ਗੁਰੂ ਨਾਨਕ ਦੇਵ ਜੀ ਦੇ ਸੱਚੇ ਸਾਥੀ ਭਾਈ ਮਰਦਾਨਾ ਜੀ

11/6/2017 7:31:58 AM

ਸਿੱਖ ਇਤਿਹਾਸ ਵਿਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਨਾਲ ਲਿਆ ਜਾਂਦਾ ਹੈ, ਉਥੇ ਹੀ ਭਾਈ ਮਰਦਾਨਾ ਜੀ ਦਾ ਨਾਂ ਵੀ ਬਹੁਤ ਹੀ ਅਦਬ ਅਤੇ ਪਿਆਰ ਨਾਲ ਲਿਆ ਜਾਂਦਾ ਹੈ। ਧਰਤ ਲੋਕਾਈ ਨੂੰ ਸੋਧਣ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ-ਕਈ ਮੀਲ ਬਿਖੜਿਆਂ ਪੈਂਡਿਆਂ ਦਾ ਸਫਰ ਤਹਿ ਕੀਤਾ ਹੈ। ਇਸ ਸਫਰ ਵਿਚ ਬਾਬੇ ਦਾ ਡੱਟਵਾਂ ਸਾਥ ਦੇਣ ਵਾਲਿਆਂ ਵਿਚ ਭਾਈ ਮਰਦਾਨਾ ਜੀ ਦਾ ਨਾਂ ਉੱਭਰਵੇਂ ਰੂਪ ਵਿਚ ਲਿਆ ਜਾਂਦਾ ਹੈ।
ਭਾਈ ਮਰਦਾਨਾ ਜੀ, ਜਿਨ੍ਹਾਂ ਦਾ ਪਹਿਲਾ ਨਾਂ ਭਾਈ 'ਦਾਨਾ' ਸੀ, ਦਾ ਜਨਮ ਪਿੰਡ ਤਲਵੰਡੀ (ਰਾਏ ਭੋਏ ਦੀ) ਦੇ ਵਸਨੀਕ ਚੌਂਭੜ ਜਾਤ ਦੇ ਮਿਰਾਸੀ ਮੀਰ ਬਾਦਰੇ ਅਤੇ ਮਾਤਾ ਲੱਖੋ ਜੀ ਦੇ ਘਰ ਹੋਇਆ। ਉਮਰ ਪੱਖੋਂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਿਸ਼ਾਹ ਨਾਲੋਂ ਲੱਗਭਗ ਸਵਾ 10 ਸਾਲ ਵੱਡੇ ਸਨ। ਮਿਰਾਸੀਆਂ ਦੇ ਘਰ ਦੀ ਪੈਦਾਇਸ਼ ਹੋਣ ਕਰ ਕੇ ਸੰਗੀਤ ਉਨ੍ਹਾਂ ਦੀ ਵਿਰਾਸਤੀ ਦਾਤ ਸੀ।
ਭਾਈ ਮਰਦਾਨਾ ਜੀ ਦੀ ਜੋਟੀ ਗੁਰੂ ਨਾਨਕ ਦੇਵ ਜੀ ਨਾਲ ਛੋਟੀ ਉਮਰ ਵਿਚ ਪੈ ਗਈ ਸੀ, ਜੋ ਗੁਰੂ ਸਾਹਿਬ ਵਲੋਂ ਮਿਲੇ ਰੱਜਵੇਂ ਪਿਆਰ ਅਤੇ ਸਤਿਕਾਰ ਕਾਰਨ ਆਖਰੀ ਦਮ ਤਕ ਨਿਭਦੀ ਰਹੀ। ਇਹ ਜੋਟੀ ਜਿੱਥੇ 'ਨਾਨਕੁ ਤਿਨ ਕੈ ਸੰਗਿ ਸਾਥਿ' ਵਰਗੀ ਭਰਾਤਰੀਭਾਵ ਵਾਲੀ ਅਤੇ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੀ ਵਿਚਾਰਧਾਰਾ ਦੀ ਤਰਜਮਾਨੀ ਕਰਦੀ ਹੈ, ਉਥੇ ਹੀ ਸਾਂਝੀਵਾਲਤਾ ਦੇ ਸਿਧਾਂਤ ਨੂੰ ਵੀ ਪਕਿਆਈ ਬਖਸ਼ਦੀ ਹੈ।
ਭਾਈ ਸਾਹਿਬ ਜਿੱਥੇ ਇਕ ਉੱਚ-ਕੋਟੀ ਦੇ ਸੰਗੀਤਕਾਰ ਸਨ, ਉਥੇ ਗੁਰੂ ਸਾਹਿਬ ਦੇ ਸੱਚੇ ਤੇ ਪੱਕੇ ਮਿੱਤਰ ਵੀ ਸਨ। ਸੁੱਖ-ਦੁੱਖ ਦੇ ਭਾਈਵਾਲ ਹੋਣ ਦੇ ਨਾਲ-ਨਾਲ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਵਲੋਂ ਪ੍ਰਵਾਨਿਤ ਪ੍ਰਚਾਰਕ ਵੀ ਸਨ, ਜਿਨ੍ਹਾਂ ਨੂੰ ਗੁਰੂ ਜੀ ਵਲੋਂ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਇਨ੍ਹਾਂ ਅਧਿਕਾਰਾਂ ਦੀ ਵਰਤੋਂ ਉਹ ਗੁਰੂ ਨਾਨਕ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਕਰਦੇ ਸਨ। ਭਾਈ ਸਾਹਿਬ ਦੇ ਇਸ ਉਪਰਾਲੇ ਨੇ ਬਹੁਤ ਸਾਰੇ ਜਗਿਆਸੂਆਂ ਨੂੰ ਸਿੱਖੀ ਦੇ ਲੜ ਲਾਇਆ, ਜਿਨ੍ਹਾਂ ਵਿਚ ਭਾਈ ਨੀਰੂ ਦਾ ਨਾਂ ਵਰਣਨਯੋਗ ਹੈ।
ਭਾਈ ਮਰਦਾਨਾ ਜੀ ਦਾ ਇਹ ਵੀ ਇਕ ਸੁਭਾਗ ਰਿਹਾ ਹੈ ਕਿ ਉਨ੍ਹਾਂ ਨੂੰ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਸਾਹਿਬ ਦਾ ਵਡੇਰਾ ਅਤੇ ਲੰਮੇਰਾ (ਲੱਗਭਗ ਛੇ ਦਹਾਕੇ) ਸਾਥ ਪ੍ਰਾਪਤ ਹੋਇਆ ਹੈ। ਇਸ ਸਾਥ ਸਦਕਾ ਹੀ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਦੇਸ਼-ਵਿਦੇਸ਼ ਦਾ ਲੱਗਭਗ 40,000 ਕਿਲੋਮੀਟਰ (ਚਾਰ ਉਦਾਸੀਆਂ) ਦਾ ਸਫਰ ਤਹਿ ਕੀਤਾ ਹੈ। ਇਸ ਸਫਰ ਦੌਰਾਨ ਜਦੋਂ ਗੁਰੂ ਨਾਨਕ ਪਾਤਿਸ਼ਾਹ ਦੀ ਬਿਰਤੀ ਅਕਾਲ ਪੁਰਖ ਨਾਲ ਜੁੜਦੀ ਤਾਂ ਉਹ ਭਾਈ ਸਾਹਿਬ ਨੂੰ ਸੰਬੋਧਿਤ ਹੋ ਕੇ ਆਖਦੇ ''ਮਰਦਾਨਿਆ! ਰਬਾਬ ਵਜਾ ਬਾਣੀ ਆਈ ਹੈ।'' ਤੇ ਭਾਈ ਸਾਹਿਬ ਗੁਰੂ ਜੀ ਦਾ ਹੁਕਮ ਮਿਲਦਿਆਂ ਹੀ ਰਬਾਬ ਦੀਆਂ ਤਾਰਾਂ ਛੇੜ ਦਿੰਦੇ।
ਜਿੱਥੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਬਾਣੀ ਨੂੰ 19 ਰਾਗਾਂ ਵਿਚ ਪਿਰੋ ਕੇ ਗਾਉਣ ਦਾ ਸ਼ਰਫ ਹਾਸਿਲ ਹੈ, ਉਥੇ ਨਾਲ ਹੀ ਉਨ੍ਹਾਂ ਨੂੰ ਗੁਰੂਘਰ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਵੀ ਮਿਲਦਾ ਹੈ। ਇਹ ਮਾਣ-ਸਤਿਕਾਰ ਭਾਈ ਮਰਦਾਨਾ ਜੀ ਤਕ ਹੀ ਸੀਮਤ ਨਹੀਂ ਰਿਹਾ, ਸਗੋਂ ਉਸ ਦੀਆਂ ਕਈ ਪੀੜ੍ਹੀਆਂ ਤਕ ਬਣਿਆ ਆ ਰਿਹਾ ਹੈ। ਗੁਰੂ ਨਾਨਕ ਸਾਹਿਬ ਦੀ ਪੰਜਵੀਂ (ਸ੍ਰੀ ਗੁਰੂ ਅਰਜਨ ਦੇਵ ਜੀ) ਅਤੇ ਛੇਵੀਂ (ਸ੍ਰੀ ਗੁਰੂ ਹਰਗੋਬਿੰਦ ਜੀ) ਜੋਤ ਦੇ ਸਮੇਂ ਕੀਰਤਨ ਦੀ ਸੇਵਾ ਨਿਭਾਉਣ ਵਾਲੇ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਰਬਾਬੀ ਵੀ ਇਸੇ ਹੀ ਖਾਨਦਾਨ ਨਾਲ ਸੰਬੰਧਿਤ ਸਨ। ਭਾਈ ਲਾਲ ਜੀ ਅਤੇ ਭਾਈ ਸ਼ਾਦ ਜੀ ਦਾ ਨਾਮਵਰ ਕੀਰਤਨੀ ਜਥਾ ਵੀ ਇਸੇ ਹੀ ਘਰਾਣੇ ਨਾਲ ਜੁੜਿਆ ਹੋਇਆ ਹੈ।
ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ (ਆਪਣੀ ਚੌਥੀ ਉਦਾਸੀ ਸਮੇਂ) ਅਫਗਾਨਿਸਤਾਨ ਦੇ ਨਗਰ ਖੁਰਮ ਵਿਖੇ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੂੰ ਅਕਾਲ ਪੁਰਖ ਦਾ ਸਦੀਵੀ ਸੱਦਾ ਆ ਗਿਆ। ਇਸ ਮੌਕੇ ਉਨ੍ਹਾਂ ਨੇ ਆਪਣੇ ਸੱਚੇ ਸਾਥੀ ਸ੍ਰੀ ਗੁਰੂ ਨਾਨਕ ਦੇਵ ਜੀ ਕੋਲੋਂ ਅਲਵਿਦਾ ਲੈਣੀ ਚਾਹੀ। ਗੁਰੂ ਸਾਹਿਬ ਨੇ ਕਰਤਾਰ ਦੇ ਹੁਕਮ ਨੂੰ ਪ੍ਰਵਾਨ ਕਰਦਿਆਂ ਭਾਈ ਸਾਹਿਬ ਨੂੰ ਗਲ ਨਾਲ ਲਾ ਲਿਆ ਅਤੇ ਬਚਨ ਕੀਤਾ ਕਿ, ''ਮਰਦਾਨਿਆ, ਜੇ ਤੇਰਾ ਚਿੱਤ ਹੋਵੇ ਤਾਂ ਤੇਰੀ ਦੇਹੀ ਨੂੰ ਬ੍ਰਾਹਮਣ ਵਾਂਗੂੰ ਪਾਣੀ ਵਿਚ ਸੁੱਟ ਦਿਆਂ, ਖੱਤਰੀ ਵਾਂਗੂੰ ਸਾੜ ਦਿਆਂ, ਵੈਸ਼ ਵਾਂਗੂੰ ਹਵਾ ਵਿਚ ਉਡਾ ਦਿਆਂ ਜਾਂ ਫਿਰ ਮੁਸਲਮਾਨਾਂ ਵਾਂਗ ਧਰਤੀ ਦੇ ਹਵਾਲੇ ਕਰ ਦਿਆਂ।'' ਬਾਬੇ ਦੇ ਬਚਨਾਂ ਦਾ ਜਵਾਬ ਦਿੰਦਿਆਂ ਭਾਈ ਮਰਦਾਨੇ ਨੇ ਕਿਹਾ, ''ਵਾਹ, ਬਾਬਾ ਵਾਹ ਅਜੇ ਵੀ ਸਰੀਰਾਂ ਦੇ ਚੱਕਰਾਂ ਵਿਚ ਹੀ ਪਾਈ ਜਾਨੈਂ।'' ਬਾਬਾ ਫਿਰ ਬੋਲਿਆ, ''ਭਾਈ ਮਰਦਾਨਿਆ, ਜੇ ਤੂੰ ਕਹੇਂ ਤਾਂ ਤੇਰੀ ਸਮਾਧ ਬਣਾ ਦੇਈਏ।''
ਉਸ ਵਕਤ ਭਾਈ ਸਾਹਿਬ ਨੇ ਜੋ ਉੱਤਰ ਦਿੱਤਾ ਉਹ ਬਹੁਤ ਹੀ ਭਾਵਪੂਰਤ ਸੀ, ''ਬਾਬਾ! ਬੜੀ ਮੁਸ਼ਕਿਲ ਨਾਲ ਤਾਂ ਸਰੀਰ ਰੂਪੀ ਸਮਾਧ 'ਚੋਂ ਬਾਹਰ ਆਉਣ ਲੱਗਾ ਹਾਂ, ਹੁਣ ਫਿਰ ਪੱਥਰਾਂ ਦੀ ਸਮਾਧ ਵਿਚ ਪਾਉਣਾ ਚਾਹੁੰਨੈਂ।''
ਆਪਣੇ ਸੱਚੇ ਅਤੇ ਪੱਕੇ ਸਾਥੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਚਨ-ਬਿਲਾਸ ਕਰਦਿਆਂ ਅਖੀਰ 12 ਨਵੰਬਰ 1534 ਈ. ਨੂੰ ਭਾਈ ਮਰਦਾਨਾ ਜੀ ਇਸ ਭੌਤਿਕ ਸੰਸਾਰ ਤੋਂ ਰੁਖ਼ਸਤ ਪਾ ਗਏ। ਆਪਣੇ ਸੁੱਖ-ਦੁੱਖ ਦੇ ਭਾਈਵਾਲ ਭਾਈ ਮਰਦਾਨਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਦਰਿਆ ਕੁਰਮ ਦੇ ਕਿਨਾਰੇ ਸਪੁਰਦ-ਏ-ਖਾਕ ਕਰ ਦਿੱਤਾ, ਜਿੱਥੇ ਅੱਜ ਵੀ ਉਨ੍ਹਾਂ (ਭਾਈ ਸਾਹਿਬ) ਦੀ ਔਲਾਦ ਉਨ੍ਹਾਂ ਦੀ ਯਾਦ ਨੂੰ ਸੰਭਾਲੀ ਬੈਠੀ ਹੈ।                
—ਰਮੇਸ਼ ਬੱਗਾ, ਚੋਹਲਾ (ਮੋ : 94631-32719)