ਬਦਲ ਜਾਵੇ। ਅਕਸਰ ਲੋਕਾਂ ਦੀ ਪ੍ਰੇਸ਼ਾਨੀ ਸੁਣ ਕੇ ਅਸੀਂ ਬੜੀ ਆਸਾਨੀ ਨਾਲ ਕਹਿ ਦਿੰਦੇ ਹਾਂ ਕਿ ਛੋਟੀ ਜਿਹੀ ਗੱਲ ਹੈ, ਭੁੱਲ ਜਾਓ ਪਰ ਇਸ ਗੱਲ ਨੂੰ ਕੀ ਅਸੀਂ ਕਦੇ ਖੁਦ 'ਤੇ ਵੀ ਲਾਗੂ ਕੀਤਾ ਹੈ? ਦਿਨ ਭਰ ਦੇ ਸਾਰੇ ਮਾੜੇ ਪ੍ਰਸੰਗਾਂ ਨੂੰ ਸੌਣ ਤੋਂ ਪਹਿਲਾਂ ਭੁਲਾ ਦਿੰਦੇ ਹਾਂ ਜਾਂ ਉਨ੍ਹਾਂ ਦੇ ਗੁੱਸੇ ਦੀ ਅੱਗ 'ਚ ਖੁਦ ਸੜਦੇ ਰਹਿੰਦੇ ਹਾਂ?
ਅਪਰਾਧ ਬੋਧ ਨਾ ਹੋਵੇ, ਇਸ ਲਈ ਅਸੀਂ ਆਪਣੀਆਂ ਭੁੱਲਾਂ ਨੂੰ ਉਚਿਤ ਠਹਿਰਾਉਣ ਲਈ ਬਦਲ ਲੱਭਦੇ ਰਹਿੰਦੇ ਹਾਂ ਪਰ ਇਹੀ ਅਪਰਾਧ ਬੋਧ ਅੰਤਰ-ਮਨ ਦੀ ਡੂੰਘਾਈ ਵਿਚ ਕਿਤੇ ਬੈਠ ਕੇ ਸਾਡੇ ਦਿਨ-ਪ੍ਰਤੀ-ਦਿਨ ਦੇ ਵਿਵਹਾਰ ਨੂੰ ਖਰਾਬ ਕਰ ਦਿੰਦਾ ਹੈ। ਗੁੱਸੇ ਅਤੇ ਬਦਲੇ ਦੀਆਂ ਨਕਾਰਾਤਮਕ ਭਾਵਨਾਵਾਂ ਆਪਣੇ ਨਾਲ ਸੰਜੋਅ ਕੇ ਰੱਖਣ 'ਤੇ ਉਹ ਸਾਡੇ 'ਤੇ ਹੀ ਘਾਤਕ ਪ੍ਰਭਾਵ ਛੱਡਦੀਆਂ ਰਹਿੰਦੀਆਂ ਹਨ। ਉਨ੍ਹਾਂ ਤੋਂ ਮੁਕਤੀ ਦਾ ਸਿਰਫ ਇਕੋ ਉਪਾਅ ਹੈ, ਖਿਮਾ ਕਰ ਦੇਣਾ।
ਖਿਮਾ ਸਾਡੇ ਦਿਨ ਦੇ ਰੁਝੇਵਿਆਂ ਨੂੰ ਵੀ ਆਸਾਨ ਬਣਾਉਂਦੀ ਹੈ, ਸਾਨੂੰ ਹਾਦਸਿਆਂ ਤੋਂ ਬਚਾਉੁਂਦੀ ਹੈ। ਖਿਮਾ ਦਾ ਕੋਈ ਇਕ ਦਿਨ ਨਿਸ਼ਚਿਤ ਨਹੀਂ, ਇਹ ਪਲ-ਪਲ ਸਾਡਾ ਸੁਰੱਖਿਆ ਕਵਚ ਹੈ। ਲਾਈਨ ਵਿਚ ਆਪਣੀ ਵਾਰੀ ਦੀ ਉਡੀਕ ਕਰਨਾ, ਖੱਬੇ ਚੱਲਣ ਦਾ ਨਿਯਮ, ਲਾਲ ਬੱਤੀ 'ਤੇ ਰੁਕਣਾ, ਇਹ ਸਭ ਖਿਮਾ ਦੇ ਹੀ ਰੂਪ ਹਨ। ਹਿੰਸਾ ਵਿਚ ਝੁਲਸਦੇ ਮਨੁੱਖ ਨੂੰ ਖਿਮਾ ਹੀ ਸੁਖੀ ਅਤੇ ਆਸਾਨ ਜੀਵਨ ਦਾ ਰਸਤਾ ਦਿਖਾਉਂਦੀ ਹੈ। ਖਿਮਾ ਦਾ ਸੰਦੇਸ਼ ਹੈ¸ਅਭਿਮਾਨ ਦੀ ਤੁਲਨਾ ਵਿਚ ਸੰਬੰਧਾਂ ਦੀ ਕੀਮਤ ਜ਼ਿਆਦਾ ਹੈ। ਮਨੋਂ ਖਿਮਾ ਕਰਨਾ ਅਤੇ ਖਿਮਾ ਭਾਵ ਦੇ ਉਲਟ ਆਪਣੇ ਵਿਵਹਾਰ ਨੂੰ ਬਦਲਣਾ ਹੀ ਪੂਰਨ ਖਿਮਾ ਹੈ।