ਵਿਆਖਿਆ ਸ੍ਰੀ ਜਪੁ ਜੀ ਸਾਹਿਬ

9/19/2016 7:02:49 AM

ਜਿਵੇਂ ਗੁਰੂ ਘਰ ਦੇ ਉੱਪਰ ਨਿਸ਼ਾਨ ਸਾਹਿਬ ਸ਼ੋਭਾ ਪਾਉਂਦਾ ਹੈ, ਇਵੇਂ ਹੀ ਇਨ੍ਹਾਂ ਮਹਾਪੁਰਸ਼ਾਂ ਨੂੰ ਵੀ ਸਾਰੇ ਪ੍ਰਾਣੀਆਂ ਤੋਂ ਵੱਧ ਕੇ ਸੱਚ ਦਰਬਾਰ ਵਿਚ ਸਵੀਕਾਰ ਕਰ ਕੇ ਸਨਮਾਨਿਆ ਜਾਂਦਾ ਹੈ, ਸਗੋਂ ਇਹ ਕਿਹਾ ਜਾਵੇ ਤਾਂ ਜ਼ਿਆਦਾ ਠੀਕ ਹੋਵੇਗਾ ਕਿ ਇਨ੍ਹਾਂ ਕਾਰਨ ਸੱਚੇ ਦਰਬਾਰ ਦੀ ਸ਼ੋਭਾ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਕਚ ਪਕਾਈ, ਓਥੈ ਪਾਇ ਨਾਨਕ ਗਇਆ ਜਾਪੈ ਜਾਇ ਸੱਚੇ ਦਰਬਾਰ ਵਿਚ ਜਾ ਕੇ ਹੀ ਪ੍ਰਾਣੀ ਨੂੰ ਪੂਰਾ ਪਤਾ ਚਲਦਾ ਹੈ ਕਿ ਉਹ ਕੱਚਾ ਹੈ ਜਾਂ ਪੱਕਾ। ਕਿੰਨਾ ਕੁ ਕੱਚਾ ਹੈ, ਹੋਰ ਕਿੰਨਾ ਅੱਗੇ ਵਧਣ ਦੀ ਲੋੜ ਹੈ। ਇਹ ਇਕ ਵੱਡਾ ਅਸਚਰਜ ਹੈ ਕਿ ਖ਼ੁਦ ਪ੍ਰਾਣੀ ਆਪਣੇ ਆਪ ਨੂੰ ਪੂਰਾ ਨਹੀਂ ਜਾਣ ਸਕਦਾ ਕਿ ਉਹ ਪਾਸ ਹੈ ਜਾਂ ਫੇਲ।
ਦੁਨਿਆਵੀ ਪੜ੍ਹਾਈ ਵਿਚ ਵੀ ਇਹੋ ਗੱਲ ਹੈ ਤਾਂ ਫਿਰ ਰੂਹਾਨੀ ਪੜ੍ਹਾਈ ਅਤੇ ਚੁਰਾਸੀ ਦੇ ਚੱਕਰ ਤੋਂ ਪਾਰ ਜਾਣ ਦੀ ਯਾਤਰਾ ਬਾਰੇ ਉਹ ਕਿਵੇਂ ਜਾਣ ਸਕਦਾ ਹੈ। ਵਿਦਿਆਰਥੀ ਪ੍ਰੀਖਿਆ ਦੇ ਆਉਂਦੇ ਹਨ ਪਰ ਕੀ ਗਰੇਡਿੰਗ ਮਿਲੇਗੀ, ਇਸ ਦੇ ਬਹੁਤੇ ਅੰਦਾਜ਼ੇ ਉਨ੍ਹਾਂ ਦੇ ਸਹੀ ਨਹੀਂ ਹੁੰਦੇ।
ਇਕ ਪ੍ਰਾਣੀ ਕੰਮਕਾਜ, ਵਿਵਹਾਰ, ਜਪ-ਤਪ ਕਰਦਾ ਰਹਿੰਦਾ ਹੈ, ਉਹ ਖ਼ੁਦ ਭਾਵੇਂ ਆਪਣੇ ਆਪ ਨੂੰ ਧਰਮਾਤਮਾ ਮੰਨੇ ਪਰ ਇਹ ਬਿਲਕੁਲ ਜ਼ਰੂਰੀ ਨਹੀਂ ਕਿ ਉਸ ਦੀ ਇਹ ਸੋਚ ਸਹੀ ਹੀ ਹੋਵੇ। ਲੋਕੀਂ ਉਹਦੀ ਜੈ-ਜੈਕਾਰ ਕਰਨ, ਮਹੰਤ-ਗਿਆਨੀ ਕਹਿ ਕੇ ਉਸ ਨੂੰ ਸਨਮਾਨਿਤ ਕਰਨ ਪਰ ਇਹ ਜ਼ਰੂਰੀ ਨਹੀਂ ਕਿ ਸੱਚੇ ਦਰਬਾਰ ਵਿਚ ਵੀ ਉਸ ਦੀ ਜੈ-ਜੈਕਾਰ ਹੋਵੇਗੀ। ਪ੍ਰਾਣੀ ''ਚ ਜਦ ਤਕ ਹਉਮੈ ਹੈ, ਉਦੋਂ ਤਕ ਉਸ ਦੇ ਆਪਣੀ ਧੰਨ-ਧੰਨਤਾ ਤੇ ਵਿਦਵਤਾ ਦੇ ਬ੍ਰਹਮਗਿਆਨੀ ਪਣੇ ਦੇ ਲਗਾਏ ਹੋਏ ਅੰਦਾਜ਼ੇ ਗਲਤ ਹੋਣ ਦੀ ਪੂਰੀ ਸੰਭਾਵਨਾ ਹੈ। ਦੂਜਿਆਂ ਬਾਰੇ ਤਾਂ ਇਸ ਤਰ੍ਹਾਂ ਦੇ ਫੈਸਲੇ ਲੈ ਹੀ ਨਹੀਂ ਸਕਦਾ।
ਕਿਉਂਕਿ ਹਉਮੈ ਦੀ ਇਕ ਖਾਸ ਗੱਲ ਹੈ ਕਿ ਇਕ ਕਾਰਨ ਪ੍ਰਾਣੀ ਨੂੰ ਉਲਟਾ ਦਿਖਾਈ ਦਿੰਦਾ ਹੈ। ਆਪਣੇ ਅੰਦਰ ਦੀਆਂ ਲੁਕੀਆਂ-ਛੁਪੀਆਂ ਕਮੀਆਂ ਉਸ ਨੂੰ ਦੂਸਰੇ ਵਿਚ (ਜਿਥੇ ਵੀ ਹਉਮੈ ਦਾ ਟਕਰਾਓ ਹੋ ਜਾਵੇ, ਉਥੇ) ਦਿਖਾਈ ਦਿੰਦੀਆਂ ਹਨ। ਦੂਸਰਿਆਂ ਦੀਆਂ ਖੂਬੀਆਂ ਨੂੰ ਉਹ ਮੱਲੋਮੱਲੀ ਆਪਣੇ ਆਪ ਵਿਚ ਹੋਣ ਦੀ ਕਲਪਨਾ ਕਰਦਾ ਹੈ—ਉਹਨੇ ਇਹ ਕੰਮ ਕੀਤਾ ਪਰ ਜੇ ਮੈਂ ਹੁੰਦਾ ਤਾਂ ਇੰਝ ਇਹ ਕੰਮ ਹੋਰ ਵੀ ਵਧੀਆ ਤਰੀਕੇ ਨਾਲ ਕੀਤਾ ਜਾਣਾ ਸੀ।