ਕਿਸੇ ਤੋਂ ਵੀ ਸਿੱਖਣ ''ਚ ਝਿਜਕੋ ਨਾ

11/17/2017 10:53:51 AM

ਯੂਨਾਨੀ ਦਾਰਸ਼ਨਿਕ ਅਫਲਾਤੂਨ ਕੋਲ ਰੋਜ਼ਾਨਾ ਕਈ ਵਿਦਵਾਨ ਆਉਂਦੇ ਸਨ। ਸਾਰੇ ਉਨ੍ਹਾਂ ਤੋਂ ਕੁਝ ਨਾ ਕੁਝ ਗਿਆਨ ਹਾਸਿਲ ਕਰ ਕੇ ਜਾਂਦੇ ਸਨ ਪਰ ਅਫਲਾਤੂਨ ਖੁਦ ਨੂੰ ਕਦੇ ਵੀ ਗਿਆਨੀ ਨਹੀਂ ਮੰਨਦੇ ਸਨ। ਉਹ ਹਮੇਸ਼ਾ ਕੋਈ ਨਾ ਕੋਈ ਨਵੀਂ ਗੱਲ ਸਿੱਖਣ ਲਈ ਉਤਸੁਕ ਰਹਿੰਦੇ ਸਨ।
ਇਕ ਦਿਨ ਉਨ੍ਹਾਂ ਦੇ ਇਕ ਦੋਸਤ ਨੇ ਕਿਹਾ,''ਤੁਹਾਡੇ ਕੋਲ ਦੁਨੀਆ ਦੇ ਵੱਡੇ-ਵੱਡੇ ਵਿਦਵਾਨ ਕੁਝ ਨਾ ਕੁਝ ਸਿੱਖਣ ਤੇ ਜਾਣਨ ਲਈ ਆਉਂਦੇ ਹਨ ਅਤੇ ਤੁਹਾਡੇ ਨਾਲ ਗੱਲਾਂ ਕਰ ਕੇ ਆਪਣਾ ਜਨਮ ਧੰਨ ਸਮਝਦੇ ਹਨ ਪਰ ਤੁਹਾਡੀ ਇਕ ਗੱਲ ਸਮਝ ਨਹੀਂ ਆਈ।''
ਦੋਸਤ ਦੀ ਗੱਲ 'ਤੇ ਅਫਲਾਤੂਨ ਬੋਲੇ,''ਤੈਨੂੰ ਕਿਹੜੀ ਗੱਲ ਸਮਝ ਨਹੀਂ ਆਈ?''
ਦੋਸਤ ਬੋਲਿਆ,''ਤੁਸੀਂ ਖੁਦ ਇੰਨੇ ਵੱਡੇ ਦਾਰਸ਼ਨਿਕ ਤੇ ਵਿਦਵਾਨ ਹੋ ਪਰ ਫਿਰ ਵੀ ਦੂਜਿਆਂ ਤੋਂ ਸਿੱਖਿਆ ਹਾਸਿਲ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹੋ, ਉਹ ਵੀ ਬੜੇ ਉਤਸ਼ਾਹ ਤੇ ਚਾਅ ਨਾਲ। ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਆਮ ਵਿਅਕਤੀ ਤੋਂ ਸਿੱਖਣ ਵਿਚ ਵੀ ਝਿਜਕ ਮਹਿਸੂਸ ਨਹੀਂ ਹੁੰਦੀ। ਤੁਹਾਨੂੰ ਸਿੱਖਣ ਦੀ ਭਲਾ ਕੀ ਲੋੜ ਹੈ? ਕਿਤੇ ਤੁਸੀਂ ਲੋਕਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਤੋਂ ਸਿੱਖਣ ਦਾ ਦਿਖਾਵਾ ਤਾਂ ਨਹੀਂ ਕਰਦੇ?''
ਦੋਸਤ ਦੀ ਗੱਲ 'ਤੇ ਅਫਲਾਤੂਨ ਜ਼ੋਰ ਨਾਲ ਹੱਸੇ ਅਤੇ ਬੋਲੇ,''ਹਰ ਕਿਸੇ ਕੋਲ ਕੋਈ ਨਾ ਕੋਈ ਅਜਿਹੀ ਚੀਜ਼ ਹੁੰਦੀ ਹੈ, ਜੋ ਦੂਜਿਆਂ ਕੋਲ ਨਹੀਂ ਹੁੰਦੀ। ਇਸ ਲਈ ਹਰ ਕਿਸੇ ਨੂੰ ਦੂਜਿਆਂ ਤੋਂ ਸਿੱਖਣਾ ਚਾਹੀਦਾ ਹੈ।''
ਕਹਿਣ ਤੋਂ ਭਾਵ ਇਹ ਹੈ ਕਿ ਗਿਆਨ ਦਾ ਕੋਈ ਅੰਤ ਨਹੀਂ। ਜਦੋਂ ਤਕ ਦੂਜਿਆਂ ਤੋਂ ਕੁਝ ਸਿੱਖਣ ਵਿਚ ਸ਼ਰਮ ਨਾ ਆਵੇ, ਉਸ ਵੇਲੇ ਤਕ ਸਿੱਖਦੇ ਰਹਿਣਾ ਚਾਹੀਦਾ ਹੈ। ਇਹੋ ਅੱਗੇ ਵਧਣ ਦਾ ਫਲਸਫਾ ਹੈ। ਜਿਹੜੇ ਲੋਕ ਇਹ ਘੁਮੰਡ ਕਰਦੇ ਹਨ ਕਿ ਉਨ੍ਹਾਂ ਨੂੰ ਸਭ ਕੁਝ ਪਤਾ ਹੈ ਜਾਂ ਆਉਂਦਾ ਹੈ, ਉਹ ਜੀਵਨ ਵਿਚ ਧੋਖਾ ਜਾਂ ਸੱਟ ਜ਼ਰੂਰ ਖਾਂਦੇ ਹਨ। ਇਸ ਲਈ ਬਿਨਾਂ ਕਿਸੇ ਸ਼ਰਮ ਜਾਂ ਝਿਜਕ ਦੇ ਹਰ ਕਿਸੇ ਤੋਂ ਚੰਗੀਆਂ ਗੱਲਾਂ ਗ੍ਰਹਿਣ ਕਰੋ।