ਖੁਦ ਵਿਚ ਮਿਲਦੀ ਹੈ ਸਾਨੂੰ ਅਸਲ ਖੁਸ਼ੀ

4/17/2017 2:44:31 PM

ਲੋਕ ਵੱਖ-ਵੱਖ ਢੰਗਾਂ ਨਾਲ ਖੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਇਸ ਨੂੰ ਧਨ-ਦੌਲਤ ਤੇ ਦੁਨਿਆਵੀ ਚੀਜ਼ਾਂ ਵਿਚ ਲੱਭਦੇ ਹਨ, ਕੁਝ ਇਸ ਨੂੰ ਪ੍ਰਸਿੱਧੀ ਰਾਹੀਂ ਹਾਸਿਲ ਕਰਨਾ ਚਾਹੁੰਦੇ ਹਨ। ਜ਼ਿਆਦਾਤਰ ਲੋਕ ਆਪਣੀਆਂ ਇੱਛਾਵਾਂ ਪੂਰੀਆਂ ਕਰ ਕੇ ਖੁਸ਼ੀਆਂ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਡੀ ਜ਼ਿੰਦਗੀ ਐਵੇਂ ਹੀ ਲੰਘਦੀ ਜਾਂਦੀ ਹੈ, ਜਿਸ ਵਿਚ ਅਸੀਂ ਇਕ ਤੋਂ ਬਾਅਦ ਇਕ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਹੀ ਲੱਗੇ ਰਹਿੰਦੇ ਹਾਂ।
ਸਮੱਸਿਆ ਇਹ ਹੈ ਕਿ ਸਾਡੀਆਂ ਇੱਛਾਵਾਂ ਦਾ ਕੋਈ ਅੰਤ ਹੀ ਨਹੀਂ ਹੁੰਦਾ। ਜਦੋਂ ਇਕ ਇੱਛਾ ਪੂਰੀ ਹੋ ਜਾਂਦੀ ਹੈ ਤਾਂ ਸਾਡੇ ਅੰਦਰ ਦੂਜੀ ਪੈਦਾ ਹੋ ਜਾਂਦੀ ਹੈ। ਜਦੋਂ ਉਹ ਵੀ ਪੂਰੀ ਹੋ ਜਾਂਦੀ ਹੈ ਤਾਂ ਕੋਈ ਹੋਰ ਇੱਛਾ ਪੈਦਾ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ ਕੋਈ ਹੋਰ ਇੱਛਾ ਜਾਗ ਜਾਂਦੀ ਹੈ।
ਇਹ ਸੱਚ ਹੈ ਕਿ ਆਧੁਨਿਕ ਸੱਭਿਅਤਾ ਸਾਡੇ ਅੰਦਰ ਨਵੀਆਂ-ਨਵੀਆਂ ਇੱਛਾਵਾਂਪੈਦਾ ਕਰਦੀ ਹੈ। ਅਸੀਂ ਪੋਸਟਰਾਂ, ਹੋਰਡਿੰਗਜ਼, ਟੀ. ਵੀ. ਤੇ ਰੇਡੀਓ ''ਤੇ ਰੋਜ਼ ਨਵੇਂ-ਨਵੇਂ ਇਸ਼ਤਿਹਾਰ ਦੇਖਦੇ-ਸੁਣਦੇ ਹਾਂ। ਜੇ ਅਸੀਂ ਇਨ੍ਹਾਂ ਚੀਜ਼ਾਂ ''ਤੇ ਵਿਚਾਰ ਕਰੀਏ ਤਾਂ ਦੇਖਾਂਗੇ ਕਿ ਇਹ ਸਾਨੂੰ ਉਹ ਸਥਾਈ ਖੁਸ਼ੀਆਂ ਨਹੀਂ ਦਿੰਦੀਆਂ, ਜਿਨ੍ਹਾਂ ਦਾ ਸਾਡੇ ਨਾਲ ਵਾਅਦਾ ਕੀਤਾ ਜਾਂਦਾ ਹੈ। ਅਸੀਂ ਥੋੜ੍ਹੇ ਸਮੇਂ ਲਈ ਜ਼ਰੂਰ ਇਨ੍ਹਾਂ ਤੋਂ ਖੁਸ਼ੀ ਹਾਸਿਲ ਕਰਦੇ ਹਾਂ ਪਰ ਇਨ੍ਹਾਂ ਦੇ ਗੁਆਚ ਜਾਣ ਜਾਂ ਖਤਮ ਹੋ ਜਾਣ ਜਾਂ ਰਿਸ਼ਤੇ-ਨਾਤਿਆਂ ਦੇ ਟੁੱਟ ਜਾਣ ਜਾਂ ਦੂਰ ਹੋ ਜਾਣ ਨਾਲ ਸਾਨੂੰ ਬਹੁਤ ਦੁੱਖ ਤੇ ਪੀੜਾ ਸਹਿਣ ਕਰਨੀ ਪੈਂਦੀ ਹੈ। ਜ਼ਿੰਦਗੀ ਵਿਚ ਕਿਸੇ ਨਾ ਕਿਸੇ ਮੋੜ ''ਤੇ ਸਾਨੂੰ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਬਾਹਰਲੇ ਸੰਸਾਰ ਦੀਆਂ ਖੁਸ਼ੀਆਂ ਕੁਝ ਹੀ ਪਲਾਂ ਦੀਆਂ ਹਨ, ਇਹ ਆਰਜ਼ੀ ਭੁਲੇਖਾ ਹੈ। ਦੁਨੀਆ ਦੀ ਹਰੇਕ ਚੀਜ਼ ਇਕ ਨਾ ਇਕ ਦਿਨ ਖਤਮ ਜ਼ਰੂਰ ਹੋਣੀ ਹੈ। ਅਖੀਰ ਸਾਨੂੰ ਵੀ ਇਕ ਦਿਨ ਸੰਸਾਰ ਤੋਂ ਜਾਣਾ ਹੀ ਪਵੇਗਾ ਅਤੇ ਸਾਡੀਆਂ ਸਾਰੀਆਂ ਮਨਪਸੰਦ ਚੀਜ਼ਾਂ ਇਥੇ ਹੀ ਰਹਿ ਜਾਣਗੀਆਂ। ਇਸ ਲਈ ਲੋੜ ਹੈ ਸਹੀ ਤਰ੍ਹਾਂ ਦੀ ਇੱਛਾ ਰੱਖਣ ਦੀ।
ਯੁੱਗਾਂ-ਯੁੱਗਾਂ ਤੋਂ ਸੰਤ-ਮਹਾਪੁਰਸ਼ ਇਹੋ ਦੱਸਦੇ ਆਏ ਹਨ ਕਿ ਸੱਚੀ ਖੁਸ਼ੀ ਸਾਨੂੰ ਜ਼ਰੂਰ ਮਿਲ ਸਕਦੀ ਹੈ ਪਰ ਉਸ ਨੂੰ ਅਸੀਂ ਸਿਰਫ ਆਪਣੇ ਅੰਤਰ ਵਿਚ ਪਾ ਸਕਦੇ ਹਾਂ। ਜੇ ਅਸੀਂ ਬਾਹਰਲੇ ਸੰਸਾਰ ਵਿਚ ਉਸ ਨੂੰ ਲੱਭਾਂਗੇ ਤਾਂ ਸਾਨੂੰ ਨਿਰਾਸ਼ਾ ਹੀ ਮਿਲੇਗੀ। ਜੇ ਅਸੀਂ ਦੁਨਿਆਵੀ ਚੀਜ਼ਾਂ ਵਿਚ ਉਸ ਨੂੰ ਲੱਭਾਂਗੇ ਤਾਂ ਸਾਨੂੰ ਨਿਰਾਸ਼ਾ ਹੀ ਮਿਲੇਗੀ।
ਸੱਚੀ ਖੁਸ਼ੀ ਹਾਸਿਲ ਕਰਨੀ ਇੰਨੀ ਵੀ ਮੁਸ਼ਕਿਲ ਨਹੀਂ, ਜਿੰਨੀ ਅਸੀਂ ਸੋਚਦੇ ਹਾਂ। ਸਥਾਈ ਖੁਸ਼ੀ ਸਾਨੂੰ ਜ਼ਰੂਰ ਮਿਲ ਸਕਦੀ ਹੈ ਜੇ ਅਸੀਂ ਉਸ ਨੂੰ ਸਹੀ ਥਾਂ ''ਤੇ ਲੱਭੀਏ ਅਤੇ ਉਹ ਸਹੀ ਥਾਂ ਹੈ ਅਸੀਂ ਖੁਦ। ਜੇ ਅਸੀਂ ਆਪਣੇ ਅੰਤਰ ਵਿਚ ਸੱਚੇ ਆਤਮਿਕ ਸਰੂਪ ਨੂੰ ਮਹਿਸੂਸ ਕਰ ਲਵਾਂਗੇ ਤਾਂ ਸਾਨੂੰ ਇੰਨੀਆਂ ਜ਼ਿਆਦਾ ਖੁਸ਼ੀਆਂ ਤੇ ਪਿਆਰ ਮਿਲੇਗਾ ਜੋ ਸੰਸਾਰ ਦੀ ਕਿਸੇ ਵੀ ਇੱਛਾ ਦੀ ਪੂਰਤੀ ਤੋਂ ਸਾਨੂੰ ਨਹੀਂ ਮਿਲ ਸਕਦਾ।