ਗੁਰਦੁਆਰਾ ਧੁਬੜੀ ਸਾਹਿਬ ਪਾਤਸ਼ਾਹੀ ਨੌਵੀਂ ਅਸਾਮ

9/11/2017 7:39:42 AM

ਇਹ ਅਸਥਾਨ ਕਸਬਾ ਧੁਬੜੀ (ਅਸਾਮ) ਵਿਚ ਸਥਿਤ ਹੈ। ਇਸ ਸਥਾਨ 'ਤੇ ਗੁਰੂ ਨਾਨਕ ਦੇਵ ਤੇ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ। ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਜਾਰੀ ਰੱਖਦੇ ਹੋਏ ਮੁਰਸ਼ਦਾਬਾਦ, ਕ੍ਰਿਸ਼ਨਗੜ੍ਹ, ਸ਼ਹਿਜ਼ਾਦਪੁਰ, ਦੇਵੀਪੁਰ ਢਾਕਾ (ਬੰਗਲਾਦੇਸ਼) ਅਤੇ ਧੰਨਪੁਰ ਵੀ ਗਏ। ਢਾਕਾ ਵਿਚ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਨਾਨਕਸ਼ਾਹੀ ਹੈ। ਇਥੇ ਗੁਰੂ ਜੀ ਦੀਆਂ ਪਵਿੱਤਰ ਖੜਾਵਾਂ ਨਿਸ਼ਾਨੀ ਵਜੋਂ ਪਈਆਂ ਹਨ। ਇਹ ਸਥਾਨ ਢਾਕਾ ਯੂਨੀਵਰਸਿਟੀ ਦੇ ਬਹੁਤ ਨਜ਼ਦੀਕ ਹੈ, ਲੰਗਰ ਤੇ ਰਹਿਣ ਦਾ ਪ੍ਰਬੰਧ ਹੈ। ਢਾਕੇ ਤੋਂ ਉੱਤਰ ਬਾਹੀ ਵੱਲ ਕਰੀਬ 120 ਕਿ. ਮੀ. ਦੂਰ ਮੈਮਨ ਸਿੰਘ ਵਾਲਾ ਵਿਖੇ ਨਾਨਕ ਮੰਦਿਰ ਨਾਂ ਦਾ ਗੁਰਦੁਆਰਾ ਹੈ।
ਚਿਟਾਗਾਂਗ/ਚਿਟਾਗਾਉਂ ਢਾਕੇ ਤੋਂ ਦੱਖਣ-ਪੂਰਬ ਵੱਲ ਬੰਗਲਾਦੇਸ਼ ਦੀ ਪ੍ਰਸਿੱਧ ਬੰਦਰਗਾਹ ਹੈ, ਇਸ ਸ਼ਹਿਰ ਵਿਚ ਸਿੱਖ ਟੈਂਪਲ ਨਾਂ ਦਾ ਗੁਰਦੁਆਰਾ ਹੈ, ਗੁਰੂ ਨਾਨਕ ਦੇਵ ਜੀ ਇਥੇ ਵੀ ਆਏ ਸਨ। ਢਾਕੇ ਤੋਂ ਗੁਰੂ ਨਾਨਕ ਦੇਵ ਧੰਨਪੁਰ ਗਏ। ਇਥੇ ਮਰਦਾਨੇ ਨੂੰ ਬਹੁਤ ਭੁੱਖ ਲੱਗੀ, ਉਹ ਭੋਜਨ ਦੀ ਪ੍ਰਾਪਤੀ ਲਈ ਪਿੰਡ ਵਿਚ ਗਏ ਤੇ ਇਥੇ ਇਕ ਜਾਦੂਗਰਨੀ ਨੇ ਆਪਣੇ ਜਾਦੂ ਦੁਆਰਾ ਮਰਦਾਨੇ ਨੂੰ ਭੇਡ ਦੇ ਲੇਲੇ ਵਿਚ ਬਦਲ ਦਿੱਤਾ ਤੇ ਉਹ ਲੇਲੇ ਵਾਂਗ ਹਰਕਤਾਂ ਕਰਨ ਲੱਗਾ। ਗੁਰੂ ਨਾਨਕ ਮਰਦਾਨੇ ਨੂੰ ਛੁਡਾਉਣ ਲਈ ਅਗਿਆਨ ਵਿਚ ਫਸੀਆਂ ਇਨ੍ਹਾਂ ਬੀਬੀਆਂ ਨੂੰ ਸੁਮਾਰਗ 'ਤੇ ਚਲਾਉਣ ਲਈ ਉਥੇ ਪਹੁੰਚੇ। ਜਦ ਗੁਰੂ ਜੀ 'ਤੇ ਉਨ੍ਹਾਂ ਦੇ ਜਾਦੂ ਦਾ ਕੋਈ ਅਸਰ ਨਾ ਹੋਇਆ ਤਾਂ ਉਨ੍ਹਾਂ ਜਾਦੂਗਰਨੀਆਂ ਨੇ ਇਕੱਠੀਆਂ ਹੋ ਕੇ ਗੁਰੂ ਜੀ ਤੋਂ ਭੁੱਲ ਬਖਸ਼ਾਈ। ਗੁਰੂ ਜੀ ਨੇ ਜੋ ਉਪਦੇਸ਼ ਦਿੱਤਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।
ਇਆਨੜੀਏ ਮਾਨੜਾ ਕਾਇ ਕਰੇਹਿ£ ਗਲੀ ਅਸੀਂ ਚੰਗੀਆਂ ਅਚਾਰੀ ਬੁਰੀਆਹੁ£  ਅਤੇ ਤਾਲ ਮਦੀਰੇ ਘਟ ਕੇ ਘਾਟ£
ਗੁਰੂ ਜੀ ਧੰਨਪੁਰ ਰਾਹੀਂ ਅਸਾਮ ਆਏ, ਫਿਰ ਗੁਰੂ ਜੀ 'ਹਜੋ' ਗਏ। ਇਕ ਪਹਾੜੀ ਦਾ ਨਾਮ ਬਾਲਾ ਜੀ ਦੇ ਨਾਮ 'ਤੇ  ਰੱਖਿਆ ਅਤੇ ਉਸ ਜਗ੍ਹਾ 'ਤੇ ਦਰਿਆ ਮਰਦਾਨਾ ਕੁੰਡ ਦੇ ਨਾਂ 'ਤੇ ਵਹਿੰਦਾ ਹੈ। ਗੁਰੂ ਜੀ ਯਾਤਰਾ ਦੌਰਾਨ ਮੇਦਾ ਵੀ ਗਏ, ਜਿਥੇ ਸ਼੍ਰੀ ਕ੍ਰਿਸ਼ਨ ਜੀ ਤੇ ਰੁਕਮਨੀ ਜੀ ਦਾ ਵਿਆਹ ਹੋਇਆ ਸੀ। ਇਸ ਤੋਂ ਅੱਗੇ ਤਿੱਬਤ, ਚੀਨ, ਫਿਲਪੀਨ, ਬਰਮਾ, ਜਾਵਾ, ਸੁਮਾਤਰਾ ਦੀ ਯਾਤਰਾ ਕਰਨ ਤੋਂ ਬਾਅਦ ਇੰਫਾਲ ਵਿਚੋਂ ਹੁੰਦੇ ਹੋਏ ਬਿਸ਼ਨਪੁਰ ਰਾਹੀਂ ਭਾਰਤ ਪੁੱਜੇ।
ਗੁਰੂ ਤੇਗ ਬਹਾਦਰ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਮਿਸ਼ਨ ਲਈ ਦਸੰਬਰ 1665 ਵਿਚ ਆਪਣੀ ਯਾਤਰਾ ਆਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ ਅਤੇ ਪਹਿਲਾ ਪੜਾਅ ਪਟਿਆਲਾ ਕੋਲ ਮੂਲੋਵਾਲ ਕੀਤਾ। ਉਥੇ ਲੋਕਾਂ ਨੂੰ ਪਰਮਾਤਮਾ ਦੇ ਨਾਮ ਦਾ ਉਪਦੇਸ਼ ਦਿੱਤਾ। ਉਸ ਇਲਾਕੇ ਦਾ ਪਾਣੀ ਠੀਕ ਨਹੀਂ ਸੀ। ਗੁਰੂ ਜੀ ਨੇ ਲੋਕਾਂ ਨੂੰ ਉਸ ਖੂਹ ਦੇ ਕੋਲ ਪਰਮਾਤਮਾ ਦਾ ਨਾਮ ਵਾਰ-ਵਾਰ ਲੈਣ ਲਈ ਕਿਹਾ। ਸੋ ਗੁਰੂ ਕਿਰਪਾ ਨਾਲ ਪਾਣੀ ਸ਼ੁੱਧ ਅਤੇ ਮਿੱਠਾ ਹੋ ਗਿਆ। ਗੁਰੂ ਜੀ ਆਪਣੀ ਯਾਤਰਾ ਜਾਰੀ ਰੱਖਦੇ ਹੋਏ ਕੁਰੂਕਸ਼ੇਤਰ, ਆਗਰਾ, ਪ੍ਰਯਾਗ ਅਤੇ ਬਨਾਰਸ ਪਹੁੰਚੇ। ਇਥੇ ਗੁਰਦੁਆਰਾ ਨੀਚੀ ਬਾਗ ਵਿਚ ਆਪ ਜੀ ਦਾ ਚੋਲਾ ਤੇ ਜੋੜਾ ਹਾਲੇ ਤਕ ਸੰਭਾਲ ਕੇ ਰੱਖੇ ਹੋਏ ਹਨ।  ਇਸ  ਤੋਂ ਬਾਅਦ ਪਟਨਾ ਪਹੁੰਚੇ ਤੇ ਆਪਣੀ ਰਿਹਾਇਸ਼ ਲਈ ਸੁੰਦਰ ਅਸਥਾਨ ਬਣਵਾਇਆ, ਜਿਥੇ ਅੱਜਕਲ ਹਰਿਮੰਦਰ ਸਾਹਿਬ ਹੈ। ਹਰ ਰੋਜ਼ ਦੀ ਤਰ੍ਹਾਂ ਜਦੋਂ ਸਵੇਰੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਤਾਂ ਰਾਜਾ ਰਾਮ ਸਿੰਘ ਦਾ ਇਕ ਦੂਤ ਜੋ (ਆਮ ਬਖਸ਼) ਜੈਪੁਰ ਦੇ ਮਿਰਜ਼ਾ ਰਾਜਾ ਜੈ ਸਿੰਘ ਦਾ ਪੁੱਤਰ ਸੀ, ਦਰਸ਼ਨ ਕਰਨ ਲਈ ਭੇਟਾਂ ਲੈ ਕੇ ਹਾਜ਼ਰ ਹੋਇਆ ਅਤੇ ਆਪਣਾ ਮਕਸਦ ਬਿਆਨ ਕਰਦਿਆਂ ਬੇਨਤੀ ਕੀਤੀ ਕਿ ਔਰੰਗਜ਼ੇਬ ਨੇ ਮੇਰੇ ਮਾਲਕ ਨੂੰ ਕਾਮਰੂਪ (ਅਸਾਮ) 'ਤੇ ਹਮਲਾ ਕਰਨ ਦਾ ਹੁਕਮ ਦਿੱਤਾ ਹੈ, ਕਿਰਪਾ ਕਰਕੇ ਸਾਡਾ ਬਚਾਓ ਕਰੋ। ਸਾਰਾ ਇਲਾਕਾ ਜਾਦੂ ਮੰਤਰਾਂ ਨਾਲ ਘਿਰਿਆ ਹੈ। ਗੁਰੂ ਜੀ ਨੇ ਕਿਹਾ ਅਸੀਂ ਤਾਂ ਪਹਿਲਾਂ ਹੀ ਪ੍ਰਚਾਰ ਯਾਤਰਾ 'ਤੇ ਹਾਂ, ਤੁਸੀਂ ਪਰਮਾਤਮਾ ਦਾ ਨਿਰੰਤਰ ਜਾਪ ਕਰੋ, ਪਰਮਾਤਮਾ ਭਲੀ ਕਰੇਗਾ। ਗੁਰੂ ਜੀ ਮਾਲਦਾ ਢਾਕਾ ਹੁੰਦੇ ਹੋਏ ਅਸਾਮ ਪਹੁੰਚੇ।
ਢਾਕਾ ਵਿਚ ਗੁਰੂ ਤੇਗ ਬਹਾਦਰ ਕਾਫੀ ਸਮਾਂ ਠਹਿਰੇ। ਉਥੇ ਗੁਰਦੁਆਰਾ ਸੰਗਤ ਟੋਲਾ ਹੈ, ਜਿਸਦੀ ਬਿਲਡਿੰਗ ਬਹੁਤ ਪੁਰਾਣੀ ਹੈ, ਥਾਂ ਬਹੁਤ ਥੋੜ੍ਹੀ ਹੈ, ਨਾਲ ਦੇ ਘਰ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ।
ਬ੍ਰਹਮਪੁੱਤਰ ਦਰਿਆ ਪਾਰ ਕਰਕੇ ਦਮਦਮਾ ਸਾਹਿਬ ਪਹੁੰਚੇ (ਗੁਰੂ ਨਾਨਕ ਜੀ ਦਾ ਅਸਥਾਨ) ਜਿਸਨੂੰ ਬਾਅਦ ਵਿਚ ਗੁਰੂ ਤੇਗ ਬਹਾਦਰ ਨੇ ਧੁਬੜੀ ਦਾ ਨਾਮ ਦਿੱਤਾ। ਕਾਮਰੂਪ ਦੇ ਰਾਜਾ ਚਕਰਧਾਰ ਨੇ ਜਦੋਂ ਰਾਮ ਸਿੰਘ ਦੇ ਆਪਣੇ ਉੱਤੇ ਹਮਲੇ ਬਾਰੇ ਸੁਣਿਆ ਤਾਂ ਉਸਨੇ ਉਸ ਨੂੰ ਅਤੇ ਉਸ ਦੀ ਫੌਜ ਨੂੰ ਨਸ਼ਟ ਕਰਨ ਦੀ ਕਸਮ ਖਾਧੀ। ਉਸ ਨੇ ਸਾਰੀਆਂ ਜਾਦੂਗਰਨੀਆਂ ਨੂੰ ਬੁਲਾ ਭੇਜਿਆ। ਉਨ੍ਹਾਂ ਵਿਚ ਇਕ ਜਾਦੂਗਰਨੀ ਨੇਤਾਈ ਧੋਬਣ ਸੀ।
ਦੂਜੇ ਪਾਸੇ ਗੁਰੂ ਤੇਗ ਬਹਾਦਰ ਜੀ ਨੇ ਰਾਜਾ ਰਾਮ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਆਪਣੀ ਫੌਜ ਦੇ ਕੈਂਪ ਨੂੰ ਕਿਨਾਰੇ ਤੋਂ ਉੱਚੀ ਜਗ੍ਹਾ 'ਤੇ ਲੈ ਜਾਵੋ ਕਿਉਂਕਿ ਜਾਦੂ ਨਾਲ ਬਣਾਏ ਹੋਏ ਦਰਿਆ ਵਿਚ ਰਾਤ ਨੂੰ ਹੜ੍ਹ ਆਉਣਾ ਹੈ, ਸੱਚ ਹੀ ਕਾਲੇ ਜਾਦੂ ਨਾਲ ਰਾਤ ਨੂੰ ਹੜ੍ਹ ਆਇਆ, ਜਿਹੜੇ ਫੌਜੀ ਉੱਚੀ ਜਗ੍ਹਾ ਨਹੀਂ ਗਏ, ਉਹ ਰੁੜ੍ਹ ਗਏ। ਕਾਲੇ ਜਾਦੂ ਦਾ ਅਸਰ ਦੇਖ ਕੇ ਰਾਜਾ ਰਾਮ ਸਿੰਘ ਦੀ ਫੌਜ ਦੇ ਹੌਸਲੇ ਬੁਰੀ ਤਰ੍ਹਾਂ ਢਹਿ ਗਏ ਪਰ ਗੁਰੂ ਜੀ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਕਿ ਪਰਮਾਤਮਾ ਦਾ ਨਾਮ ਲਵੋ, ਕੁਝ ਨਹੀਂ ਹੋਵੇਗਾ। ਗੁਰੂ ਜੀ ਦੀ ਹਾਜ਼ਰੀ ਕਰਕੇ ਕੋਈ ਨੁਕਸਾਨ ਨਾ ਹੋਣ ਕਾਰਨ ਨੇਤਾਈ ਧੋਬਣ ਬਹੁਤ ਗੁੱਸੇ ਵਿਚ ਆ ਗਈ ਤੇ ਉਸ ਨੇ ਇਕ ਬਹੁਤ ਵੱਡਾ ਪੱਥਰ ਗੁਰੂ ਜੀ ਵੱਲ ਸੁੱਟਿਆ, ਜੋ ਗੁਰੂ ਜੀ ਤੋਂ ਦੂਰ ਇੰਨੀ ਜ਼ੋਰ ਨਾਲ ਡਿੱਗਿਆ ਕਿ ਅੱਧਾ ਜ਼ਮੀਨ ਵਿਚ ਧੱਸ ਗਿਆ। ਇਹ ਧੁਬੜੀ ਸਾਹਿਬ ਗੁਰਦੁਆਰੇ ਬਾਹਰ ਬਿਲਕੁਲ ਨਜ਼ਦੀਕ ਪਿਆ ਹੈ, ਇਸ ਦੇ ਦਰਸ਼ਨ ਕਰ ਸਕਦੇ ਹੋ। ਆਪਣੀ ਇਹ ਅਸਫਲਤਾ ਦੇਖ ਕੇ ਉਸਨੇ ਇਕ ਪਿੱਪਲ ਦਾ ਦਰੱਖਤ ਪੁੱਟ ਕੇ ਗੁਰੂ ਜੀ 'ਤੇ ਇਕ ਹੋਰ ਹਮਲਾ ਕੀਤਾ। ਇਹ ਪਿੱਪਲ ਗੁਰੂ ਜੀ ਤਕ ਪਹੁੰਚਣ ਤੋਂ ਪਹਿਲਾਂ ਹੀ ਹਵਾ ਵਿਚ ਲਟਕ ਗਿਆ। ਗੁਰੂ ਜੀ ਦੀ ਮਹਿਮਾ ਸੁਣ ਕੇ ਕਾਮਰੂਪ ਦਾ ਰਾਜਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਅਤੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਉਸ ਉੱਪਰ ਐਸੀ ਕਿਰਪਾ ਕਰਨ ਕਿ ਉਹ ਮੁਗਲ ਰਾਜ ਦੀ ਸ਼ਕਤੀ ਅੱਗੇ ਸਿਰ ਨੀਵਾਂ ਨਾ ਕਰ ਸਕੇ, ਗੁਰੂ ਜੀ ਨੇ ਤਸੱਲੀ ਦਿੱਤੀ, ਹੁਣ ਅਜਿਹਾ ਕੁਝ ਨਹੀਂ ਹੋਵੇਗਾ। ਰਾਜਾ ਬਹੁਤ ਖੁਸ਼ ਹੋਇਆ ਤੇ ਬੇਨਤੀ ਕੀਤੀ ਕਿ ਉਹ ਤੇ ਰਾਜਾ ਰਾਮ ਸਿੰਘ ਉਸ ਦੇ ਸ਼ਹਿਰ ਵਿਚ ਚਰਨ ਪਾਉਣ। ਇਸ ਤਰ੍ਹਾਂ ਗੁਰੂ ਜੀ ਦੇ ਪ੍ਰਭਾਵ ਨਾਲ ਦੋਵਾਂ ਧਿਰਾਂ ਦਾ ਪੂਰਨ ਸਮਝੌਤਾ ਹੋ ਗਿਆ ਅਤੇ ਖੂਨ-ਖਰਾਬੇ ਤੋਂ ਬਚ ਗਏ। ਇਲਾਕੇ ਦੇ ਲੋਕ ਤੇ ਦੋਵੇਂ ਧਿਰਾਂ ਦੀਆਂ ਫੌਜਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਗੁਰੂ ਜੀ ਦੇ ਆਦੇਸ਼ 'ਤੇ ਹਰ ਇਕ ਸਿਪਾਹੀ ਨੇ ਰੰਗਾਮਤੀ ਪੱਤਣ ਤੋਂ ਪੰਜ-ਪੰਜ ਕੜਾਹੀਆਂ ਮਿੱਟੀ ਦੀਆਂ ਲਿਆਂਦੀਆਂ ਤੇ ਪਿੱਪਲ ਦੀਆਂ ਜੜ੍ਹਾਂ ਨੂੰ ਢੱਕ ਦਿੱਤਾ ਜੋ ਕਿ ਹਵਾ ਵਿਚ ਲਟਕ ਰਿਹਾ ਸੀ। ਗੁਰੂ ਜੀ ਕੁਝ ਦਿਨ ਧੁਬੜੀ ਠਹਿਰੇ।  — ਡਾ. ਰਣਜੀਤ ਸਿੰਘ ਸੋਢੀ
94170-93702