ਗੁਰਦੁਆਰਾ ਡੇਰਾ ਸਾਹਿਬ, ਲਾਹੌਰ

4/10/2017 7:08:37 AM

ਬਾਦਸ਼ਾਹੀ ਮਸਜਿਦ ਨੇੜੇ, ਲਾਹੌਰ ਦੇ ਕਿਲੇ ਸਾਹਮਣੇ ਜਿਥੇ 30 ਮਈ 1606 ਨੂੰ ਗੁਰੂ ਅਰਜਨ ਦੇਵ ਜੀ ਦੀ ਮਹਾਨ ਕੁਰਬਾਨੀ ਦੀ ਯਾਦ ''ਚ ਗੁਰੂ ਹਰਗੋਬਿੰਦ ਜੀ ਨੇ ਗੁਰ ਅਸਥਾਨਾਂ ਦੀ ਯਾਤਰਾ ਸਮੇਂ ਇਕ ਥੜ੍ਹਾ (ਪਲੇਟਫਾਰਮ) ਬਣਵਾਇਆ, ਉਥੇ ਮਹਾਰਾਜਾ ਰਣਜੀਤ ਸਿੰਘ ਨੇ ਛੋਟੀ ਜਿਹੀ ਇਮਾਰਤ ਤਿਆਰ ਕਰਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਫਿਰ 1909 ''ਚ ਪ੍ਰਕਾਸ਼ ਅਸਥਾਨ ਅਤੇ ਮੰਜੀ ਸਾਹਿਬ ਦਾ ਵਿਕਾਸ ਕਰਕੇ ਨਿਯਮਿਤ ਤੌਰ ''ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਹਰ ਰੋਜ਼ ਦੀਵਾਨ ਸਜਾਉਣ ਦਾ ਪ੍ਰਬੰਧ ਹੋਇਆ। 16 ਸਾਲਾਂ ਬਾਅਦ ਸਥਾਨਕ ਪ੍ਰਬੰਧਕ ਕਮੇਟੀ ਅਤੇ ਫਿਰ ਸ਼੍ਰੋਮਣੀ ਕਮੇਟੀ ਨੇ ਕਾਰਜਭਾਰ ਸੰਭਾਲ ਕੇ 21 ਅਪ੍ਰੈਲ 1930 ਤੋਂ ਆਰੰਭ ਕੀਤੀ ਉਸਾਰੀ 9 ਸਤੰਬਰ 1934 ਨੂੰ ਮੁਕੰਮਲ ਕੀਤੀ। ਭਾਰਤ ਦੀ ਵੰਡ ਬਾਅਦ ਪਾਕਿਸਤਾਨ ਰਹਿ ਗਏ ਇਤਿਹਾਸਿਕ ਗੁਰਦੁਆਰਿਆਂ ਅਤੇ ਮੰਦਿਰਾਂ ਦਾ ਕੰਟਰੋਲ ਪਾਕਿਸਤਾਨ ਵਕਫ ਬੋਰਡ ਨੇ ਸੰਭਾਲ ਲਿਆ। ਦੋ ਗ੍ਰੰਥੀ ਨਿਯੁਕਤ ਕੀਤੇ। ਸ਼ਹੀਦੀ ਜੋੜ ਮੇਲਾ, ਵਿਸਾਖੀ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ''ਤੇ ਦੁਨੀਆ ਭਰ ਤੋਂ ਸੰਗਤਾਂ ਇਥੇ ਆਉਣ ਲੱਗੀਆਂ।
ਨਵੰਬਰ 1996 ''ਚ ਇਸ ਇਤਿਹਾਸਿਕ ਸਥਾਨ ''ਤੇ 46 ਕਮਰਿਆਂ ਵਾਲੇ ਮੀਆਂ ਮੀਰ ਬਲਾਕ ਦੀ ਉਸਾਰੀ ਕਰਕੇ ਸੰਗਤਾਂ ਦੇ ਪ੍ਰਵਾਸ ਦਾ ਪ੍ਰਬੰਧ ਬਿਹਤਰ ਬਣਾਇਆ ਗਿਆ। ਹੁਣ ਭਾਰਤੀ ਹਿੰਦੂਆਂ ਦੇ ਜਥੇ ਵੀ ਇਸ ਕੰਪਲੈਕਸ ਵਿਚ ਠਹਿਰਾਏ ਜਾਂਦੇ ਹਨ। ਇਸ ਬਲਾਕ ''ਚ ਬਣਵਾਏ ਗਏ ਇਸ਼ਨਾਨਘਰ ਅਤੇ ਟਾਇਲਟ ਦੀ ਦੇਖਭਾਲ ਹੁਣ ਚੁਣੌਤੀ ਬਣੀ ਹੋਈ ਹੈ। ਸੀਟਾਂ ਟੁੱਟੀਆਂ ਪਈਆਂ ਹਨ, ਫਰਸ਼ ''ਚੋਂ ਕਾਲਾ ਮਸਾਲਾ ਪਾਣੀ ਡਿੱਗਣ ਸਮੇਂ ਬਾਹਰ ਆਉਂਦਾ ਹੈ, ਜਿਸ ਦਾ ਕਾਰਨ ਕਿਸੇ ਹੱਦ ਤਕ ਯਾਤਰੀਆਂ ਵਲੋਂ ਸਾਵਧਾਨੀ ਨਾ ਵਰਤਣਾ ਵੀ ਦੱਸਿਆ ਜਾ ਰਿਹਾ ਹੈ।
ਸਭ ਤੋਂ ਵੱਡੀ ਚੁਣੌਤੀ ਇਤਿਹਾਸਿਕ ਗੁਰਦੁਆਰਾ ਭਵਨ ਨੂੰ ਤਕਨੀਕੀ ਪੱਖੋਂ ਮਜ਼ਬੂਤੀ ਪ੍ਰਦਾਨ ਕਰਨਾ ਸੀ। ਅਗਸਤ 2015 ''ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਲਾਹੌਰ ਗਏ। ਪਾਕਿਸਤਾਨ ਵਕਫ਼ ਬੋਰਡ ਦੇ ਮਾਰਗਦਰਸ਼ਨ ਹੇਠ ਕੰਮ ਕਰਨ ਵਾਲੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਦੌਰਾਨ ਇਤਿਹਾਸਿਕ ਗੁਰਦੁਆਰਿਆਂ ਦੇ ਵਿਕਾਸ ''ਚ ਸਹਿਯੋਗ ਦੀ ਪੇਸ਼ਕਸ਼ ਮਨਜ਼ੂਰ ਕਰ ਲਈ ਗਈ। ਗੁਰਦੁਆਰਾ ਡੇਰਾ ਸਾਹਿਬ ''ਚ ਕਾਰ ਸੇਵਾ ਲਈ ਵੀ ਦੋਨੋਂ ਧਿਰਾਂ ਸਹਿਮਤ ਹੋ ਗਈਆਂ। ਬੀਤੇ ਦਿਨੀਂ ਜਦ ਸ਼ਹੀਦੀ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਦੂਜੀ ਵਾਰ ਸੁਭਾਗ ਪ੍ਰਾਪਤ ਹੋਇਆ ਤਾਂ ਵੇਖਿਆ ਕਿ ਸਰਨਾ ਭਰਾਵਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਾਬਾ ਜਗਤਾਰ ਸਿੰਘ ਨੇ ਕਾਰ ਸੇਵਾ ਆਰੰਭ ਕੀਤੀ ਹੋਈ ਹੈ। ਬਾਬਾ ਜੀ ਵਲੋਂ ਕਾਰ ਸੇਵਾ ਦੀ ਨਿਗਰਾਨੀ ਕਰ ਰਹੇ ਸੇਵਾਧਾਰੀ ਸ. ਜਸਬੀਰ ਸਿੰਘ ਤਰਨਤਾਰਨ ਵਾਲੇ ਦੱਸਦੇ ਹਨ ਕਿ ਬੇਸਮੈਂਟ ਦੀ ਸਦਵਰਤੋਂ ਬਾਰੇ ਸਥਾਨਕ ਪ੍ਰਬੰਧਕ ਫੈਸਲਾ ਕਰਨਗੇ। ਜਨਾਬ ਮੁਹੰਮਦ ਸਿੱਦੀਕ-ਉਲ-ਫਾਰੂਖ਼ ਦੀ ਅਗਵਾਈ ਹੇਠਲੇ ਵਕਫ਼ ਬੋਰਡ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵਾਲੀ ਇਮਾਰਤ ਦੀ ਸਰਾਂ ਦੇ ਫਰਸ਼ਾਂ ''ਤੇ ਹੁਣ ਸੰਗਮਰਮਰੀ ਜਾਂ ਗਲੇਜ਼ਡ ਟਾਈਲਾਂ ਨਜ਼ਰ ਆਉਂਦੀਆਂ ਹਨ। ਦੀਵਾਰਾਂ ਦੀ ਮੁਰੰਮਤ ਕਰਕੇ ਕਰੀਮ ਰੰਗ ਦੀ ਕਲੀ ਕਰ ਦਿੱਤੀ ਗਈ ਹੈ। ਪ੍ਰਸ਼ਾਸਕੀ ਬਲਾਕ ''ਚ ਸੁਧਾਰ ਹੋਇਆ ਹੈ। ਪੀਣ ਲਈ ਫਿਲਟਰ ਵਾਟਰ ਉਪਲਬਧ ਹੈ।
ਰਾਣੀ ਰੋਡ ਤੋਂ ਸ਼ਹੀਦੀ ਅਸਥਾਨ ਜਾਣ ਸਮੇਂ ਮਿੰਟੋ ਪਾਰਕ ਨਜ਼ਰ ਆਉਂਦਾ ਸੀ, ਜਿਸ ਦੀ ਦੇਖਭਾਲ ਸੰਤੋਖਜਨਕ ਨਹੀਂ ਸੀ। ਕੁਝ ਦੂਰੀ ''ਤੇ ਮੀਨਾਰ-ਏ-ਪਾਕਿਸਤਾਨ ਮੌਜੂਦ ਹੈ ਪਰ ਹੁਣ ਤਾਂ ਨਜ਼ਾਰਾ ਹੀ ਬਦਲ ਗਿਆ। 125 ਏਕੜ ਜ਼ਮੀਨ ''ਤੇ ਲੱਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਗ੍ਰੇਟਰ ਇਕਬਾਲ ਪਾਰਕ ਵਿਕਸਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 18 ਦਸੰਬਰ 2016 ਨੂੰ ਉਦਘਾਟਨ ਕਰਦਿਆਂ ਕਿਹਾ ਕਿ ਇਹ ਪਾਰਕ ਧਰਨਾ ਲਗਾਉਣ ਜਾਂ ਰੋਸ ਵਿਖਾਵਾ ਕਰਨ ਵਾਲਿਆਂ ਲਈ ਨਹੀਂ ਹੈ। ਸ਼ਹੀਦੀ ਅਸਥਾਨ ਦੀ ਉੱਤਰ ਦਿਸ਼ਾ ਵਾਲੀ ਇਮਾਰਤ ਦੀਆਂ ਪੌੜੀਆਂ ਚੜ੍ਹ ਕੇ ਪਾਰਕ ਦੀ ਖੂਬਸੂਰਤੀ ਦਾ ਆਨੰਦ ਮਾਣਿਆ ਜਾ ਸਕਦਾ ਹੈ। ਜਨਾਬ ਨਵਾਜ਼ ਸ਼ਰੀਫ ਨੇ ਕਿਹਾ ਕਿ ਉਪ-ਮਹਾਦੀਪ ਵਿਚ ਕੋਈ ਹੋਰ ਸਥਾਨ ਨਹੀਂ, ਜਿਥੇ ਇਤਿਹਾਸ ਅਤੇ ਭਵਿੱਖ ਇਕੋ ਬੁੱਕਲ ਵਿਚ ਮੌਜੂਦ ਹੋਣ। ਮਸ਼ਹੂਰ ਸ਼ਾਇਰ ਅਲਾਮਾ ਇਕਬਾਲ ਦਾ ਮਕਬਰਾ ਇਸੇ ਪਾਰਕ ''ਚ ਮੌਜੂਦ ਹੈ। ਕੌਮੀ ਤਰਾਨਾ ਲਿਖਣ ਵਾਲੇ ਹਫੀਜ਼ ਜਲੰਧਰੀ ਦਾ ਮਕਬਰਾ ਵੀ ਮੌਜੂਦਾ ਸਰਕਾਰ ਨੇ ਸੰਵਾਰਿਆ। ਪਾਕਿਸਤਾਨ ਦੀ ਸਥਾਪਨਾ ਦਾ ਮਤਾ 1940 ਦੀ ਕਾਨਫਰੰਸ ਸਮੇਂ ਇਸੇ ਸਥਾਨ ''ਤੇ ਪਾਸ ਹੋਇਆ। ਲਾਹੌਰ ਵਸਾਉਣ ਵਾਲੇ ਲਵ ਦੀ ਸਮਾਧੀ ਵੀ ਨਜ਼ਦੀਕ ਸਥਿਤ ਕਿਲੇ ''ਚ ਮੌਜੂਦ ਹੈ, ਜਿਸਦੇ ਦਰਸ਼ਨ ਇਸ ਵਾਰ ਭਾਰਤੀ ਯਾਤਰੀਆਂ ਨੂੰ ਕਰਾਏ ਗਏ। ਪਾਰਕ ''ਚ 800 ਫੁੱਟ ਲੰਬਾ ਸੰਗੀਤਮਈ ਫੁਹਾਰਾ, 2 ਕਿਲੋਮੀਟਰ ਲੰਬੇ ''ਬੱਘੀ ਟ੍ਰੈਕ'' ਉੱਤੇ ਚੱਲਣ ਵਾਲੀ ਰੇਲ ਗੱਡੀ, ਲਾਇਬ੍ਰੇਰੀ, ਫੂਡ ਪਲਾਜ਼ਾ ਜਿਹੇ ਕਈ ਆਕਰਸ਼ਣ ਹਨ, ਜਿਨ੍ਹਾਂ ਨਾਲ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ''ਚ ਵੀ ਨਿਖਾਰ ਆਇਆ ਹੈ। ਹੁਣ ਦੀਵਾਰ ਨੇੜੇ ਗੰਦਗੀ ਸੁੱਟਣ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ, ਫੁੱਲਾਂ ਦੀ ਖੁਸ਼ਬੂ ਦਾ ਆਨੰਦ ਮਾਣਿਆ ਜਾ ਸਕਦਾ ਹੈ।
— ਰਾਜ ਸਦੋਸ਼ (94179-53818)