ਗੁਰਦੁਆਰਾ ਸੱਤਵੀਂ ਪਾਤਸ਼ਾਹੀ ਥਾਨੇਸਰ

10/23/2017 6:38:36 AM

ਪਿਆਰੇ ਪਾਠਕੋ! ਇਸ ਵਾਰੀ ਅਸੀਂ ਆਪ ਜੀ ਨੂੰ ਕੁਰੂਕਸ਼ੇਤਰ ਵਿਖੇ ਸਥਿਤ ਸ੍ਰੀ ਗੁਰੂ ਅਮਰਦਾਸ ਜੀ, ਗੁਰੂ ਹਰਿ ਰਾਇ ਸਾਹਿਬ ਜੀ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਪਾਤਸ਼ਾਹੀ ਸੱਤਵੀਂ ਬਾਰੇ ਜਾਣਕਾਰੀ ਦਿਆਂਗੇ। ਕੁਰੂਕਸ਼ੇਤਰ ਦਾ ਇਕ ਬਹੁਤ ਹੀ ਸ਼ਰਧਾਲੂ ਤਰਖਾਣ ਸਿੱਖ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਦਿਨ ਰਾਤ ਯਾਦ ਕਰਿਆ ਕਰਦਾ ਸੀ। ਉਸ ਦੀ ਇਹ ਦਿਲੀ ਇੱਛਾ ਸੀ ਕਿ ਕਿਸੇ ਨਾ ਕਿਸੇ ਦਿਨ ਗੁਰੂ ਜੀ ਉਸ ਨੂੰ ਆਣ ਕੇ ਦਰਸ਼ਨ ਦੀਦਾਰੇ ਬਖਸ਼ਣ। ਉਹ ਰੋਜ਼ਾਨਾ ਜੋ ਕਮਾਉਂਦਾ ਉਸ ਵਿਚੋਂ ਗੁਰੂ ਦੇ ਨਮਿਤ ਦਸਵੰਧ ਜ਼ਰੂਰ ਕੱਢਦਾ। ਭਾਵੇਂ ਉਹ ਗਰੀਬ ਸੀ ਪਰ ਦਿਲ ਦਾ ਬਹੁਤ ਅਮੀਰ ਸੀ। ਜੋ ਵੀ ਉਸ ਕੋਲ ਸੁਆਲੀ ਆਉਂਦਾ ਉਹ ਕਦੇ ਵੀ ਖਾਲੀ ਨਾ ਜਾਂਦਾ। ਆਪਣਾ ਗੁਜ਼ਾਰਾ ਭਾਵੇਂ ਮੁਸ਼ਕਲ ਨਾਲ ਹੁੰਦਾ ਸੀ ਪਰ ਸਾਧੂ ਸੰਤਾਂ ਤੇ ਗਰੀਬ ਗੁਰਬਿਆਂ ਨੂੰ ਭੋਜਨ ਛਕਾਉਣਾ ਤੇ ਲੋੜਵੰਦਾਂ ਦੀ ਮਦਦ ਕਰਨਾ ਉਹ ਆਪਣਾ ਪਹਿਲਾ ਫਰਜ਼ ਸਮਝਦਾ ਸੀ।
ਘਟ ਘਟ ਕੀ ਜਾਣਨ ਵਾਲੇ ਗੁਰੂ ਹਰਿ ਰਾਇ ਜੀ ਨੇ ਅਖੀਰ ਉਸ ਸਿੱਖ ਦੀ ਇੱਛਾ ਪੂਰੀ ਕਰਨ ਦਾ ਫੈਸਲਾ ਕੀਤਾ। ਗੁਰੂ ਜੀ ਆਪਣੇ 2200 ਘੋੜ ਸਵਾਰਾਂ ਤੇ ਹੋਰ ਸੰਗਤਾਂ ਨਾਲ 10 ਮਾਰਚ 1656 ਈਸਵੀ ਨੂੰ ਕੁਰੂਕਸ਼ੇਤਰ ਵਿਖੇ ਆਣ ਪਧਾਰੇ। ਜਿਉਂ ਹੀ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਹਰਿ ਰਾਇ ਜੀ ਕੁਰੂਕਸ਼ੇਤਰ ਵਿਖੇ ਆਏ ਹੋਏ ਹਨ ਤਾਂ ਸੰਗਤਾਂ ਦਾ ਤਾਂਤਾ ਲੱਗ ਗਿਆ। ਵੱਡੀ ਗਿਣਤੀ ਵਿਚ ਦੂਰੋਂ ਨੇੜਿਓਂ ਸੰਗਤਾਂ ਗੁਰੂ ਹਰਿ ਰਾਇ ਜੀ ਦੇ ਦਰਬਾਰ ਵਿਚ ਪੁੱਜਣੀਆਂ ਸ਼ੁਰੂ ਹੋ ਗਈਆਂ। ਗੁਰੂ ਜੀ ਨੇ ਆਪਣਾ ਡੇਰਾ ਉਸ ਥਾਂ 'ਤੇ ਲਾਇਆ ਹੋਇਆ ਸੀ ਜਿੱਥੇ ਕਿ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਪਾਵਨ ਚਰਨ ਪਾਏ ਸਨ। ਗੁਰੂ ਅਮਰਦਾਸ ਜੀ ਇਸ ਥਾਂ 'ਤੇ 1523 ਈਸਵੀ ਨੂੰ ਪਰਿਵਾਰ ਸਮੇਤ ਆਏ ਸਨ।  ਉਸ ਵੇਲੇ ਬਾਬਰ ਦਾ ਰਾਜ ਸੀ। ਹਾੜ ਦੀ ਮੱਸਿਆ ਵਾਲੇ ਦਿਨ ਗੁਰੂ ਜੀ ਇੱਥੇ ਆਏ ਸਨ ਤੇ ਸੂਰਜ ਗ੍ਰਹਿਣ ਲੱਗਾ ਹੋਇਆ ਸੀ।
ਬਾਬਰ ਦੇ ਸਮੇਂ ਹਿੰਦੂਆਂ 'ਤੇ ਤੀਰਥ ਜਜ਼ੀਆ (ਤੀਰਥ ਟੈਕਸ) ਲੱਗਾ ਹੋਇਆ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਜਜ਼ੀਆ ਬੰਦ ਕਰਵਾ ਦਿੱਤਾ ਸੀ। ਬਾਬਰ ਨੂੰ ਗੁਰੂ ਜੀ ਨੇ ਕਿਹਾ ਸੀ ਕਿ ਤੀਰਥ ਟੈਕਸ ਨਾ ਲਿਆ ਜਾਵੇ। ਬਾਬਰ ਨੇ ਐਲਾਨ ਕਰ ਦਿੱਤਾ ਸੀ ਕਿ ਜਿਹੜਾ ਵੀ ਸਿੱਖ ਯਾਤਰੂ  ਕੁਰੂਕਸ਼ੇਤਰ ਵਿਖੇ ਸੂਰਜ ਗ੍ਰਹਿਣ 'ਤੇ ਆਇਆ ਹੋਵੇ ਉਸ ਤੋਂ ਟੈਕਸ ਨਾ ਲਿਆ ਜਾਵੇ। ਇਸ ਤਰ੍ਹਾਂ ਸਾਰੇ ਹੀ ਹਿੰਦੂ, ਸਿੱਖ ਤੇ ਹੋਰ ਸ਼ਰਧਾਲੂ ਗੁਰੂ ਜੀ ਦੇ ਚਰਨਾਂ 'ਤੇ ਝੁਕ ਗਏ ਤੇ ਟੈਕਸ ਲੈਣ ਵਾਲਿਆਂ ਨੂੰ ਆਖਦੇ ਕਿ ਉਹ ਤਾਂ ਗੁਰੂ ਅਮਰਦਾਸ ਜੀ ਦੇ ਸਿੱਖ ਹਨ। ਇਸ ਤਰ੍ਹਾਂ ਗੁਰੂ ਜੀ ਦੀ ਸੋਭਾ ਸਗੋਂ ਹੋਰ ਵੀ ਵਧ ਗਈ ਸੀ। ਉਸੇ ਵੇਲੇ ਹੀ ਇਸ ਤਰਖਾਣ ਸ਼ਰਧਾਲੂ ਦਾ ਪਰਿਵਾਰ ਗੁਰੂ ਜੀ ਦਾ ਸਿੱਖ ਬਣਿਆ ਸੀ।
ਸਾਰਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਹੁਣ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਹਰਿ ਰਾਇ ਸਾਹਿਬ ਜੀ  ਕੁਰੂਕਸ਼ੇਤਰ ਵਿਖੇ ਪਧਾਰੇ ਹੋਏ ਹਨ ਤਾਂ ਉਹ ਬੜੇ ਚਾਅ ਨਾਲ ਗੁਰੂ ਜੀ ਦੇ ਦਰਸ਼ਨਾਂ ਲਈ ਗਿਆ। ਉਹ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਗੁਰੂ ਜੀ ਨੇ ਉਸ ਨੂੰ ਨਾਮ ਦਾਨ ਦਿੱਤਾ ਤੇ ਨਾਮ ਜਪਣ ਦਾ ਉਪਦੇਸ਼ ਕੀਤਾ। ਉਸ ਨੇ ਗੁਰੂ ਜੀ ਦੀ  ਸੇਵਾ ਕੀਤੀ। ਦਰਸ਼ਨ ਕਰਕੇ ਤੇ ਨਾਮ ਦਾਨ ਪਾ ਕੇ ਉਹ ਧੰਨ ਹੋ ਗਿਆ। ਜਿਸ ਥਾਂ 'ਤੇ ਗੁਰੂ ਜੀ ਬਿਰਾਜੇ ਸਨ ਉੱਥੇ ਹੀ ਅੱਜਕੱਲ ਗੁਰਦੁਆਰਾ ਪਾਤਸ਼ਾਹੀ ਸੱਤਵੀਂ ਬਣਿਆ ਹੋਇਆ ਹੈ।
ਜਿਸ ਥਾਂ 'ਤੇ ਗੁਰੂ ਅਮਰਦਾਸ ਜੀ ਤੇ ਗੁਰੂ ਹਰਿ ਰਾਇ ਸਾਹਿਬ ਜੀ ਨੇ ਆਪਣੇ ਚਰਨ ਪਾਏ ਸਨ ਉਸੇ ਥਾਂ 'ਤੇ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ ਪਧਾਰੇ ਸਨ। ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀ ਸੀ ਤੇ ਰਾਮ ਰਾਇ ਨੂੰ ਗੁਰਬਾਣੀ ਦੀ ਤੁਕ ਤੇ ਸਿਧਾਂਤ ਤਬਦੀਲ ਕਰਨ ਦੇ ਮਹਾ ਦੋਸ਼ ਅਧੀਨ ਸਿੱਖੀ ਵਿਚੋਂ ਖਾਰਜ ਕਰ ਦਿੱਤਾ ਸੀ। ਰਾਮ ਰਾਇ ਨੇ ਗੁਰਗੱਦੀ 'ਤੇ ਕਬਜ਼ਾ ਕਰਨ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾਏ ਪਰ ਉਹ ਸਫਲ ਨਾ ਹੋ ਸਕਿਆ। ਉਸ ਨੇ ਰਾਜ ਦਰਬਾਰ ਦਾ ਸਹਾਰਾ ਲਿਆ। ਬਾਦਸ਼ਾਹ ਔਰੰਗਜ਼ੇਬ ਰਾਮ ਰਾਇ ਨੂੰ ਸਿੱਖੀ ਦਾ ਵਿਰੋਧੀ ਹੋਣ ਕਰਕੇ ਉਸ ਦੀ ਮਦਦ ਕਰਦਾ ਸੀ। ਔਰੰਗਜ਼ੇਬ ਨੂੰ ਰਾਮ ਰਾਇ ਨੇ ਕਿਹਾ ਕਿ ਉਸ ਦਾ ਹੱਕ ਬਣਦਾ ਹੈ ਇਸ ਲਈ ਉਸ ਨੂੰ ਗੁਰਗੱਦੀ ਦਿਵਾਓ।
ਔਰੰਗਜ਼ੇਬ ਨੇ ਗੁਰੂ ਜੀ ਨੂੰ ਬੱਚਾ ਜਾਣ ਕੇ ਦਿੱਲੀ ਵਿਖੇ ਬੁਲਾਵਾ ਭੇਜਿਆ ਪਰ ਗੁਰੂ ਜੀ ਨੇ ਆਪਣੇ ਪਿਤਾ ਜੀ ਦੇ ਵਚਨਾਂ 'ਨਹਿਂ ਮਲੇਛ ਕੋ ਦਰਸ਼ਨ ਦੇਹਉਂ ' ਦੇ ਅਨੁਸਾਰ ਦਿੱਲੀ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ। ਰਾਜਾ ਜੈ ਸਿੰਘ ਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਸੀ ਇਸ ਲਈ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਬਾਦਸ਼ਾਹ ਕੋਲ ਨਾ ਸਹੀ ਪਰ ਉਸ ਨੂੰ ਤਾਂ ਗੁਰੂ ਜੀ ਦਰਸ਼ਨ ਦੇ ਕੇ ਨਿਹਾਲ ਕਰ ਸਕਦੇ ਹਨ। ਦਿੱਲੀ ਦੀਆਂ ਬਾਕੀ ਸੰਗਤਾਂ ਨੇ ਵੀ ਗੁਰੂ ਜੀ ਨੂੰ ਪੁਰਜ਼ੋਰ ਅਪੀਲ ਕੀਤੀ ਤੇ ਗੁਰੂ ਜੀ ਨੇ ਰਾਜਾ ਜੈ ਸਿੰਘ ਤੇ ਸੰਗਤਾਂ ਦੀ ਅਪੀਲ ਸਵੀਕਾਰ ਕਰ ਲਈ।
ਗੁਰੂ ਹਰਿ ਰਾਇ ਜੀ ਕੀਰਤਪੁਰ ਸਾਹਿਬ ਜੀ ਤੋਂ ਚੱਲ ਕੇ ਪੰਜੋਖਰਾ ਸਾਹਿਬ ਰਾਹੀਂ ਹੁੰਦੇ ਹੋਏ  ਕੁਰੂਕਸ਼ੇਤਰ ਪੁੱਜ ਗਏ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਆਪਣਾ ਪੜਾਅ ਉਸੇ ਥਾਂ 'ਤੇ ਹੀ ਕੀਤਾ ਜਿੱਥੇ ਕਿ ਗੁਰੂ ਅਮਰਦਾਸ ਜੀ ਅਤੇ ਪਿਤਾ ਗੁਰੂ ਹਰਿ ਰਾਇ ਜੀ ਨੇ ਚਰਨ ਪਾਏ ਸਨ। ਗੁਰੂ ਜੀ ਨੇ ਆਪਣੇ ਪਿਤਾ ਗੁਰੂ ਜੀ ਦੇ ਅਸਥਾਨ ਨੂੰ ਨਮਸਕਾਰ ਕੀਤੀ ਤੇ ਫੇਰ ਉਸੇ ਗਰੀਬ ਤਰਖਾਣ ਸਿੱਖ ਨੂੰ ਜਾ ਦਰਸ਼ਨ ਦਿੱਤੇ। ਆਪ ਜੀ ਨੇ ਆਪਣੇ ਪਿਤਾ ਜੀ ਦੀ ਯਾਦ ਵਿਚ ਇੱਥੇ ਇਕ ਵਿਸ਼ਾਲ ਭੰਡਾਰਾ ਲਾਇਆ ਜਿਸ ਵਿਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਗਏ। ਸਾਰੇ ਹੀ ਬ੍ਰਾਹਮਣਾਂ ਅਤੇ ਸੰਗਤਾਂ ਨੂੰ ਇਕੋ ਹੀ ਪੰਗਤ ਵਿਚ ਬਿਠਾ ਕੇ ਲੰਗਰ ਛਕਾਇਆ ਗਿਆ। ਇਸ ਤਰ੍ਹਾਂ ਇਹ ਅਸਥਾਨ ਤਿੰਨ ਗੁਰੂ ਸਾਹਿਬਾਨ ਜੀ ਦੀਆਂ ਯਾਦਾਂ ਸਮੇਟੀ ਬੈਠਾ ਹੈ। ਇੱਥੇ ਤਿੰਨ ਗੁਰੂ ਸਾਹਿਬਾਨ ਨੇ ਚਰਨ ਪਾਏ ਪਰ ਇਹ ਗੁਰਦੁਆਰਾ ਪਾਤਸ਼ਾਹੀ ਸੱਤਵੀਂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
— ਗੁਰਪ੍ਰੀਤ ਸਿੰਘ ਨਿਆਮੀਆਂ