ਭੋਲੇ ਭੰਡਾਰੀ ਦੀ ''ਰਾਜਧਾਨੀ'' ਕਾਸ਼ੀ

5/2/2016 7:24:42 AM

ਕਾਸ਼ੀ ਭਾਰਤ ਦੇ ਸਭ ਤੋਂ ਪ੍ਰਾਚੀਨ ਸ਼ਹਿਰਾਂ ''ਚੋਂ ਇਕ ਹੈ। ਪੁਰਾਣਾਂ ''ਚ ਇਸਦਾ ਪ੍ਰਤੱਖ ਵਰਣਨ ਮਿਲਦਾ ਹੈ। ਇਹ ਸ਼ੰਕਰ ਭਗਵਾਨ ਦੇ ਤ੍ਰਿਸ਼ੂਲ ''ਤੇ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਰਾਜਧਾਨੀ ਮੰਨੀ ਜਾਂਦੀ ਹੈ। ਤਾਂ ਹੀ ਇਹ ਤਿੰਨਾਂ ਲੋਕਾਂ ਤੋਂ ਨਿਆਰੀ ਆਖੀ ਜਾਂਦੀ ਹੈ। ਪਤਿਤ ਪਾਵਨੀ ਭਾਗੀਰਥੀ ਗੰਗਾ ਦੇ ਤੱਟ ''ਤੇ ਧਨੁਸ਼ਾਕਾਰ ''ਚ ਵਸੀ ਹੋਈ ਇਹ ਕਾਸ਼ੀ ਨਗਰੀ ਅਸਲ ਵਿਚ ਪਾਪਾਂ ਦੇ ਨਾਸ ਕਰਨ ਵਾਲੀ ਹੈ।
ਇਸ ਨਗਰੀ ਨੂੰ ਬਨਾਰਸ ਵੀ ਕਹਿੰਦੇ ਹਨ। ਵਰੁਣਾ ਅਤੇ 80 ਨਦੀਆਂ ਦੇ ਵਿਚਕਾਰ ਹੋਣ ਕਰਕੇ ਇਸ ਦਾ ਨਾਂ ਕਿਸੇ ਵੇਲੇ ਵਾਰਾਨਸੀ ਪਿਆ ਸੀ, ਜੋ ਵਿਗੜਦਾ-ਵਿਗੜਦਾ ਬਨਾਰਸ ਹੋ ਗਿਆ। ਸਰਕਾਰ ਨੇ ਫਿਰ ਇਸਦਾ ਨਾਂ ਵਾਰਾਨਸੀ ਰੱਖ ਦਿੱਤਾ ਹੈ। ਕੁਝ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਬਨਾਰ ਨਾਂ ਦੇ ਕਿਸੇ ਰਾਜਾ ਨੇ ਕਿਸੇ ਵੇਲੇ ਇਸਨੂੰ ਵਸਾਇਆ ਸੀ।
ਧਾਰਮਿਕ ਦ੍ਰਿਸ਼ਟੀ ਤੋਂ ਇਸਦਾ ਮਹੱਤਵ ਬਹੁਤ ਜ਼ਿਆਦਾ ਹੈ। ਭਗਵਾਨ ਸ਼ੰਕਰ ਨੂੰ ਇਹ ਗੱਦੀ ਬਹੁਤ ਪਿਆਰੀ ਹੈ। ਇਸ ਲਈ ਉਨ੍ਹਾਂ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਆਪਣਾ ਨਾਂ ''ਕਾਸ਼ੀਨਾਥ'' ਰੱਖਿਆ ਹੈ। ਮਾਂ ਗੰਗਾ, ਕਾਸ਼ੀ ਦੀ ਧਰਤੀ ''ਤੇ ਪਲਟ ਕੇ ਧੰਨ ਹੋ ਗਈ ਹੈ।
ਸਤਿਆਵਾਦੀ ਰਾਜਾ ਹਰੀਸ਼ ਚੰਦਰ ਵਿਕਣ ਲਈ ਹੋਰ ਕਿਤੇ ਨਹੀਂ ਗਏ, ਕਾਸ਼ੀ ''ਚ ਹੀ ਆਏ। ਭਗਵਾਨ ਬੁੱਧ ਨੇ ਗਿਆਨ ਦਾ ਪ੍ਰਥਮ ਉਪਦੇਸ਼ ਵੀ ਇਥੇ ਹੀ ਦਿੱਤਾ ਸੀ। ਸੰਤ ਕਬੀਰ ਨੇ ਇਥੇ ਜੁਲਾਹਾਗੀਰੀ ਕਰਦਿਆਂ ਹਿੰਦੂ-ਮੁਸਲਮਾਨ ਦੋਵਾਂ ਨੂੰ ਫਿਟਕਾਰਿਆ। ਤੁਲਸੀ ਦਾਸ ਜੀ ਨੇ ਇਥੇ ਬੈਠ ਕੇ ਰਾਮਚਰਿਤ ਮਾਨਸ ਦੀ ਰਚਨਾ ਕੀਤੀ।
ਸ਼ੰਕਰਾਚਾਰੀਆ ਨੂੰ ਆਚਾਰੀਆ ਦੀ ਉਪਾਧੀ ਵੀ ਇਥੇ ਹੀ ਮਿਲੀ। ਸਵਾਮੀ ਦਇਆਨੰਦ ਨੇ ਇਥੋਂ ਹੀ ਆਰੀਆ ਧਰਮ ਦੀ ਜਿੱਤ ਦਾ ਪਰਚਮ ਲਹਿਰਾਇਆ ਸੀ। ਵਾਰਾਨਸੀ ''ਚ ਕਈ ਦੇਸ਼ਭਗਤ ਪੈਦਾ ਹੋਏ ਤੇ ਕੁਝ ਪੜ੍ਹੇ-ਲਿਖੇ ਵੀ ਇਥੇ ਹੀ। ਮੁਸਲਮਾਨ ਰਾਜਿਆਂ ਨੇ ਇਸਦਾ ਮਹੱਤਵ ਨਸ਼ਟ ਕਰਨ ਲਈ ਕੀ ਕੁਝ ਨਹੀਂ ਕੀਤਾ ਪਰ ਕਾਸ਼ੀ ਦਾ ਮਹੱਤਵ ਅੱਜ ਵੀ ਘੱਟ ਨਹੀਂ ਹੋਇਆ।
ਕਾਸ਼ੀ ਪ੍ਰਾਚੀਨ ਕਾਲ ਤੋਂ ਸਿੱਖਿਆ ਦਾ ਕੇਂਦਰ ਰਹੀ ਹੈ। ਇਥੇ ਹਰੇਕ ਪੰਡਿਤ ਦਾ ਘਰ ਪਾਠਸ਼ਾਲਾ ਦੇ ਬਰਾਬਰ ਹੈ। ਇਥੇ ਪਹਿਲਾਂ ਗਲੀ-ਗਲੀ ''ਚ ਸੰਸਕ੍ਰਿਤ ਦੇ ਸਕੂਲ ਸਨ, ਜਿਥੇ ਮੁਫਤ ਸਿੱਖਿਆ ਦਿੱਤੀ ਜਾਂਦੀ ਸੀ। ਇਸੇ ਸੰਸਕ੍ਰਿਤ ਪੜ੍ਹਾਈ ਦੀ ਪੰ੍ਰਪਰਾ ਕਾਇਮ ਰੱਖਣ ਲਈ ਅੰਗਰੇਜ਼ੀ ਸਰਕਾਰ ਨੇ ਸੰਸਕ੍ਰਿਤ ਕਾਲਜ ਦੀ ਸਥਾਪਨਾ ਕੀਤੀ, ਜਿਸ ਨੂੰ ਹੁਣ ਭਾਰਤ ਸਰਕਾਰ ਨੇ ਸੰਸਕ੍ਰਿਤ ਯੂਨੀਵਰਸਿਟੀ ਦਾ ਰੂਪ ਦਿੱਤਾ ਹੈ।
ਇਸ ਦੇ ਇਲਾਵਾ ਮਹਾਪੁਰਸ਼ ਮਦਨ ਮੋਹਨ ਮਾਲਵੀਆ ਦੇ ਯਤਨਾਂ ਨਾਲ ਇਥੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਹੋਈ ਹੈ, ਜੋ ਸਰਕਾਰ ਦੇ ਮੁੱਖ ਵਿੱਦਿਆ ਕੇਂਦਰਾਂ ''ਚ ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ। ਇਥੇ ਸੰਸਾਰ ਦੀਆਂ ਅਨੇਕ ਭਾਸ਼ਾਵਾਂ ਅਤੇ ਲੱਗਭਗ ਸਾਰੇ ਪ੍ਰਾਚੀਨ ਅਤੇ ਆਧੁਨਿਕ ਵਿਸ਼ੇ ਪੜ੍ਹਾਏ ਜਾਂਦੇ ਹਨ। ਵਾਰਾਨਸੀ ''ਚ ਪੰਜ ਯੂਨੀਵਰਸਿਟੀਆਂ ਹਨ :
1. ਕਾਸ਼ੀ ਹਿੰਦੂ ਯੂਨੀਵਰਸਿਟੀ
2. ਸੰਪੂਰਨ ਸੰਸਕ੍ਰਿਤ ਯੂਨੀਵਰਸਿਟੀ
3. ਕਾਸ਼ੀ ਵਿੱਦਿਆਪੀਠ
4. ਤਿੱਬਤੀ ਪੜ੍ਹਾਈ ਦਾ ਇੰਸਟੀਚਿਊਟ
5. ਅਲੀਪੁਰ ਮੁਸਲਿਮ ਯੂਨੀਵਰਸਿਟੀ
ਕਾਸ਼ੀ ਦੀ ਇਕ ਇਹ ਵੀ ਵੱਡੀ ਵਿਸ਼ੇਸ਼ਤਾ ਹੈ ਕਿ ਇਥੋਂ ਦੇ ਹਿੰਦੂ, ਮੁਸਲਮਾਨ, ਈਸਾਈ, ਪੰਜਾਬੀ, ਬੰਗਾਲੀ, ਨੇਪਾਲੀ, ਤਿੱਬਤੀ, ਗੁਜਰਾਤੀ, ਮਦਰਾਸੀ, ਮਾਰਵਾੜੀ ਆਦਿ ਦੇ ਆਪਣੇ-ਆਪਣੇ ਸੁਤੰਤਰ ਮੁਹੱਲੇ ਹਨ।
ਵਪਾਰ ਅਤੇ ਕਾਰੋਬਾਰ ਦੀ ਨਜ਼ਰ ਤੋਂ ਵੀ ਕਾਸ਼ੀ ਦਾ ਮਹੱਤਵ ਕੂਝ ਘੱਟ ਨਹੀਂ ਹੈ। ਇਹ ਇਕ ਪ੍ਰਾਚੀਨ ਵਪਾਰਕ ਨਗਰ ਹੈ ਅਤੇ ਅੱਜ ਵੀ ਬਨਾਰਸੀ ਸਿਲਕ ਅਤੇ ਸਾੜ੍ਹੀ, ਲੰਗੜਾ ਅੰਬ, ਪਿੱਤਲ ਦੇ ਭਾਂਡੇ, ਲੱਕੜੀ ਦੇ ਖਿਡੌਣੇ, ਜਰਦੇ ਆਦਿ ਲਈ ਵਿਸ਼ਵ ਪ੍ਰਸਿੱਧ ਹੈ।
ਤੀਰਥ ਅਸਥਾਨ ਹੋਣ ਦੇ ਨਾਲ-ਨਾਲ ਇਹ ਸੁੰਦਰ ਦਰਸ਼ਨੀ ਸਥਾਨ ਵੀ ਹੈ। ਗੰਗਾ ਦੇ ਕਿਨਾਰੇ ਧਨੁਸ਼ਾਕਾਰ ''ਚ ਬਣੇ ਹੋਏ ਕਾਸ਼ੀ ਦੇ ਪੱਕੇ ਘਾਟ ਅਤੇ ਉਨ੍ਹਾਂ ਉਤੇ ਬਣੀਆਂ ਵੱਖ-ਵੱਖ ਰਾਜਿਆਂ ਦੀਆਂ ਹਵੇਲੀਆਂ ਦਰਸ਼ਕਾਂ ਨੂੰ ਮੋਹ ਲੈਂਦੀਆਂ ਹਨ। ਰਾਜਘਾਟ ਪੁਲ ਤੋਂ ਇਸ ਨਗਰ ਦੀ ਸ਼ੋਭਾ ਦੇਖਣ ਵਾਲੀ ਹੈ। ਰਾਤ ਸਮੇਂ ਇੰਝ ਲੱਗਦਾ ਹੈ ਜਿਵੇਂ ਸ਼ਹਿਰ ''ਚ ਰੋਜ਼ਾਨਾ ਦੀਵਾਲੀ ਦਾ ਤਿਉਹਾਰ ਹੋਵੇ। ਕਾਸ਼ੀ ਦੇ ਇਹ ਘਾਟ ਸੂਰਜ ਚੜ੍ਹਨ ਤੋਂ ਲੈ ਕੇ ਰਾਤ ਤਕ ਜਨਤਾ ਦੀ ਚਹਿਲ-ਪਹਿਲ ਨਾਲ ਭਰੇ ਰਹਿੰਦੇ ਹਨ। ਸ਼ਾਮ ਨੂੰ ਇਨ੍ਹਾਂ ਘਾਟਾਂ ਦਾ ਦ੍ਰਿਸ਼ ਅਤੇ ਗੰਗਾ ਦੀ ਧਰਤੀ ''ਤੇ ਨਿੱਕੀਆਂ ਹੁੰਦੀਆਂ ਬੇੜੀਆਂ ਦਾ ਪਾਣੀ ''ਤੇ ਠਿੱਲ੍ਹਣਾ ਮਨ ਨੂੰ ਮੋਹ ਲੈਣ ਵਾਲਾ ਹੁੰਦਾ ਹੈ।
ਇਥੇ ਕਈ ਸ਼ਿਵ ਮੰਦਿਰ ਹਨ। ਉਨ੍ਹਾਂ ਤੋਂ ਇਲਾਵਾ ਕਾਸ਼ੀ ਵਿਸ਼ਵਨਾਥ ਅਤੇ ਅੰਨਪੂਰਨਾ ਦਾ ਮੰਦਿਰ, ਭਾਰਤ ਮਾਤਾ ਦਾ ਮੰਦਰ, ਮਾਨ ਮੰਦਿਰ ਦਾ ਯੰਤਰਗ੍ਰਹਿ, ਸਾਰਨਾਥ, ਸੰਸਕ੍ਰਿਤ ਯੂਨੀਵਰਸਿਟੀ ਦੀਆਂ ਇਮਾਰਤਾਂ, ਕਾਸ਼ੀ ਹਿੰਦੂ ਯੂਨੀਵਰਸਿਟੀ, ਕਾਸ਼ੀ ਵਿੱਦਿਆਪੀਠ, ਰਾਮਨਗਰ ਦਾ ਕਿਲਾ, ਨਾਗਰੀ ਪ੍ਰਚਾਰਣੀ ਸਭਾ, ਦੁਰਗਾ ਮੰਦਿਰ, ਮਾਨਵ ਮੰਦਿਰ ਅਤੇ ਸੰਕਟ ਮੋਚਨ ਦਾ ਮੰਦਿਰ ਆਦਿ ਇਥੇ ਅਨੇਕ ਦਰਸ਼ਨੀ ਸਥਾਨ ਹਨ, ਜਿਨ੍ਹਾਂ ਨੂੰ ਦੇਖਣ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਸ਼ਰਧਾਲੂ ਯਾਤਰੀ ਆਉਂਦੇ ਹਨ।
ਇਨ੍ਹਾਂ ਸਭ ਦੇ ਇਲਾਵਾ ਕਾਸ਼ੀ ਦੀ ਪ੍ਰਮੁੱਖ ਵਿਸ਼ੇਸ਼ਤਾ ਇਥੋਂ ਦੀਆਂ ਭੀੜੀਆਂ ਗਲੀਆਂ ਹਨ। ਗਲੀਆਂ ਵਿਚ ਬਣੀਆਂ ਹੋਈਆਂ ਉੱਚੀਆਂ-ਉੱਚੀਆਂ ਪਥਰੀਲੀਆਂ ਹਵੇਲੀਆਂ। ਇਨ੍ਹਾਂ ਗਲੀਆਂ ''ਚ ਆਜ਼ਾਦੀ ਨਾਲ ਟਹਿਲ ਰਹੇ ਸਾਨ੍ਹ, ਗਊਆਂ, ਪੈਰ-ਪੈਰ ''ਤੇ ਮੱਠ, ਮੰਦਿਰ ਅਤੇ ਸ਼ਿਵਾਲੇ, ਹਰ ਪਲ ਸ਼ੰਖ, ਘੜਿਆਲ ਦੀਆਂ ਆਵਾਜ਼ਾਂ, ਆਰਤੀ, ਭਜਨ ਪੂਜਨ ਆਦਿ ਇਥੋਂ ਦੇ ਹੋਰ ਆਕਰਸ਼ਣ ਹਨ।
—ਅਰਵਿੰਦ ਕੁਮਾਰ ਦਿਵੇਦੀ