ਡੁੱਬਦੀ ਬੇੜੀ ਲੱਗੀ ਪਾਰ

8/10/2017 12:33:25 PM

ਇਕ ਸੰਤ ਬੇੜੀ ਵਿਚ ਸਵਾਰ ਹੋ ਕੇ ਗੰਗਾ ਨਦੀ ਪਾਰ ਕਰ ਰਿਹਾ ਸੀ। ਉਸ ਬੇੜੀ ਦਾ ਮੱਲਾਹ ਨਸ਼ੇ ਵਿਚ ਟੱਲੀ ਸੀ। ਉਹ ਠੀਕ ਢੰਗ ਨਾਲ ਬੇੜੀ ਨਹੀਂ ਚਲਾ ਰਿਹਾ ਸੀ। ਸੰਤ ਨੇ ਉਸ ਨੂੰ ਸਮਝਾਇਆ,''ਭਰਾ, ਨਸ਼ੇ ਕਰ ਕੇ ਬੇੜੀ ਨਹੀਂ ਚਲਾਉਣੀ ਚਾਹੀਦੀ। 
ਮੱਲਾਹ ਬੜਾ ਤੇਜ਼ ਆਦਮੀ ਸੀ। ਉਹ ਸੰਤ ਦੀ ਗੱਲ ਸੁਣ ਕੇ ਖਿੱਝ ਗਿਆ ਅਤੇ ਉਸ ਦੀ ਬਾਂਹ ਫੜ ਕੇ ਬੋਲਿਆ,''ਬਾਬਾ, ਉਪਦੇਸ਼ ਨਾ ਦੇ ਨਹੀਂ ਤਾਂ ਤੈਨੂੰ ਗੰਗਾ ਵਿਚ ਸੁੱਟ ਦੇਵਾਂਗਾ।''
ਉਸ ਨੇ ਸੰਤ ਦਾ ਬਹੁਤ ਅਪਮਾਨ ਕੀਤਾ। ਉਸੇ ਵੇਲੇ ਭਵਿੱਖਬਾਣੀ ਹੋਈ—''ਸੰਤ ਦਾ ਅਪਮਾਨ ਹੋਇਆ ਹੈ ਇਸ ਦੀ ਸਜ਼ਾ ਮਿਲੇਗੀ।''
ਇੰਨੇ ਨੂੰ ਬੇੜੀ ਡੁੱਬਣ ਲੱਗੀ ਅਤੇ ਉਹ ਮੱਲਾਹ ਦੇ ਕਾਬੂ 'ਚੋਂ ਬਾਹਰ ਹੋ ਗਈ। ਸੰਤ ਨੇ ਬਿਨਾਂ ਕੋਈ ਪਲ ਗੁਆਏ ਰੱਬ ਅੱਗੇ ਪ੍ਰਾਰਥਨਾ ਕੀਤੀ,''ਰੱਬਾ, ਇਹ ਵਿਚਾਰਾ ਨਾਸਮਝ ਹੈ। ਨਸ਼ੇ ਦੀ ਹਾਲਤ ਵਿਚ ਇਹ ਸੰਜਮ ਗੁਆ ਚੁੱਕਾ ਹੈ। ਇਹ ਬੇੜੀ ਹੀ ਇਸ ਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਾਧਨ ਹੈ। ਇਸ ਦੇ ਡੁੱਬਣ ਨਾਲ ਇਸ ਦੇ ਬਾਲ-ਬੱਚੇ ਭੁੱਖੇ ਮਰ ਜਾਣਗੇ। ਇਸ ਨੂੰ ਮੁਆਫ ਕਰ ਦਿਓ।''
ਮੁੜ ਆਕਾਸ਼ਵਾਣੀ ਹੋਈ—''ਤਾਂ ਤੁਸੀਂ ਹੀ ਦੱਸੋ ਕਿ ਤੁਹਾਡੇ ਵਰਗੇ ਸੰਤ ਦਾ ਅਪਮਾਨ ਕਰਨ ਦੇ ਅਪਰਾਧ 'ਚ ਇਸ ਮੱਲਾਹ ਨੂੰ ਕੀ ਸਜ਼ਾ ਦਿੱਤੀ ਜਾਵੇ?''
ਸੰਤ ਬੋਲਿਆ,''ਰੱਬਾ, ਤੂੰ ਤਾਂ ਪੂਰਨ ਸਮਰੱਥ, ਦਯਾਵਾਨ ਤੇ ਹਰ ਜੀਵ ਦਾ ਕਲਿਆਣ ਕਰਨ ਵਾਲਾ ਏਂ। ਤੂੰ ਸਭ ਕੁਝ ਕਰ ਸਕਦਾ ਏਂ। ਕਿਉਂ ਨਾ ਇਸ ਦੇ ਦਿਲ ਵਿਚ ਗਿਆਨ ਦਾ ਚਾਨਣ ਭਰ ਦੇਵੇਂ ਜਿਸ ਨਾਲ ਇਸ ਦਾ ਦਿਮਾਗ ਠੀਕ ਹੋ ਜਾਵੇ। ਇਹ ਨਸ਼ੇ ਤੇ ਗੁੱਸੇ ਦਾ ਤਿਆਗ ਕਰ ਕੇ ਚੰਗਾ ਇਨਸਾਨ ਬਣ ਜਾਵੇ।''
ਹੌਲੀ-ਹੌਲੀ ਬੇੜੀ ਆਪਣੀ ਪਹਿਲਾਂ ਵਾਲੀ ਸਥਿਤੀ ਵਿਚ ਆ ਗਈ। ਅਪਮਾਨਿਤ ਕਰਨ ਦੇ ਬਾਵਜੂਦ ਉਸ ਦਾ ਭਲਾ ਚਾਹੁਣ ਵਾਲੇ ਸੰਤ ਦੀ ਬਾਣੀ ਸੁਣ ਕੇ ਮੱਲਾਹ ਪਾਣੀ-ਪਾਣੀ ਹੋ ਗਿਆ। ਉਸ ਵੇਲੇ ਤਕ ਬੇੜੀ ਗੰਗਾ ਦੇ ਦੂਜੇ ਕੰਢੇ 'ਤੇ ਪਹੁੰਚ ਚੁੱਕੀ ਸੀ। ਮੱਲਾਹ ਨੇ ਗਲਤੀ ਲਈ ਸੰਤ ਤੋਂ ਮੁਆਫੀ ਮੰਗੀ ਅਤੇ ਮੁੜ ਅਜਿਹਾ ਨਾ ਕਰਨ ਦਾ ਪ੍ਰਣ ਲਿਆ।