ਦੁਰਯੋਧਨ ਦੀ ਮੌਤ ਦਾ ਕਾਰਨ

12/11/2017 7:38:32 AM

ਦੁਰਯੋਧਨ ਦੇ ਜਨਮ ਦੌਰਾਨ ਕਈ ਅਪਸ਼ਗਨ ਹੋਏ, ਜਿਸ ਕਾਰਨ ਜੋਤਸ਼ੀਆਂ ਨੇ ਕਿਹਾ ਕਿ ਇਹ ਬੱਚਾ ਵੱਡਾ ਹੋ ਕੇ ਕੁਲ ਦਾ ਨਾਸ਼ ਕਰਵਾਏਗਾ। ਇਸ ਕਰਕੇ ਇਸ ਨੂੰ ਜਿਊਂਦੇ ਨੂੰ ਦਫਨਾ ਦਿੱਤਾ ਜਾਵੇ ਪਰ ਅਜਿਹਾ ਨਹੀਂ ਕੀਤਾ ਗਿਆ। ਅਸਲ ਵਿਚ ਦੁਰਯੋਧਨ ਕਾਲ ਦਾ ਅਵਤਾਰ ਸੀ। ਇਹ ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਦੇਖਣ ਲਈ ਪੈਦਾ ਹੋਇਆ ਸੀ। ਇਹ ਪਾਂਡਵਾਂ ਨਾਲ ਹਮੇਸ਼ਾ ਵੈਰ ਰੱਖਦਾ ਸੀ। ਦੁਰਯੋਧਨ ਦਾ ਜਨਮ ਹੋਇਆ ਤਾਂ ਭਵਿੱਖਬਾਣੀ ਹੋਈ ਸੀ ਕਿ ਇਹ ਆਪਣੇ ਜੀਵਨ ਦੇ ਅੰਤਿਮ ਯੁੱਧ ਦੌਰਾਨ ਜ਼ਖ਼ਮੀ ਹੋ ਜਾਵੇਗਾ ਅਤੇ ਇਸ ਦੀ ਮੌਤ 'ਹਿਰਖ' ਅਤੇ 'ਸ਼ੋਕ' ਕਾਰਨ ਹੋ ਜਾਵੇਗੀ। ਮੈਤ੍ਰਅ ਰਿਸ਼ੀ ਦੇ ਸਰਾਪ ਕਾਰਨ ਮਹਾਭਾਰਤ ਯੁੱਧ ਦੇ ਅੰਤਿਮ ਦਿਨ ਮਹਾਬਲੀ ਭੀਮ ਦੁਆਰਾ  ਦੁਰਯੋਧਨ ਦੇ ਜ਼ਖ਼ਮੀ ਹੋਣ ਤੋਂ ਬਾਅਦ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਨੇ ਪਾਂਡਵਾਂ ਨੂੰ ਕਿਹਾ, ''ਇਹ ਧਰਮ ਦੀ ਜਿੱਤ ਅਤੇ ਅਧਰਮ ਦੀ ਹਾਰ ਹੋਈ ਹੈ।'' ਧਰਮ ਦੀ ਅਧਰਮ ਉਪਰ ਜਿੱਤ ਹੋਣ ਕਾਰਨ ਅੱਜ ਦੀ ਹਾਰ ਕੌਰਵਾਂ ਦੇ ਤੰਬੂ ਵਿਚ ਗੁਜ਼ਾਰੀ ਜਾਵੇਗੀ। ਮੇਰਾ ਅਸਲ ਮੰਤਵ ਧਰਮ ਨੂੰ ਕਾਇਮ ਕਰਨਾ ਸੀ ਜੋ ਪੂਰਾ ਹੋ ਗਿਆ। ਯੁੱਧ ਦੇ ਮੈਦਾਨ ਵਿਚ ਦੁਰਯੋਧਨ ਦੇ ਜ਼ਖ਼ਮੀ ਹੋਣ ਤੋਂ ਬਾਅਦ ਦੁਰਯੋਧਨ ਕੋਲ ਗੁਰੂ ਦਰੋਣ ਪੁੱਤਰ ਅਸ਼ਵਥਾਮਾ ਆਇਆ ਤਾਂ ਦੁਰਯੋਧਨ ਨੇ ਉਸ ਨੂੰ ਪਾਂਡਵਾਂ ਦੇ ਸਿਰ ਕੱਟ ਕੇ ਲਿਆਉਣ ਲਈ ਕਿਹਾ। ਉਹ ਕੁਝ ਸੈਨਿਕਾਂ ਨੂੰ ਨਾਲ ਲੈ ਕੇ ਰਾਤ ਦੇ ਹਨੇਰੇ ਵਿਚ ਪਾਂਡਵਾਂ ਨੂੰ ਮਾਰਨ ਚਲਾ ਗਿਆ। ਸ਼੍ਰੀ ਕ੍ਰਿਸ਼ਨ ਜੀ ਨੇ ਉਸ ਰਾਤ ਪਾਂਡਵਾਂ ਨੂੰ ਉਨ੍ਹਾਂ ਦੇ ਤੰਬੂ (ਛਿੱਬਰ) ਵਿਚ ਸੌਣ ਨਹੀਂ ਦਿੱਤਾ। ਪਾਂਡਵ ਕੌਰਵਾਂ ਦੇ ਤੰਬੂ ਵਿਚ ਸੌਂ ਗਏ। ਪਾਂਡਵਾਂ ਦੇ ਤੰਬੂ ਵਿਚ ਦਰੋਪਦੀ ਦੇ ਪੰਜੇ ਪੁੱਤਰ ਸੌਂ ਗਏ। ਅਸ਼ਵਥਾਮਾ ਨੂੰ ਰਾਤ ਦੇ ਸਮੇਂ ਇਹ ਨਹੀਂ ਪਤਾ ਲੱਗਾ ਕਿ ਇਹ ਕੌਣ ਸੁੱਤੇ ਪਏ ਹਨ। ਉਹ ਦਰੋਪਦੀ ਦੇ ਪੰਜੇ ਪੁੱਤਰਾਂ ਦੇ ਸਿਰ ਕੱਟ ਕੇ ਲੈ ਗਿਆ।
ਅਸ਼ਵਥਾਮਾ ਨੇ ਕੱਟੇ ਹੋਏ ਪੰਜੇ ਸਿਰ ਦੁਰਯੋਧਨ ਨੂੰ ਰਾਤ ਦੇ ਹਨੇਰੇ ਵਿਚ ਦਿਖਾਏ ਤਾਂ ਦੁਰਯੋਧਨ ਨੇ ਕਿਹਾ ਕਿ ਪਹਿਲਾਂ ਮੈਨੂੰ ਭੀਮ ਦਾ ਸਿਰ ਦੇ, ਕਿਉਂਕਿ ਭੀਮ ਨੇ ਮੈਨੂੰ ਜ਼ਖ਼ਮੀ ਕੀਤਾ ਅਤੇ ਮੇਰੇ ਸਾਰੇ ਭਰਾਵਾਂ ਨੂੰ ਮਾਰਿਆ ਹੈ। ਅਸ਼ਵਥਾਮਾ ਨੇ ਉਸੇ ਤਰ੍ਹਾਂ ਕੀਤਾ। ਦੁਰਯੋਧਨ ਨੇ ਜਿਉਂ ਹੀ ਭੀਮ ਦਾ ਸਿਰ ਆਪਣੇ ਹੱਥਾਂ ਵਿਚ ਲੈ ਕੇ ਘੁੱਟਿਆ, ਉਹ ਫੁੱਟ ਦੀ ਤਰ੍ਹਾਂ ਖਿੜ (ਫਿਸ) ਗਿਆ। ਇਹ ਦੇਖ ਕੇ ਦੁਰਯੋਧਨ ਨੇ ਕਿਹਾ ਕਿ ਇਹ ਭੀਮ ਦਾ ਸਿਰ ਨਹੀਂ ਸੀ, ਕਿਉਂਕਿ ਜੇ ਇਹ ਭੀਮ ਦਾ ਸਿਰ ਹੁੰਦਾ ਤਾਂ ਇਹ ਇਸ ਤਰ੍ਹਾਂ ਫਿਸਣਾ ਨਹੀਂ ਸੀ। ਇਹ ਤਾਂ ਮੈਨੂੰ ਦਰੋਪਦੀ ਦੇ ਪੰਜੇ ਪੁੱਤਰਾਂ ਦੇ ਸਿਰ ਲੱਗਦੇ ਹਨ।
ਇਸ ਤੋਂ ਬਾਅਦ ਦੁਰਯੋਧਨ ਨੇ ਅਸ਼ਵਥਾਮਾ ਨੂੰ 'ਹਿਰਖ' ਨਾਲ ਕਿਹਾ, ''ਮੈਂ ਤੈਨੂੰ ਪੰਜ ਪਾਂਡਵਾਂ ਦੇ ਸਿਰ ਕੱਟ ਕੇ ਲਿਆਉਣ ਲਈ ਕਿਹਾ ਸੀ ਪਰ ਤੂੰ ਇਕ ਕੰਮ ਵੀ ਨਹੀਂ ਕਰ ਸਕਿਆ।'' ਫਿਰ 'ਸ਼ੋਕ' ਨਾਲ ਕਿਹਾ, ''ਹੈ ਤਾਂ ਇਹ ਮੇਰੇ ਦੁਸ਼ਮਣ ਦੇ ਬੱਚੇ ਪਰ ਇਨ੍ਹਾਂ ਮਾਸੂਮਾਂ ਦਾ ਕੀ ਕਸੂਰ?'' ਇਸ ਤੋਂ ਬਾਅਦ ਉਸ ਦੇ ਪ੍ਰਾਣ ਪੰਖੇਰੂ ਉੱਡ ਗਏ। ਇਸ ਤਰ੍ਹਾਂ ਜ਼ਖ਼ਮੀ ਹੋਣ ਤੋਂ ਬਾਅਦ 'ਹਿਰਖ' ਅਤੇ 'ਸ਼ੋਕ' ਕਾਰਨ ਉਸ ਦੀ ਮੌਤ ਹੋ ਗਈ।          (ਮਹਾਭਾਰਤ 'ਚੋਂ)
- ਡਾ. ਯਸ਼ਪਾਲ (ਗੋਲੀਆਂ)