ਕੀ ਮੇਰੇ ਵਿਚ ਕੋਈ ਕਮੀ ਹੈ?

7/8/2017 10:45:45 AM

ਗੌਤਮ ਬੁੱਧ ਰੋਜ਼ਾਨਾ ਪ੍ਰਵਚਨ ਕਰਦੇ ਸਨ। ਉਨ੍ਹਾਂ ਦੇ ਪ੍ਰਵਚਨ ਦਾ ਲਾਭ ਲੈਣ ਲਈ ਇਕ ਵਿਅਕਤੀ ਰੋਜ਼ ਆਉਂਦਾ ਅਤੇ ਬੜੇ ਹੀ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣਦਾ। ਬੁੱਧ ਪ੍ਰਵਚਨ ਵਿਚ ਲਾਲਚ, ਮੋਹ, ਈਰਖਾ ਤੇ ਹੰਕਾਰ ਛੱਡਣ ਦੀ ਗੱਲ ਕਰਦੇ ਸਨ। ਇਹ ਸਭ ਛੱਡ ਕੇ ਜੀਵਨ ਦੇ ਟੀਚੇ ਤਕ ਪਹੁੰਚਣ ਲਈ ਉਹ ਉਪਦੇਸ਼ ਦਿੰਦੇ ਸਨ।
ਇਕ ਦਿਨ ਉਹ ਵਿਅਕਤੀ ਬੁੱਧ ਕੋਲ ਆਇਆ। ਉਸ ਨੇ ਉਨ੍ਹਾਂ ਨੂੰ ਪੁੱਛਿਆ, ''ਮੈਂ ਲੱਗਭਗ ਇਕ ਮਹੀਨੇ ਤੋਂ ਤੁਹਾਡਾ ਪ੍ਰਵਚਨ ਸੁਣ ਰਿਹਾ ਹਾਂ ਪਰ ਮੁਆਫ ਕਰਨਾ, ਮੇਰੇ ਉੱਪਰ ਉਸ ਦਾ ਕੋਈ ਅਸਰ ਨਹੀਂ ਹੋ ਰਿਹਾ। ਅਜਿਹਾ ਨਹੀਂ ਕਿ ਤੁਸੀਂ ਕੋਈ ਵੀ ਗੱਲ ਗਲਤ ਕਹਿ ਰਹੇ ਹੋ ਪਰ ਇਸ ਦਾ ਕਾਰਨ ਕੀ ਹੈ? ਕੀ ਮੇਰੇ ਵਿਚ ਕੋਈ ਕਮੀ ਹੈ?''
ਬੁੱਧ ਨੇ ਮੁਸਕਰਾ ਕੇ ਪੁੱਛਿਆ, ''ਇਹ ਦੱਸ ਤੂੰ ਕਿੱਥੋਂ ਦਾ ਰਹਿਣ ਵਾਲਾ ਏਂ?''
ਵਿਅਕਤੀ ਬੋਲਿਆ, ''ਸ਼੍ਰਾਵਸਤੀ ਦਾ।''
ਬੁੱਧ ਨੇ ਪੁੱਛਿਆ, ''ਸ਼੍ਰਾਵਸਤੀ ਇਥੋਂ ਕਿੰਨਾ ਦੂਰ ਹੈ?''
ਉਸ ਨੇ ਦੂਰੀ ਦੱਸੀ। ਬੁੱਧ ਨੇ ਮੁੜ ਪੁੱਛਿਆ, ''ਤੂੰ ਉਥੇ ਕਿਵੇਂ ਜਾਂਦਾ ਏਂ?''
ਵਿਅਕਤੀ ਨੇ ਕਿਹਾ, ''ਕਦੇ ਘੋੜੇ 'ਤੇ ਤਾਂ ਕਦੇ ਬੈਲਗੱਡੀ 'ਚ ਬੈਠ ਕੇ ਜਾਂਦਾ ਹਾਂ।''
ਬੁੱਧ ਨੇ ਫਿਰ ਸਵਾਲ ਕੀਤਾ, ''ਕਿੰਨਾ ਸਮਾਂ ਲੱਗਦਾ ਹੈ?''
ਵਿਅਕਤੀ ਨੇ ਹਿਸਾਬ ਲਾ ਕੇ ਸਮਾਂ ਦੱਸ ਦਿੱਤਾ। ਬੁੱਧ ਨੇ ਕਿਹਾ, ''ਚੰਗਾ ਇਹ ਦੱਸ ਕਿ ਕੀ ਤੂੰ ਬੈਠਾ-ਬੈਠਾ ਇਥੋਂ ਸ਼੍ਰਾਵਸਤੀ ਪਹੁੰਚ ਸਕਦਾ ਏਂ?''
ਵਿਅਕਤੀ ਨੇ ਹੈਰਾਨੀ ਨਾਲ ਕਿਹਾ, ''ਇਥੇ ਬੈਠੇ-ਬੈਠੇ ਭਲਾ ਉਥੇ ਕਿਵੇਂ ਪਹੁੰਚਿਆ ਜਾ ਸਕਦਾ ਹੈ? ਇਸ ਦੇ ਲਈ ਚੱਲਣਾ ਪਵੇਗਾ ਜਾਂ ਫਿਰ ਕਿਸੇ ਵਾਹਨ ਦਾ ਸਹਾਰਾ ਲੈਣਾ ਪਵੇਗਾ। 
ਬੁੱਧ ਬੋਲੇ, ''ਤੂੰ ਸਹੀ ਕਿਹਾ, ਚੱਲ ਕੇ ਹੀ ਆਪਣੇ ਟੀਚੇ ਤਕ ਪਹੁੰਚਿਆ ਜਾ ਸਕਦਾ ਹੈ। ਇਸੇ ਤਰ੍ਹਾਂ ਚੰਗੀਆਂ ਗੱਲਾਂ ਦਾ ਅਸਰ ਵੀ ਤਾਂ ਹੀ ਪੈਂਦਾ ਹੈ, ਜਦੋਂ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਉਤਾਰਿਆ ਜਾਵੇ। ਉਸੇ ਅਨੁਸਾਰ ਵਤੀਰਾ ਕੀਤਾ ਜਾਵੇ। ਸਿਰਫ ਪ੍ਰਵਚਨ ਸੁਣਨ ਜਾਂ ਅਧਿਐਨ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ।''
ਇਸ 'ਤੇ ਵਿਅਕਤੀ ਬੋਲਿਆ, ''ਹੁਣ ਮੈਨੂੰ ਆਪਣੀ ਭੁੱਲ ਸਮਝ ਵਿਚ ਆ ਰਹੀ ਹੈ। ਅੱਜ ਤੋਂ ਮੈਂ ਤੁਹਾਡੇ ਦੱਸੇ ਰਸਤੇ 'ਤੇ ਹੀ ਚੱਲਾਂਗਾ।''