ਪਵਿੱਤਰ ਕੈਲਾਸ਼-ਮਾਨਸਰੋਵਰ ਯਾਤਰਾ

5/15/2017 7:33:36 AM

ਹਿਮਾਲਿਆ ਦੇ ਉੱਤਰ ''ਚ 6740 ਮੀ. ''ਚ ਸਥਿਤ ਪਵਿੱਤਰ ਕੈਲਾਸ਼ ਸਿਖਰ ਤੇ ਮਾਨਸਰੋਵਰ ਵੈਦਿਕ ਕਾਲ ਤੋਂ ਹੀ ਤਿੱਬਤੀਆਂ ਦੇ ਨਾਲ-ਨਾਲ ਭਾਰਤੀਆਂ ਦੀ ਵੀ ਧਾਰਮਿਕ ਆਸਥਾ ਤੇ ਅਧਿਆਤਮਕ ਪ੍ਰੇਰਣਾ ਦੇ ਸਰੋਤ ਰਹੇ ਹਨ। ਸੰਭਵ ਹੈ ਕਿ ਪੂਰੇ ਸੰਸਾਰ ''ਚ ਕੈਲਾਸ਼ ਹੀ ਇਕੋ-ਇਕ ਅਜਿਹਾ ਪਵਿੱਤਰ ਤੀਰਥ ਸਥਾਨ ਹੈ, ਜੋ ਇਕੱਠੇ ਚਾਰ ਵੱਖ-ਵੱਖ ਧਰਮਾਂ ਤਿੱਬਤੀ, ਬੌਧ, ਜੈਨੀ ਤੇ ਹਿੰਦੂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਹਿੰਦੂਆਂ ਲਈ ਕੈਲਾਸ਼ ਦੇਵਾਧਿਦੇਵ ਭਗਵਾਨ ਸ਼ਿਵ ਦਾ ਨਿਵਾਸ ਸਥਾਨ ਹੈ ਤਾਂ ਬੌਧ ਇਸ ਨੂੰ ਕਾਂਗਰਿੰਗਬੌਂਗ ਕਹਿੰਦੇ ਹਨ, ਜਦਕਿ ਪਹਿਲੇ ਤੀਰਥੰਕਰ ਰਿਸ਼ਭਦੇਵ ਦੇ ਇਥੇ ਨਿਰਵਾਣ ਪ੍ਰਾਪਤ ਕਰਨ ਕਾਰਨ ਇਹ ਜੈਨ ਧਰਮ ਵਾਲਿਆਂ ਲਈ ਬਹੁਤ ਪਵਿੱਤਰ ਤੇ ਪੂਜਨੀਕ ਹੈ ਤੇ ਤਿੱਬਤ ਦੇ ਮੂਲ ਨਿਵਾਸੀ ਬਾਂਪਾ ਪ੍ਰਾਚੀਨ ਕਾਲ ਤੋਂ ਕੈਲਾਸ਼ ਪਰਬਤ ਦੇ ਨੌਂਮੰਜ਼ਿਲਾ ਸਵਾਸਤਿਕ ਦੇ ਦਰਸ਼ਨ ਕਰਦੇ ਆਏ ਹਨ।
ਉਹ ਇਸ ਨੂੰ ਦੇਮਚੌਕ ਤੇ ਦੋਰਜੇ ਕਾਂਗਮੋਂ ਦਾ ਪਵਿੱਤਰ ਨਿਵਾਸ ਮੰਨਦੇ ਹਨ। ਹਿੰਦੂਆਂ ਦੇ ਪ੍ਰਾਚੀਨ ਗ੍ਰੰਥਾਂ ਅਨੁਸਾਰ ਮਾਨਸਰੋਵਰ (ਮਾਨਸ ਸਰੋਵਰ) ਦੀ ਉਤਪੱਤੀ ਬ੍ਰਹਮਾ ਜੀ ਦੇ ਦਿਮਾਗ ਤੋਂ ਹੋਈ। ਇਸ ਦੀ ਖੋਜ ਮਹਾਰਾਜ ਦਸ਼ਰਥ ਦੇ ਪੂਰਵਜ ਰਾਜਾ ਮਾਂਧਾਤਾ ਨੇ ਕੀਤੀ ਸੀ, ਜਿਨ੍ਹਾਂ ਦੇ ਨਾਂ ''ਤੇ ਇਸ ਖੇਤਰ ਦੇ ਸਭ ਤੋਂ ਉੱਚੇ ਪਰਬਤ ਸਿਖਰ ਨੂੰ ਗੁਰਲਾ ਮਾਂਧਾਤਾ ਕਿਹਾ ਜਾਂਦਾ ਹੈ। ਇਸ ਪਵਿੱਤਰ ਸਰੋਵਰ ਨੂੰ ਸਥਾਨਕ ਬੋਲੀ ''ਚ ਤਸੋਮਫਮ ਮਤਲਬ ਧਰਤੀ ਦੀਆਂ ਨਦੀਆਂ ਦੀ ਮਾਤਾ ਕਿਹਾ ਜਾਂਦਾ ਹੈ ਕਿਉਂਕਿ ਇਸ ਖੇਤਰ ਤੋਂ ਕੈਲਾਸ਼ ਮਾਨਸਰੋਵਰ ਦੀ ਪਰਿਕਰਮਾ ਜਿਹੀ ਕਰਦੀਆਂ ਹੋਈਆਂ ਚਾਰ ਵੱਡੀਆਂ ਨਦੀਆਂ ਸਿੰਧੂ, ਸਤਲੁਜ, ਬ੍ਰਹਮਪੁਤਰ ਤੇ ਕਰਨਾਲੀ ਨਿਕਲਦੀਆਂ ਹਨ।
ਭਾਵੇਂ ਹੱਥ ਦੇ ਆਕਾਰ ਵਾਲੀ ਇਸ ਵਿਸ਼ਾਲ ਝੀਲ ''ਚ ਕਈ ਛੋਟੀਆਂ ਨਦੀਆਂ ਤੇ ਬਰਫੀਲੀ ਪਹਾੜੀਆਂ ਦਾ ਪਾਣੀ ਲਗਾਤਾਰ ਇਕੱਠਾ ਹੁੰਦਾ ਰਹਿੰਦਾ ਹੈ ਪਰ ਪ੍ਰਤੱਖ ਤੌਰ ''ਤੇ ਇਸ ਤੋਂ ਕੋਈ ਨਦੀ-ਨਾਲਾ ਨਹੀਂ ਨਿਕਲਦਾ। ਇਹ ਸਮੁੰਦਰ ਦੀ ਸਤ੍ਹਾ ਤੋਂ 4,550 ਮੀਟਰ ਦੀ ਉਚਾਈ ''ਤੇ ਸਥਿਤ ਹੈ। ਇਸ ਦਾ ਘੇਰਾ ਲੱਗਭਗ 77 ਕਿ.ਮੀ., ਡੂੰਘਾਈ 90 ਮੀਟਰ ਤੇ ਖੇਤਰਫਲ 320 ਵਰਗ ਕਿ.ਮੀ. ਹੈ। ਇਨ੍ਹਾਂ ਨਦੀਆਂ ਦੇ ਉਤਪੱਤੀ ਸਥਾਨਾਂ ਨੂੰ ਉੱਤਰ ''ਚ ਸ਼ੇਰ ਮੁਖ, ਪੂਰਬ ''ਚ ਅਸ਼ਵ ਮੁਖ, ਦੱਖਣ ''ਚ ਚੋਰ ਮੁਖ ਅਤੇ ਪੱਛਮ ''ਚ ਗਜ ਮੁਖ ਨਾਂ ਨਾਲ ਪੁਕਾਰਿਆ ਜਾਂਦਾ ਹੈ। ਮਾਨਸਰੋਵਰ ਦੇ ਪੱਛਮ ''ਚ ਪਾਰਖਾ ਦੇ ਵਿਸ਼ਾਲ ਮੈਦਾਨ ਦੇ ਦੂਜੇ ਪਾਸੇ ਇਕ ਪਾਸੇ ਸੁੰਦਰ ਝੀਲ ਹੈ, ਜੋ ਗੰਗਾਛੂਯ ਨਾਂ ਦੀ ਕੁਦਰਤੀ ਨਹਿਰ ਨਾਲ ਮਾਨਸਰੋਵਰ ਨਾਲ ਜੁੜੀ ਹੈ। ਇਸ ਨੂੰ ਰਾਖਸ਼ ਤਾਲ (ਲੰਤਸੋ) ਕਿਹਾ ਜਾਂਦਾ ਹੈ। ਮਨਮੋਹਕ ਦ੍ਰਿਸ਼ ਵਾਲੀਆਂ ਇਹ ਦੋਵੇਂ ਵਿਸ਼ਾਲ ਝੀਲਾਂ ਦੋ ਮਨੁੱਖੀ ਅੱਖਾਂ ਵਾਂਗ ਲੱਗਦੀਆਂ ਹਨ। ਰਾਖਸ਼ ਤਾਲ ਮੁਕਾਬਲਤਨ ਕਾਫੀ ਵੱਡਾ ਹੈ। ਇਸ ਦੀਆਂ ਕਈ ਟੇਢੀਆਂ-ਮੇਢੀਆਂ ਭੁਜਾਵਾਂ ਹਨ, ਜੋ ਕਈ ਕਿਲੋਮੀਟਰ ਦੂਰ ਤਕ ਪਰਬਤਾਂ ''ਚ ਫੈਲੀਆਂ ਹੋਈਆਂ ਹਨ। ਇਸ ਦਾ ਘੇਰਾ 122 ਕਿ.ਮੀ. ਹੈ। ਨਿਰਮਲ ਸ਼ੀਤਲ ਤੇ ਨੀਲੇ ਰੰਗ ਵਾਲੀ ਇਹ ਝੀਲ 4,541 ਮੀ. ਦੀ ਉਚਾਈ ''ਤੇ ਸਥਿਤ ਹੈ। ਇਸ ਸਰੋਵਰ ਨੂੰ ''ਰਾਵਣ ਹ੍ਰਿਦ'' ਵੀ ਕਿਹਾ ਜਾਂਦਾ ਹੈ।
ਕੈਲਾਸ਼ ਪਰਬਤ ''ਚ ਨਾ ਤਾਂ ਕੋਈ ਮੰਦਿਰ ਹੈ ਅਤੇ ਨਾ ਹੀ ਉਥੇ ਕੋਈ ਦੇਵ ਮੂਰਤੀ ਸਥਾਪਿਤ ਹੈ। ਭਗਵਾਨ ਸ਼ਿਵ ਅਤੇ ਉਨ੍ਹਾਂ ਦੀ ਅਰਧਾਂਗਿਨੀ ਪਾਰਵਤੀ ਦਾ ਨਿਵਾਸ ਹੋਣ ਕਾਰਨ ਅਜਿਹੀ ਮਾਨਤਾ ਹੈ ਕਿ ਇਸ ਦੇ ਸ਼ਰਧਾਪੂਰਵਕ ਦਰਸ਼ਨ ਅਤੇ ਪਰਿਕਰਮਾ ਕਰਨ ਨਾਲ ਮੁਕਤੀ ਮਿਲਦੀ ਹੈ। ਇਕ ਪਾਸੇ ਉੱਤਰ ਦਿਸ਼ਾ ''ਚ ਧਵਲ ਹਿਮਾਚਲ ਕੈਲਾਸ਼ ਸਿਖਰ ਅਤੇ ਉਸ ਦੇ ਆਲੇ-ਦੁਆਲੇ ਦੂਰ ਤਕ ਫੈਲੀ ਪਰਬਤਮਾਲਾ, ਦੱਖਣ ''ਚ ਉਤੰਗਮਾਂਧਾਤਾ ਸਿਖਰ ਤੇ ਗੁਰਲਾ ਮਾਂਧਾਤਾ ਪਰਬਤ ਸ਼੍ਰੇਣੀ, ਪੱਛਮ ''ਚ ਰਾਖਣ ਤਾਲ ਅਤੇ ਪੂਰਬ ''ਚ ਗਾਂਗਡੀਸ ਪਰਬਤ ਮਾਲਾ ਦੇ ਵਿਚਾਲੇ ਹਰੇ ਨੀਲੇ ਰੰਗ ਵਾਲੇ ਪਵਿੱਤਰ ਮਾਨਸਰੋਵਰ ਦੇ ਨਿਰਮਲ, ਸਾਫ ਅਤੇ ਠੰਡੇ ਪਾਣੀ ਵਾਲੇ ਵਾਤਾਵਰਣ ''ਚ ਕੁਝ ਪਲ ਸ਼ਾਂਤ ਮਨ ਨਾਲ ਬੈਠਣ ਅਤੇ ਚਾਰੇ ਪਾਸੇ ਫੈਲੀ ਕੁਦਰਤੀ ਸੁੰਦਰਤਾ ਨਾਲ ਇਕ ਹੋਣ ਦਾ ਅਹਿਸਾਸ ਕਿਸੇ ਸਵਰਗ ਦੇ ਆਨੰਦ ਤੋਂ ਘੱਟ ਨਹੀਂ ਹੈ।
ਵੈਦਿਕ ਸਾਹਿਤ ''ਚ ਜਿਸ ਮੇਰੂ ਜਾਂ ਸੁਮੇਰੀ ਪਰਬਤ ਨੂੰ ਸੰਸਾਰ ਦਾ ਕੇਂਦਰ ਮੰਨਿਆ ਗਿਆ ਹੈ, ਸੰਭਵ ਹੈ ਉਹ ਕੈਲਾਸ਼ ਹੀ ਹੈ। ਕੈਲਾਸ਼ਪਤੀ ਦੀ ਆਕ੍ਰਿਤੀ ਇਕ ਵਿਰਾਟ ਸ਼ਿਵਲਿੰਗ ਵਾਂਗ ਹੈ। ਕੈਲਾਸ਼ ਪਰਿਕਰਮਾ ਇਸ ਦੇ ਚਾਰੇ ਪਾਸੇ ਫੈਲੇ ਕਮਲ ਆਕਾਰ ਸਿਖਰਾਂ ਦੇ ਨਾਲ ਹੀ ਸੰਪੰਨ ਹੁੰਦੀ ਹੈ, ਜਦਕਿ ਕੈਲਾਸ਼ ਦਾ ਸਿਖਰ ਅਣਛੂਹਿਆ ਹੀ ਰਹਿੰਦਾ ਹੈ ਕਿਉਂਕਿ ਉਸ ''ਤੇ ਚੜ੍ਹਨਾ ਮਨ੍ਹਾ ਹੈ। ਇਸ ਮੁਸ਼ਕਿਲ ਯਾਤਰਾ ''ਚ ਹਜ਼ਾਰਾਂ ਸਾਲਾਂ ਤੋਂ ਸ਼ਰਧਾਲੂ ਆਪਣੀ ਜਾਨ ਦਾ ਮੋਹ ਤਿਆਗ ਕੇ ਜਾਂਦੇ ਹਨ।
ਹਰੇਕ ਸਾਲ ਜੂਨ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਪਹਿਲੇ ਹਫਤੇ ਤਕ ਭਾਰਤ ਦਾ ਵਿਦੇਸ਼ ਮੰਤਰਾਲਾ ਕੁਮਾਯੂੰ ਮੰਡਲ ਵਿਕਾਸ ਨਿਗਮ ਨੈਨੀਤਾਲ ਦੇ ਸਹਿਯੋਗ ਨਾਲ ਇਸ ਯਾਤਰਾ ਦਾ ਆਯੋਜਨ ਕਰਦਾ ਹੈ। ਇਸ ਯਾਤਰਾ ਦੀ ਵਿਵਸਥਾ ਭਾਰਤੀ ਖੇਤਰ ''ਚ ਕੁਮਾਯੂੰ ਮੰਡਲ ਵਿਕਾਸ ਨਿਗਮ ਅਤੇ ਤਿੱਬਤ ''ਚ ਉਥੋਂ ਦੀ ਸੈਰ-ਸਪਾਟਾ ਏਜੰਸੀ ਕਰਦੀ ਹੈ। ਇਸ ਦੇ ਲਈ ਅਖਬਾਰਾਂ ਰਾਹੀਂ ਸ਼ਰਧਾਲੂਆਂ ਤੋਂ ਵਿਦੇਸ਼ ਮੰਤਰਾਲੇ ਦਾ ਪੂਰਬ ਏਸ਼ੀਆ ਹਿੱਸਾ ਫਰਵਰੀ ਮਾਰਚ ''ਚ ਵਿਗਿਆਪਨ ਪ੍ਰਕਾਸ਼ਿਤ ਕਰ ਕੇ ਅਰਜ਼ੀ ਮੰਗਦਾ ਹੈ, ਜਿਸ ਵਿਚ ਚੁਣੇ ਗਏ ਲੋਕਾਂ ਦਾ ਸਿਹਤ ਪ੍ਰੀਖਣ, ਪਾਸਪੋਰਟ, ਵੀਜ਼ਾ ਸੰਬੰਧੀ ਹੋਰ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਯਾਤਰਾ ਦੀ ਇਜਾਜ਼ਤ ਦਿੱਤੀ ਜਾਂਦੀ ਹੈ। (ਉਰਵਸ਼ੀ)
- ਸਰਵੇਸ਼ ਕੁਮਾਰ ''ਸੁਯਸ਼''