ਮੁਸੀਬਤਾਂ ਤੋਂ ਭੱਜੋ ਨਾ

7/16/2017 3:33:45 PM

ਸਵਾਮੀ ਰਾਮਕ੍ਰਿਸ਼ਨ ਪਰਮਹੰਸ ਵਲੋਂ ਸਰੀਰ ਤਿਆਗਣ ਤੋਂ ਬਾਅਦ ਉਨ੍ਹਾਂ ਦੇ ਚੇਲੇ ਸਵਾਮੀ ਵਿਵੇਕਾਨੰਦ ਤੀਰਥ ਯਾਤਰਾ 'ਤੇ ਨਿਕਲੇ। ਦੇਸ਼ ਦੇ ਵੱਖ-ਵੱਖ ਤੀਰਥਾਂ ਦੇ ਦਰਸ਼ਨ ਕਰਦੇ ਹੋਏ ਉਹ ਕਾਸ਼ੀ ਪਹੁੰਚੇ। ਵਿਸ਼ਵਨਾਥ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਬਾਹਰ ਆਏ ਤਾਂ ਦੇਖਿਆ ਕਿ ਕੁਝ ਬਾਂਦਰ ਇੱਧਰੋਂ-ਉੱਧਰ ਦੌੜ ਰਹੇ ਹਨ। ਸਵਾਮੀ ਜੀ ਜਿਵੇਂ ਹੀ ਅੱਗੇ ਵਧੇ, ਸਾਰੇ ਬਾਂਦਰ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰਨ ਲੱਗੇ। 
ਉਨ੍ਹੀਂ ਦਿਨੀਂ ਸਵਾਮੀ ਜੀ ਲੰਮਾ ਅੰਗਰਖਾ ਪਾਉਂਦੇ ਸਨ ਅਤੇ ਸਿਰ 'ਤੇ ਸਾਫਾ ਬੰਨ੍ਹਦੇ ਸਨ। ਸ਼ਾਇਦ ਬਾਂਦਰ ਨੂੰ ਭੁਲੇਖਾ ਲੱਗਾ ਕਿ ਸਵਾਮੀ ਜੀ ਦੀ ਜੇਬ ਵਿਚ ਖਾਣ ਵਾਲਾ ਸਾਮਾਨ ਭਰਿਆ ਹੋਇਆ ਹੈ। ਆਪਣੇ ਪਿੱਛੇ ਬਾਂਦਰ ਆਉਂਦੇ ਦੇਖ ਕੇ ਸਵਾਮੀ ਜੀ ਉਨ੍ਹਾਂ ਤੋਂ ਬਚਣ ਲਈ ਤੇਜ਼-ਤੇਜ਼ ਤੁਰਨ ਲੱਗੇ। ਬਾਂਦਰ ਵੀ ਉਸੇ ਤੇਜ਼ੀ ਨਾਲ ਉਨ੍ਹਾਂ ਦਾ ਪਿੱਛਾ ਕਰਨ ਲੱਗੇ। ਸਵਾਮੀ ਜੀ ਨੇ ਇਸ ਸਥਿਤੀ ਤੋਂ ਬਚਣ ਲਈ ਦੌੜਨਾ ਸ਼ੁਰੂ ਕਰ ਦਿੱਤਾ ਪਰ ਬਾਂਦਰ ਕਿਥੇ ਪਿੱਛੇ ਰਹਿਣ ਵਾਲੇ ਸਨ। ਉਹ ਵੀ ਪਿੱਛੇ-ਪਿੱਛੇ ਦੌੜਨ ਲੱਗੇ। ਸਵਾਮੀ ਜੀ ਬੜੇ ਦੁਚਿੱਤੀ ਵਿਚ ਸਨ। ਬਾਂਦਰ ਉਨ੍ਹਾਂ ਨੂੰ ਛੱਡਣ ਲਈ ਤਿਆਰ ਨਹੀਂ ਸਨ।
ਉਸੇ ਵੇਲੇ ਸਵਾਮੀ ਜੀ ਨੇ ਪਤਾ ਨਹੀਂ ਕਿਥੋਂ ਆਉਂਦੀ ਬੜੀ ਤੇਜ਼ ਆਵਾਜ਼ ਸੁਣੀ—ਦੌੜੋ ਨਾ। ਜਿਵੇਂ ਹੀ ਇਹ ਆਵਾਜ਼ ਸਵਾਮੀ ਜੀ ਦੇ ਕੰਨੀਂ ਪਈ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਮੁਸੀਬਤ ਤੋਂ ਡਰ ਕੇ ਭੱਜ ਕਿਉਂ ਰਹੇ ਸਨ? ਸਵਾਮੀ ਜੀ ਜਿਥੇ ਸਨ, ਉਥੇ ਹੀ ਬਿਨਾਂ ਡਰੇ ਖੜ੍ਹੇ ਹੋ ਗਏ। ਉਨ੍ਹਾਂ ਨੂੰ ਰੁਕਿਆ ਦੇਖ ਕੇ ਬਾਂਦਰ ਵੀ ਥੋੜ੍ਹੀ ਦੇਰ ਬਾਅਦ ਇੱਧਰ-ਉੱਧਰ ਚਲੇ ਗਏ। 'ਭੱਜੋ ਨਾ', ਇਨ੍ਹਾਂ 2 ਸ਼ਬਦਾਂ ਨੇ ਸਵਾਮੀ ਜੀ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਮੁਸੀਬਤ ਤੋਂ ਭੱਜਣਾ ਨਹੀਂ, ਸਗੋਂ ਉਸ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ। 
ਦੇਖਣ 'ਚ ਇਹ ਘਟਨਾ ਛੋਟੀ ਜਿਹੀ ਸੀ ਪਰ ਇਸ ਨੇ ਸਵਾਮੀ ਜੀ ਦੇ ਜੀਵਨ ਵਿਚ ਨਵਾਂ ਮੋੜ ਲਿਆ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਜਿਥੇ-ਜਿਥੇ ਆਪਣੇ ਜਾਂ ਸਮਾਜ ਸਾਹਮਣੇ ਕੋਈ ਬੁਰਾਈ ਦੇਖੀ, ਉਸ ਤੋਂ ਡਰੇ ਨਹੀਂ ਸਗੋਂ ਪੂਰੇ ਹੌਸਲੇ ਨਾਲ ਉਸ ਦਾ ਮੁਕਾਬਲਾ ਕਰ ਕੇ ਉਸ ਨੂੰ ਦੂਰ ਕੀਤਾ।