ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ

7/25/2016 6:38:55 AM

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸੋਂ ''ਖੀਸਾ ਮੇਰਾ, ਹੱਥ ਤੇਰਾ'' ਦਾ ਵਰਦਾਨ ਸਮੋਈ ਬੈਠਾ ਹੈ
ਦੱਖਣੀ ਸੂਬੇ ਮਹਾਰਾਸ਼ਟਰ ਵਿਚ ਪੁਰਾਤਨ ਰੇਲਵੇ ਸਟੇਸ਼ਨ ਨਾਂਦੇੜ ਤੋਂ 1 ਮੀਲ ਦੂਰ ਚੜ੍ਹਦੇ ਪਾਸੇ ਨੂੰ ਸਥਿਤ ਹੈ ਦਸਮੇਸ਼ ਪਿਤਾ, ਸਰਬੰਸਦਾਨੀ, ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਪੋ-ਭੂਮੀ ਅਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਜਿਥੇ ਦੇਸ਼-ਵਿਦੇਸ਼ ਤੋਂ ਲੱਖਾਂ ਸੰਗਤਾਂ ਪੂਰਨ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਪੁੱਜਦੀਆਂ ਹਨ, ਇਸ ਪਾਵਨ ਅਸਥਾਨ ਤੋਂ ਕਰੀਬ 1 ਕਿਲੋਮੀਟਰ ਦੂਰ ਹੈ ਸੰਗਤਾਂ ਲਈ ਸੇਵਾ, ਸਿਮਰਨ, ਗੁਰੂ ਕੇ ਲੰਗਰਾਂ ਤੇ ਰਿਹਾਇਸ਼ਾਂ ਦੇ ਵਿਸ਼ੇਸ਼ ਪ੍ਰਬੰਧਾਂ ਦਾ ਮਹਾਨ ਕੇਂਦਰ ਗੁਰਦੁਆਰਾ ਲੰਗਰ ਸਾਹਿਬ (ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ), ਜੋ ਕਿ ਬਿਲਕੁਲ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਹੈ।
ਇਸ ਪੁਰਾਤਨ ਅਸਥਾਨ ''ਤੇ ਦਸਮੇਸ਼ ਪਿਤਾ ਜੀ ਦੇ ਨਾਂਦੇੜ ਆਗਮਨ ਸਮੇਂ ਸਿੱਖ ਫੌਜਾਂ ਲਈ ਲੰਗਰ ਤਿਆਰ ਹੁੰਦਾ ਸੀ। ਉਨ੍ਹਾਂ ਸਮਿਆਂ ''ਚ ਇਹ ਅਸਥਾਨ ਬਹੁਤਾ ਮਸ਼ਹੂਰ ਨਹੀਂ ਸੀ ਪਰ ਵਰਤਮਾਨ ਸਮੇਂ ਵਿਚ ਇਸ ਅਸਥਾਨ ਨੂੰ ਪ੍ਰਗਟ ਕਰਨ ਦਾ ਉਪਕਾਰ ਕਰਦਿਆਂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਂਦੇੜ ਰੇਲਵੇ ਸਟੇਸ਼ਨ ''ਤੇ ਪ੍ਰਭੂ ਭਗਤੀ ''ਚ ਲੀਨ ਸੰਤ ਬਾਬਾ ਨਿਧਾਨ ਸਿੰਘ ਨੂੰ ਅਪਾਰ ਬਖਸ਼ਿਸ਼ ਕਰਕੇ ਹੁਕਮ ਕੀਤਾ ਸੀ ਕਿ ਸਾਡੇ ਪੁਰਾਤਨ ਲੰਗਰਾਂ ਵਾਲੇ ਅਸਥਾਨ ''ਤੇ ਜਾ ਕੇ ਲੰਗਰ ਆਰੰਭ ਕਰੋ, ਜਿਸ ''ਤੇ ਬਾਬਾ ਜੀ ਨੇ ਅਸਮਰੱਥਾ ਪ੍ਰਗਟਾਈ ਤਾਂ ਚੋਜ਼ੀ ਪ੍ਰੀਤਮ ਨੇ ਆਪ ਨੂੰ ਵਰ ਦਿੱਤਾ ਕਿ ''ਖੀਸਾ ਮੇਰਾ, ਹੱਥ ਤੇਰਾ'' ਭਾਵ ਸੇਵਾ-ਸੰਭਾਲ ਦੀ ਡਿਊਟੀ ਤੁਹਾਡੀ, ਖਰਚ ਪੂਰਾ ਕਰਨ ਦਾ ਜ਼ਿੰਮਾ ਸਾਡਾ।
ਸੰਤ ਬਾਬਾ ਨਿਧਾਨ ਸਿੰਘ ਨੇ ਸੀਸ ਝੁਕਾ ਕੇ ਇਸ ਅਸਥਾਨ ''ਤੇ ਲੰਗਰਾਂ ਦੀ ਸੇਵਾ ਆਰੰਭ ਕੀਤੀ ਤੇ ਅੱਜ ਇਹ ਲੰਗਰ ਅਸਥਾਨ ਗੁ. ਲੰਗਰ ਸਾਹਿਬ (ਟਰੱਸਟ ਸੰਤ ਬਾਬਾ ਨਿਧਾਨ ਸਿੰਘ) ਦੇ ਨਾਂ ਨਾਲ ਸੰਸਾਰ ਭਰ ''ਚ ਪ੍ਰਸਿੱਧ ਹੈ।
ਸੰਤ ਬਾਬਾ ਨਿਧਾਨ ਸਿੰਘ ਜੀ
ਸੱਚਖੰਡ ਵਾਸੀ ਸੰਤ ਬਾਬਾ ਨਿਧਾਨ ਸਿੰਘ ਦਾ ਜਨਮ 1882 ਈ. ''ਚ ਪਿਤਾ ਭਾਈ ਉੱਤਮ ਸਿੰਘ ਦੇ ਗ੍ਰਹਿ ਵਿਖੇ ਪਿੰਡ ਨਡਾਲੋ, ਜ਼ਿਲਾ ਹੁਸ਼ਿਆਰਪੁਰ ''ਚ ਹੋਇਆ। ਆਪ ਅੰਦਰ ਛੋਟੀ ਉਮਰ ਵਿਚ ਹੀ ਰੱਬੀ ਲਗਨ ਤੇ ਸੇਵਾ-ਭਾਵਨਾ ਭਰੀ ਹੋਈ ਸੀ। 18 ਸਾਲ ਦੀ ਉਮਰ ''ਚ ਆਪ ਝਾਂਸੀ ਵਿਖੇ ਫੌਜ ''ਚ ਭਰਤੀ ਹੋਏ ਪਰ ਆਪ ਨੂੰ ਇਹ ਨੌਕਰੀ ਚੰਗੀ ਨਾ ਲੱਗੀ। ਥੋੜ੍ਹਾ ਸਮਾਂ ਸੇਵਾ ਨਿਭਾਉਣ ਉਪਰੰਤ ਆਪ ਸ੍ਰੀ ਹਜ਼ੂਰ ਸਾਹਿਬ ਆ ਗਏ, ਜਿਥੇ ਆਪ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ 12 ਸਾਲ ਸੇਵਾ ਕੀਤੀ।
ਇਥੇ ਆਪ ਦੀ ਸੇਵਾ-ਭਾਵਨਾ ਨਾਲ ਈਰਖਾ ਕਰਨ ਵਾਲੇ ਲੋਕਾਂ ਨੇ ਆਪ ਨੂੰ ਕਾਫੀ ਪ੍ਰੇਸ਼ਾਨ ਕੀਤਾ। ਜਦੋਂ ਆਪ ਨੇ ਪੰਜਾਬ ਪਰਤਣ ਦਾ ਮਨ ਬਣਾ ਲਿਆ ਤਾਂ ਇਥੇ ਨਾਂਦੇੜ ਰੇਲਵੇ ਸਟੇਸ਼ਨ ''ਤੇ ਹੀ ਪ੍ਰਭੂ ਭਗਤੀ ਕਰਦਿਆਂ ਆਪ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰਤੱਖ ਦਰਸ਼ਨ ਦੇ ਕੇ ''ਖੀਸਾ ਮੇਰਾ, ਹੱਥ ਤੇਰਾ'' ਦਾ ਵਰ ਦਿੰਦਿਆਂ ਗੁਰੂ ਕੇ ਲੰਗਰਾਂ ਦੀ ਸੇਵਾ ਆਰੰਭਣ ਦਾ ਹੁਕਮ ਕੀਤਾ। ਫਿਰ ਕੀ ਸੀ, ਆਪ ਨੇ ਗੁਰੂ ਬਖਸ਼ਿਸ਼ ਨਾਲ ਇਥੇ ਸਖ਼ਤ ਘਾਲਣਾ ਘਾਲਦਿਆਂ ਗੁਰੂ ਕੇ ਲੰਗਰਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਤੇ ਆਪ ਇਹ ਸੇਵਾ ਨਿਭਾਉਂਦਿਆਂ 4 ਅਗਸਤ 1947 ਨੂੰ ਅਕਾਲ ਪੁਰਖ ਨੂੰ ਪਿਆਰੇ ਹੋ ਗਏ।
ਆਪ ਜੀ ਤੋਂ ਬਾਅਦ ਸੰਤ ਬਾਬਾ ਹਰਨਾਮ ਸਿੰਘ ਨੇ 1947 ਤੋਂ ਲੈ ਕੇ 1979 ਤਕ ਇਸ ਸਥਾਨ ''ਤੇ ਸੰਗਤਾਂ ਲਈ ਲੰਗਰਾਂ ਤੇ ਰਿਹਾਇਸ਼ਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ। ਆਪ ਦੇ ਅਕਾਲ ਚਲਾਣੇ ਉਪਰੰਤ ਸੰਤ ਬਾਬਾ ਆਤਮਾ ਸਿੰਘ ਮੋਨੀ ਹੁਰਾਂ ਨੇ 4 ਅਗਸਤ 1979 ਤੋਂ ਲੈ ਕੇ 1983 ਤਕ ਸੇਵਾ ਦੇ ਕੁੰਭ ਵਿਚ ਆਪਣਾ ਅਹਿਮ ਯੋਗਦਾਨ ਪਾਇਆ। ਆਪ ਤੋਂ ਉਪਰੰਤ ਸੰਤ ਬਾਬਾ ਸ਼ੀਸ਼ਾ ਸਿੰਘ ਨੇ ਸੰਗਤਾਂ ਲਈ ਗੁਰੂ ਕੇ ਲੰਗਰਾਂ ਤੇ ਰਿਹਾਇਸ਼ਾਂ ਲਈ ਵਿਸ਼ੇਸ਼ ਉਪਰਾਲੇ ਕਰਦਿਆਂ 1983 ਤੋਂ 13 ਮਈ 2005 ਤਕ ਆਪਣੀਆਂ ਅਹਿਮ ਸੇਵਾਵਾਂ ਪ੍ਰਦਾਨ ਕੀਤੀਆਂ। ਆਪ ਦੀ ਯੋਗ ਅਗਵਾਈ ''ਚ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਤੇ ਹੋਰ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਆਪਣੀਆਂ ਅਹਿਮ ਸੇਵਾਵਾਂ ਦਿੱਤੀਆਂ।
ਸੰਤ ਬਾਬਾ ਸ਼ੀਸ਼ਾ ਸਿੰਘ ਦੇ ਅਕਾਲ ਚਲਾਣੇ ਉਪਰੰਤ ਸੰਤ ਬਾਬਾ ਬਲਵਿੰਦਰ ਸਿੰਘ ਨੇ ਸੇਵਾ-ਸਿਮਰਨ ਦੀ ਦਾਤ ਆਪਣੀ ਝੋਲੀ ਪੁਆਉਂਦਿਆਂ ਸੰਗਤਾਂ ਦੇ ਮਤ ਅਨੁਸਾਰ ਸੰਤ ਬਾਬਾ ਨਰਿੰਦਰ ਸਿੰਘ ਨੂੰ ਮੌਜੂਦਾ ਮੁਖੀ ਹੋਣ ਦਾ ਦਰਜਾ ਪ੍ਰਦਾਨ ਕਰ ਦਿੱਤਾ। ਸੰਤ ਬਾਬਾ ਨਰਿੰਦਰ ਸਿੰਘ (ਮੁਖੀ) ਗੁ. ਲੰਗਰ ਸਾਹਿਬ (ਟਰੱਸਟ ਸੰਤ ਬਾਬਾ ਨਿਧਾਨ ਸਿੰਘ) ਸ੍ਰੀ ਹਜ਼ੂਰ ਸਾਹਿਬ ਵਾਲੇ ਸੰਤ ਬਾਬਾ ਬਲਵਿੰਦਰ ਸਿੰਘ ਦੇ ਭਰਪੂਰ ਸਹਿਯੋਗ ਸਦਕਾ ਮਹਾਰਾਸ਼ਟਰ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼ ਆਦਿ ਰਾਜਾਂ ਵਿਚ ਇਤਿਹਾਸਿਕ ਗੁਰੂਘਰਾਂ, ਲੰਗਰਾਂ ਆਦਿ ਦੀਆਂ ਵੱਡੀਆਂ ਸੇਵਾਵਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਵੱਡੀ ਪੱਧਰ ''ਤੇ ਨਿਭਾਅ ਰਹੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਹਰ ਸਾਲ ਦੀ ਤਰ੍ਹਾਂ 2 ਤੋਂ 4 ਅਗਸਤ ਤਕ ਉਪਰੋਕਤ ਸੱਚਖੰਡ ਵਾਸੀ ਮਹਾਪੁਰਸ਼ਾਂ ਦੀ ਯਾਦ ''ਚ ਬਰਸੀ ਸਮਾਗਮ ਪੂਰੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਲੰਗਰ ਸਾਹਿਬ (ਟਰੱਸਟ ਸੰਤ ਬਾਬਾ ਨਿਧਾਨ ਸਿੰਘ) ਸ੍ਰੀ ਹਜ਼ੂਰ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਪੰਥ ਪ੍ਰਸਿੱਧ ਕੀਰਤਨੀਏ, ਕਥਾਵਾਚਕ, ਵਿਦਵਾਨ, ਸੰਤ-ਮਹਾਪੁਰਸ਼ ਤੇ ਦੇਸ਼-ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਪੁੱਜ ਰਹੀਆਂ ਹਨ।
ਪੇਸ਼ਕਸ਼ : ਸਰਬਜੀਤ ਸਿੰਘ ਕਲਸੀ, ਬਟਾਲਾ