ਸ਼ਬਦਾਂ ਤੇ ਕਰਮ ਦੋਵਾਂ ਨਾਲ ਨਿਆਂ ਕਰੋ

5/24/2016 11:44:52 AM

ਨਿਊਯਾਰਕ ਦੇ ਅਦਾਲਤੀ ਕੰਪਲੈਕਸ ਵਿਚ ਲੋਕਾਂ ਦੀ ਭੀੜ ਜਮ੍ਹਾ ਸੀ। ਲੋਕ ਇਕਟਕ ਮੇਅਰ ਲਾਗਾਡੀਓ ਵੱਲ ਦੇਖੀ ਜਾ ਰਹੇ ਸਨ। ਉਹ ਬਸ ਮੁਕੱਦਮੇ ਦਾ ਫੈਸਲਾ ਸੁਣਾਉਣ ਹੀ ਵਾਲੇ ਸਨ। ਉੱਧਰ ਅਪਰਾਧੀ ਕਟਹਿਰੇ ਵਿਚ ਚੁੱਪਚਾਪ ਮੂੰਹ ਲਟਕਾਈ ਖੜ੍ਹਾ ਸੀ। ਉਸ ਨੇ ਚੋਰੀ ਕੀਤੀ ਸੀ ਅਤੇ ਉਹ ਵੀ ਕਿਸੇ ਸਾਮਾਨ ਜਾਂ ਰੁਪਏ-ਪੈਸੇ ਦੀ ਨਹੀਂ, ਸਗੋਂ ਆਪਣੇ ਪੇਟ ਦੀ ਅੱਗ ਸ਼ਾਂਤ ਕਰਨ ਲਈ ਰੋਟੀ ਦੀ।
ਮੇਅਰ ਲਾਗਾਡੀਓ ਨੇ ਦਿੱਤੇ ਜਾਣ ਵਾਲੇ ਫੈਸਲੇ ''ਤੇ ਮੁੜ ਵਿਚਾਰ ਕਰ ਕੇ ਅਪਰਾਧੀ ਵੱਲ ਧਿਆਨ ਨਾਲ ਦੇਖਿਆ। ਫਿਰ ਉਨ੍ਹਾਂ ਫੈਸਲਾ ਸੁਣਾ ਦਿੱਤਾ। ਉਹ ਬੋਲੇ,''''ਅਪਰਾਧੀ ਨੂੰ 10 ਡਾਲਰ ਦਾ ਜੁਰਮਾਨਾ ਲਾਇਆ ਜਾਂਦਾ ਹੈ ਕਿਉਂਕਿ ਇਸ ਨੇ ਰੋਟੀ ਚੋਰੀ ਕਰਨ ਦਾ ਜੁਰਮ ਕੀਤਾ ਹੈ।''''
ਫੈਸਲਾ ਸੁਣਾਉਣ ਤੋਂ ਬਾਅਦ ਮੇਅਰ ਨੇ ਆਪਣੀ ਜੇਬ ਵਿਚੋਂ 10 ਡਾਲਰ ਕੱਢ ਕੇ ਅਪਰਾਧੀ ਵੱਲ ਵਧਾਉਂਦਿਆਂ ਕਿਹਾ,''''ਅਤੇ ਇਹ ਹੈ ਜੁਰਮਾਨੇ ਦੀ ਉਹ ਰਕਮ, ਜੋ ਹੁਣ ਅਦਾਲਤ ਨੂੰ ਤੂੰ ਦੇ ਸਕਦਾ ਏਂ।''''
ਸਾਰੇ ਲੋਕ ਹੈਰਾਨੀ ਨਾਲ ਮੇਅਰ ਵੱਲ ਦੇਖਣ ਲੱਗੇ। ਉਸੇ ਵੇਲੇ ਮੇਅਰ ਨੇ ਅਦਾਲਤ ਵਿਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ,''''ਫਿੱਟੇ ਮੂੰਹ ਅਜਿਹੇ ਸਮਾਜ ਦੇ, ਜਿਸ ਵਿਚ ਲੋਕਾਂ ਨੂੰ ਪੇਟ ਦੀ ਅੱਗ ਸ਼ਾਂਤ ਕਰਨ ਲਈ ਚੋਰੀ ਕਰਨੀ ਪੈਂਦੀ ਹੈ। ਸਮਾਜ ਵਿਚ ਚੱਲ ਰਹੀ ਇਕ-ਦੂਜੇ ਵੱਲ ਧਿਆਨ ਨਾ ਦੇਣ ਦੀ ਸਥਿਤੀ ''ਤੇ ਰੋਕ ਲਾਉਣ ਲਈ ਤੁਹਾਡੇ ਸਾਰਿਆਂ ''ਤੇ ਅੱਧੇ-ਅੱਧੇ ਡਾਲਰ ਦਾ ਜੁਰਮਾਨਾ ਕੀਤਾ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਤੁਸੀਂ ਇਕ ਅਜਿਹੇ ਸਮਾਜ ਵਿਚ ਰਹਿਣ ਦਾ ਜੁਰਮ ਕੀਤਾ ਹੈ, ਜਿਸ ਵਿਚ ਇਕ ਭੁੱਖੇ ਇਨਸਾਨ ਨੂੰ ਰੋਟੀ ਚੋਰੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।''''
ਹਰ ਵੇਲੇ ਪ੍ਰਬੰਧਾਂ ਨੂੰ ਕੋਸਣ ਦੀ ਬਜਾਏ ਸਾਨੂੰ ਚਾਹੀਦਾ ਹੈ ਕਿ ਅਸੀਂ ਮਨੁੱਖਤਾ ਨੂੰ ਨਾ ਭੁੱਲੀਏ। ਸਹਿਯੋਗ ਦੀ ਭਾਵਨਾ ਨੂੰ ਜ਼ਿੰਦਾ ਰੱਖਣ ਲਈ ਸਾਨੂੰ ਵੀ ਸਹਿਯੋਗ ਜ਼ਰੂਰ ਕਰਨਾ ਚਾਹੀਦਾ ਹੈ। ਸਾਰੇ ਸਮਝ ਗਏ ਕਿ ਮੇਅਰ ਨੇ ਜਿਸ ਤਰ੍ਹਾਂ ਸ਼ਬਦਾਂ ਦੇ ਨਾਲ-ਨਾਲ ਕਰਮ ਨਾਲ ਵੀ ਨਿਆਂ ਕੀਤਾ ਸੀ, ਉਸੇ ਤਰ੍ਹਾਂ ਸਾਨੂੰ ਵੀ ਸ਼ਬਦਾਂ ਤੋਂ ਇਲਾਵਾ ਕਰਮ ਨਾਲ ਵੀ ਸਹਿਯੋਗ ਕਰਨਾ ਚਾਹੀਦਾ ਹੈ।