ਈਸ਼ਵਰ ਦਾ ਨਿਆਂ

8/19/2016 1:27:52 PM

ਇਕ ਦਿਨ ਰਸਤੇ ''ਚ ਇਕ ਮਹਾਤਮਾ ਆਪਣੇ ਚੇਲੇ ਨਾਲ ਘੁੰਮਣ ਲਈ ਨਿਕਲੇ। ਗੁਰੂ ਜੀ ਨੂੰ ਜ਼ਿਆਦਾ ਇਧਰ-ਉਧਰ ਦੀਆਂ ਗੱਲਾਂ ਕਰਨਾ ਪਸੰਦ ਨਹੀਂ ਸੀ। ਘੱਟ ਬੋਲਣਾ ਅਤੇ ਸ਼ਾਂਤੀ ਨਾਲ ਆਪਣਾ ਕੰਮ ਕਰਨਾ ਹੀ ਗੁਰੂ ਨੂੰ ਚੰਗਾ ਲੱਗਦਾ ਸੀ ਪਰ ਚੇਲਾ ਬਹੁਤ ਚੰਚਲ ਸੀ। ਉਸ ਨੂੰ ਹਮੇਸ਼ਾ ਇਧਰ-ਉਧਰ ਦੀਆਂ ਗੱਲਾਂ ਹੀ ਸੁੱਝਦੀਆਂ। ਉਸ ਨੂੰ ਦੂਜਿਆਂ ਦੀਆਂ ਗੱਲਾਂ ਵਿਚ ਬਹੁਤ ਮਜ਼ਾ ਆਉਂਦਾ ਸੀ।
ਤੁਰਦੇ-ਤੁਰਦੇ ਜਦੋਂ ਉਹ ਤਲਾਬ ਨੇੜੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇਕ ਮਛੇਰੇ ਨੇ ਨਦੀ ਵਿਚ ਜਾਲ ਪਾਇਆ ਹੋਇਆ ਹੈ। ਚੇਲਾ ਇਹ ਸਭ ਦੇਖ ਕੇ ਖੜ੍ਹਾ ਹੋ ਗਿਆ ਅਤੇ ਮਛੇਰੇ ਨੂੰ ''ਅਹਿੰਸਾ ਪਰਮੋ ਧਰਮ'' ਦਾ ਉਪਦੇਸ਼ ਦੇਣ ਲੱਗਾ ਪਰ ਮਛੇਰਾ ਕਿਥੇ ਸਮਝਣ ਵਾਲਾ ਸੀ। ਪਹਿਲਾਂ ਉਸ ਨੇ ਟਾਲਮਟੋਲ ਕਰਨੀ ਚਾਹੀ ਅਤੇ ਗੱਲ ਜਦੋਂ ਬਹੁਤ ਵੱਧ ਗਈ ਤਾਂ ਚੇਲੇ ਤੇ ਮਛੇਰੇ ਵਿਚਕਾਰ ਝਗੜਾ ਹੋ ਗਿਆ। ਇਹ ਝਗੜਾ ਦੇਖ ਕੇ ਗੁਰੂ ਜੀ ਜੋ ਉਨ੍ਹਾਂ ਤੋਂ ਬਹੁਤ ਅੱਗੇ ਚਲੇ ਗਏ ਸਨ, ਵਾਪਸ ਮੁੜੇ ਅਤੇ ਚੇਲੇ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਉਹ ਚੇਲੇ ਨੂੰ ਫੜ ਕੇ ਲੈ ਤੁਰੇ।
ਉਨ੍ਹਾਂ ਚੇਲੇ ਨੂੰ ਕਿਹਾ, ''''ਬੇਟਾ, ਸਾਡੇ ਵਰਗੇ ਸਾਧੂਆਂ ਦਾ ਕੰਮ ਸਿਰਫ ਸਮਝਾਉਣਾ ਹੈ ਪਰ ਈਸ਼ਵਰ ਨੇ ਸਾਨੂੰ ਸਜ਼ਾ ਦੇਣ ਲਈ ਧਰਤੀ ''ਤੇ ਨਹੀਂ ਭੇਜਿਆ।''''
ਚੇਲਾ ਪੁੱਛਣ ਲੱਗਾ, ''''ਮਹਾਰਾਜ ਨੂੰ ਨਾ ਤਾਂ ਬਹੁਤ ਸਾਰੀਆਂ ਸਜ਼ਾਵਾਂ ਬਾਰੇ ਪਤਾ ਹੈ ਅਤੇ ਨਾ ਹੀ ਸਾਡੇ ਰਾਜ ਦੇ ਰਾਜਾ ਬਹੁਤਿਆਂ ਨੂੰ ਸਜ਼ਾ ਦਿੰਦੇ ਹਨ ਤਾਂ ਆਖਿਰ ਇਨ੍ਹਾਂ ਨੂੰ ਸਜ਼ਾ ਕੌਣ ਦੇਵੇਗਾ?''''
ਚੇਲੇ ਦੀ ਇਸ ਗੱਲ ਦਾ ਜਵਾਬ ਦਿੰਦਿਆਂ ਗੁਰੂ ਜੀ ਬੋਲੇ, ''''ਬੇਟਾ, ਤੂੰ ਬੇਫਿਕਰ ਰਹਿ, ਇਸ ਨੂੰ ਵੀ ਸਜ਼ਾ ਦੇਣ ਵਾਲੀ ਇਕ ਆਲੌਕਿਕ ਸ਼ਕਤੀ ਇਸ ਦੁਨੀਆ ਵਿਚ ਮੌਜੂਦ ਹੈ, ਜਿਸ ਦੀ ਪਹੁੰਚ ਸਾਰੇ ਪਾਸੇ ਹੈ। ਈਸ਼ਵਰ ਦੀ ਨਜ਼ਰ ਸਭ ਪਾਸੇ ਹੈ ਅਤੇ ਉਹ ਸਭ ਜਗ੍ਹਾ ਪਹੁੰਚ ਜਾਂਦਾ ਹੈ। ਇਸ ਲਈ ਹੁਣ ਤੂੰ ਚੱਲ, ਇਸ ਝਗੜੇ ਵਿਚ ਪੈਣਾ ਠੀਕ ਨਹੀਂ।''''
ਚੇਲਾ ਗੁਰੂ ਜੀ ਦੀ ਗੱਲ ਸੁਣ ਕੇ ਸੰਤੁਸ਼ਟ ਹੋ ਗਿਆ ਅਤੇ ਉਨ੍ਹਾਂ ਨਾਲ ਚੱਲ ਪਿਆ।
ਇਸ ਗੱਲ ਨੂੰ ਠੀਕ 2 ਸਾਲ ਹੀ ਬੀਤੇ ਸਨ ਕਿ ਇਕ ਦਿਨ ਗੁਰੂ ਜੀ ਅਤੇ ਚੇਲਾ ਦੋਵੇਂ ਉਸੇ ਤਲਾਬ ਨੇੜਿਓਂ ਲੰਘ ਰਹੇ ਸਨ। ਚੇਲਾ ਵੀ ਹੁਣ 2 ਸਾਲ ਪਹਿਲਾਂ ਦੀ ਮਛੇਰੇ ਵਾਲੀ ਘਟਨਾ ਭੁੱਲ ਚੁੱਕਾ ਸੀ। ਉਨ੍ਹਾਂ ਉਸੇ ਤਲਾਬ ਨੇੜੇ ਦੇਖਿਆ ਕਿ ਇਕ ਸੱਪ ਬਹੁਤ ਤਕਲੀਫ ਵਿਚ ਸੀ। ਉਸ ਨੂੰ ਹਜ਼ਾਰਾਂ ਕੀੜੀਆਂ ਨੋਚ-ਨੋਚ ਕੇ ਖਾ ਰਹੀਆਂ ਸਨ। ਚੇਲੇ ਨੇ ਇਹ ਦ੍ਰਿਸ਼ ਦੇਖਿਆ ਅਤੇ ਉਸ ਕੋਲੋਂ ਰਿਹਾ ਨਾ ਗਿਆ। ਤਰਸ ਨਾਲ ਉਸ ਦਾ ਦਿਲ ਪਿਘਲ ਗਿਆ। ਉਹ ਸੱਪ ਨੂੰ ਕੀੜੀਆਂ ਤੋਂ ਬਚਾਉਣ ਲਈ ਜਾਣ ਹੀ ਵਾਲਾ ਸੀ ਕਿ ਗੁਰੂ ਜੀ ਨੇ ਉਸ ਦਾ ਹੱਥ ਫੜ ਲਿਆ ਅਤੇ ਉਸ ਨੂੰ ਰੋਕਦਿਆਂ ਕਿਹਾ, ''''ਬੇਟਾ, ਇਸ ਨੂੰ ਆਪਣੇ ਕਰਮਾਂ ਦਾ ਫਲ ਭੋਗਣ ਦੇ, ਜੇ ਤੂੰ ਇਸ ਨੂੰ ਰੋਕਣਾ ਚਾਹਿਆ ਤਾਂ ਇਸ ਵਿਚਾਰੇ ਨੂੰ ਮੁੜ ਦੂਜੇ ਜਨਮ ਵਿਚ ਇਹ ਦੁੱਖ ਭੋਗਣੇ ਪੈਣਗੇ ਕਿਉਂਕਿ ਕਰਮ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ।''''
ਚੇਲੇ ਨੇ ਪੁੱਛਿਆ, ''''ਗੁਰੂ ਜੀ, ਇਸ ਨੇ ਕਿਹੜਾ ਕਰਮ ਕੀਤਾ ਹੈ ਜੋ ਇਸ ਦੀ ਇਹ ਮਾੜੀ ਹਾਲਤ ਹੋਈ ਹੈ?''''
ਗੁਰੂ ਜੀ ਬੋਲੇ, ''''ਇਹ ਉਹੀ ਮਛੇਰਾ ਹੈ ਜਿਸ ਨੂੰ ਤੂੰ ਪਿਛਲੇ ਸਾਲ ਇਸੇ ਥਾਂ ''ਤੇ ਮੱਛੀਆਂ ਨੂੰ ਨਾ ਮਾਰਨ ਦਾ ਉਪਦੇਸ਼ ਦੇ ਰਿਹਾ ਸੀ ਅਤੇ ਉਹ ਤੇਰੇ ਨਾਲ ਲੜਨ ਲਈ ਅੱਗ-ਬਬੂਲਾ ਹੋ ਰਿਹਾ ਸੀ। ਉਹ ਮੱਛੀਆਂ ਹੀ ਕੀੜੀਆਂ ਹਨ ਜੋ ਇਸ ਨੂੰ ਨੋਚ-ਨੋਚ ਕੇ ਖਾ ਰਹੀਆਂ ਹਨ।''''
ਇਹ ਸੁਣ ਕੇ ਚੇਲਾ ਹੈਰਾਨ ਰਹਿ ਗਿਆ ਅਤੇ ਬੋਲਿਆ, ''''ਗੁਰੂ ਜੀ, ਇਹ ਤਾਂ ਬੜਾ ਅਨੋਖਾ ਨਿਆਂ ਹੈ।''''
ਗੁਰੂ ਜੀ ਨੇ ਕਿਹਾ, ''''ਬੇਟਾ, ਇਸੇ ਲੋਕ ਵਿਚ ਸਵਰਗ-ਨਰਕ ਦੇ ਸਾਰੇ ਦ੍ਰਿਸ਼ ਮੌਜੂਦ ਹਨ, ਹਰ ਪਲ ਤੈਨੂੰ ਈਸ਼ਵਰ ਦੇ ਨਿਆਂ ਦੇ ਨਮੂਨੇ ਦੇਖਣ ਨੂੰ ਮਿਲ ਸਕਦੇ ਹਨ। ਭਾਵੇਂ ਤੇਰੇ ਕਰਮ ਚੰਗੇ ਹੋਣ ਜਾਂ ਮਾੜੇ, ਉਨ੍ਹਾਂ ਦਾ ਫਲ ਤੈਨੂੰ ਭੋਗਣਾ ਹੀ ਪੈਂਦਾ ਹੈ।''''