ਇਤਿਹਾਸਕ ਪਿੰਡ ਹੋ ਕੇ ਵੀ ਇਤਿਹਾਸ ਨਾਲ ਨਹੀਂ ਜੁੜ ਸਕਿਆ ਸੰਗਤਪੁਰਾ

1/15/2018 12:24:18 PM


''ਜ਼ਿਲਾ ਸੰਗਰੂਰ ਦੇ ਪਿੰਡ ਸੰਗਤਪੁਰਾ ਨੂੰ ਮਾਣ ਪ੍ਰਾਪਤ ਹੈ ਪੰਜ ਪਿਆਰਿਆਂ 'ਚ ਸ਼ਹੀਦ ਹੋਣ ਵਾਲੇ ਤੀਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਦੀ ਜਨਮ ਭੂਮੀ ਹੋਣ ਦਾ ਪਰ ਭਾਈ ਹਿੰਮਤ ਸਿੰਘ ਦੇ ਵਾਰਿਸ ਪਿੰਡ ਵਾਸੀਆਂ ਨੂੰ ਅਫਸੋਸ ਵੀ ਹੈ ਕਿ ਪਿੰਡ ਸੰਗਤਪੁਰਾ ਇਤਿਹਾਸਕ ਹੋਣ ਦੇ ਬਾਵਜੂਦ ਇਤਿਹਾਸ ਨਾਲ ਨਹੀਂ ਜੁੜ ਸਕਿਆ।''
ਅੱਜ ਤੋਂ 356 ਸਾਲ ਪਹਿਲਾਂ ਭਾਈ ਹਿੰਮਤ ਸਿੰਘ ਨੇ ਜ਼ਿਲਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਦੇ ਪਿੰਡ ਸੰਗਤਪੁਰਾ ਵਿਖੇ ਪਿਤਾ ਜੋਤੀ ਰਾਮ (ਝਿਊਰ) ਦੇ ਘਰ ਮਾਤਾ ਰਾਮੋ ਜੀ ਦੀ ਕੁੱਖੋਂ 5 ਮਾਘ 1718 ਸੰਮਤ ਨੂੰ ਜਨਮ ਲਿਆ ਸੀ। ਭਾਈ ਹਿੰਮਤ ਜੀ ਦਾ ਬਚਪਨ ਦਾ ਨਾਂ ਹਿੰਮਤ ਰਾਏ ਸੀ। ਉਨ੍ਹਾਂ ਨੇ ਆਪਣੇ ਬਚਪਨ ਦੇ ਦਿਨ ਪਿੰਡ ਸੰਗਤਪੁਰਾ (ਲਹਿਰਾਗਾਗਾ) ਦੀਆਂ ਗਲੀਆਂ 'ਚ ਗੁਜ਼ਾਰਨ ਉਪਰੰਤ ਜਵਾਨੀ ਦੀ ਦਹਿਲੀਜ਼ ਉਪਰ ਆਪਣਾ ਪੈਰ ਰੱਖਿਆ ਹੀ ਸੀ ਕਿ ਉਹ 1675 ਈਸਵੀ 'ਚ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਮਨ 'ਚ ਜ਼ੁਲਮ ਖਿਲਾਫ ਲੜਨ ਦੀ ਇੱਛਾ ਲੈ ਕੇ ਪਿੰਡ ਸੰਗਤਪੁਰਾ ਨੂੰ ਛੱਡ ਕੇ ਚੱਕਰਵਰਤੀ ਹੋ ਗਏ ਅਤੇ ਫਿਰ ਕਦੇ ਉਨ੍ਹਾਂ ਪਿੱਛੇ ਮੁੜ ਕੇ ਨਾ ਦੇਖਿਆ। ਔਰੰਗਜ਼ੇਬ ਦੇ ਜਬਰ ਦਾ ਮੁਕਾਬਲਾ ਕਰਨ ਲਈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1 ਵਿਸਾਖ 1756 (ਅਪ੍ਰੈਲ 13, 1699) ਖਾਲਸਾ ਫੌਜ ਦੀ ਸਿਰਜਣਾ ਕਰਨ ਲਈ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉਪਰ ਸੰਗਤਾਂ ਦਾ ਵਿਸ਼ਾਲ ਇਕੱਠ ਕੀਤਾ, ਉਦੋਂ ਭਾਈ ਹਿੰਮਤ ਰਾਏ ਜੀ ਵੀ ਜਗਨਨਾਥਪੁਰੀ ਤੋਂ ਇਸ ਸਿਰਜਣਾ ਸਮਾਗਮ 'ਚ ਸ਼ਾਮਲ ਹੋਏ ਸਨ।
ਗੁਰੂ ਜੀ ਦੇ ਮੁਖਾਰਬਿੰਦ ਤੋਂ 'ਪੀਵਹੁ ਪਾਹੁਲ ਖੰਡੇਦਾਰ, ਹੋਇ ਜਨਮ ਸੁਹੇਲਾ।' ਸੁਣੇ ਸ਼ਬਦਾਂ ਨੇ ਹਿੰਮਤ ਰਾਏ ਜੀ ਦੇ ਮਨ ਉਪਰ ਹੋਰ ਡੂੰਘਾ ਅਸਰ ਕੀਤਾ, ਭਾਈ ਹਿੰਮਤ ਰਾਏ ਜੀ ਵੀ ਖੰਡ-ਬਾਟੇ ਦੀ ਪਾਹੁਲ ਪੀ ਕੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣ ਕੇ ਪੰਜ ਪਿਆਰਿਆਂ ਦੀ ਫੌਜ ਦੇ ਜਾਂਬਾਜ਼ ਸਿਪਾਹੀ ਬਣ ਗਏ, ਜਿਹੜੇ ਜ਼ੁਲਮ ਖਿਲਾਫ ਲੜਦੇ-ਲੜਦੇ 8 ਪੋਹ, 1761 ਨੂੰ ਚਮਕੌਰ ਸਾਹਿਬ ਦੀ ਜੰਗ 'ਚ ਸ਼ਹੀਦ ਹੋ ਗਏ, ਜਿਨ੍ਹਾਂ ਦੀ ਸ਼ਹੀਦੀ 'ਤੇ ਸਿੱਖ ਜਗਤ ਦੇ ਨਾਲ-ਨਾਲ ਪਿੰਡ ਸੰਗਤਪੁਰਾ ਨਿਵਾਸੀਆਂ ਨੂੰ ਭਾਰੀ ਨਾਜ਼ ਹੈ। ਪਿੰਡ ਵਾਸੀ ਸਦੀਆਂ ਤੋਂ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਸੰਗਤਪੁਰਾ ਵਿਖੇ 5 ਮਾਘ ਅਤੇ ਸ਼ਹੀਦੀ ਦਿਹਾੜਾ 8 ਪੋਹ ਨੂੰ ਮਨਾਉਂਦੇ ਆ ਰਹੇ ਹਨ। ਇਨ੍ਹਾਂ ਗੌਰਵਮਈ ਦਿਨਾਂ 'ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ 7 ਮਾਘ ਅਤੇ 10 ਪੋਹ ਨੂੰ ਭੋਗ ਪਾਏ ਜਾਂਦੇ ਹਨ। ਇਸ ਮੌਕੇ ਸਮੁੱਚਾ ਪਿੰਡ ਖਾਲਸਾਈ ਰੰਗ 'ਚ ਰੰਗਿਆ ਹੁੰਦਾ ਹੈ। ਇਨ੍ਹਾਂ ਦਿਨਾਂ 'ਚ ਪਿੰਡ ਵਾਸੀ ਰੰਗ, ਜਾਤੀ ਅਤੇ ਊਚ-ਨੀਚ ਦੇ ਭੇਦਭਾਵ ਤੋਂ ਮੁਕਤ ਹੋ ਕੇ ਇਕੱਠਿਆਂ ਬੈਠ ਕੇ ਲੰਗਰ ਛਕਦੇ ਹਨ।
ਪਿੰਡ ਸੰਗਤਪੁਰਾ ਦਾ ਨਾਂ ਇਤਿਹਾਸਕ ਪਿੰਡਾਂ ਦੀ ਸ਼੍ਰੇਣੀ 'ਚ ਨਾ ਜੁੜਨ ਦਾ ਕਾਰਨ ਪਿੰਡ ਵਾਸੀਆਂ ਦੀ ਅਗਿਆਨਤਾ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਪੰਥ ਰਤਨ ਸਵਰਗੀ ਗੁਰਚਰਨ ਸਿੰਘ ਟੌਹੜਾ 21 ਜਨਵਰੀ 1980 ਨੂੰ ਜਦੋਂ ਪਿੰਡ ਸੰਗਤਪੁਰਾ ਵਿਖੇ ਭਾਈ ਹਿੰਮਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ 'ਚ ਪਹੁੰਚੇ ਸਨ, ਉਦੋਂ ਉਨ੍ਹਾਂ ਨੇ ਵੀ ਆਪਣੇ ਮੁਖਾਰਬਿੰਦ 'ਚੋਂ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਭਾਈ ਹਿੰਮਤ ਸਿੰਘ ਜੀ ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ ਲਈ 10 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕਰ ਕੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਪਿੰਡ ਵਾਸੀਆਂ ਦੇ ਉਪਰਾਲੇ ਅਤੇ ਸਹਿਯੋਗ ਨਾਲ ਪ੍ਰਕਿਰਿਆ ਪੂਰੀ ਕਰ ਕੇ ਪਿੰਡ ਸੰਗਤਪੁਰਾ ਦਾ ਨਾਂ ਇਤਿਹਾਸਕ ਪਿੰਡਾਂ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਜਾਵੇਗਾ।
ਇਸ ਉਪਰੰਤ 2004 'ਚ ਆਪਣੀ ਅਗਲੀ ਫੇਰੀ ਦੌਰਾਨ ਟੌਹੜਾ ਸਾਹਿਬ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ 11 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵੀ ਦਿੱਤੀ ਸੀ। ਪਿੰਡ ਵਾਸੀ ਬੇਸ਼ੱਕ ਪਿੰਡ ਸੰਗਤਪੁਰਾ ਦਾ ਨਾਂ ਇਤਿਹਾਸਕ ਪਿੰਡਾਂ ਦੀ ਸ਼੍ਰੇਣੀ 'ਚ ਨਾ ਜੁੜਨ ਲਈ ਸ਼੍ਰੋਮਣੀ ਕਮੇਟੀ ਨੂੰ ਦੋਸ਼ੀ ਆਖ ਕੇ ਆਪਣਾ ਪੱਲਾ ਝਾੜਦੇ ਆ ਰਹੇ ਹਨ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਪੁਰਾ ਦੇ ਆਗੂ ਸਾਹਿਬਾਨ, ਪੰਚਾਇਤੀ ਆਗੂ ਅਤੇ ਹੋਰ ਪ੍ਰਮੁੱਖ ਹਸਤੀਆਂ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਮਨਾਉਣ ਉਪਰੰਤ ਮੁੜ ਆਪਣੇ ਰੁਝੇਵਿਆਂ ਤੇ ਪਰਿਵਾਰਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਅਤੇ ਰੋਜ਼ਮੱਰਾ ਦੀਆਂ ਲੋੜਾਂ ਦੀ ਪੂਰਤੀ ਲਈ ਆਪਣੇ ਕੰਮਾਂ 'ਚ ਮਸਰੂਫ ਹੋ ਕੇ ਭੁੱਲ ਜਾਂਦੇ ਹਨ। 
ਪਿੰਡ ਸੰਗਤਪੁਰਾ ਨੂੰ ਇਤਿਹਾਸਕ ਸ਼੍ਰੇਣੀ 'ਚ ਸ਼ਾਮਲ ਕਰਵਾਉਣ ਦੇ ਮਾਮਲੇ ਨੂੰ ਸਾਂਭ ਕੇ ਰੱਖ ਦਿੰਦੇ ਹਨ ਠੰਡੇ ਬਸਤੇ ਵਿਚ। ਜਦੋਂ ਪੋਹ ਦੀ ਸਰਦੀ ਆਮ ਸ੍ਰਿਸ਼ਟੀ ਨੂੰ ਜਕੜ ਰਹੀ ਹੁੰਦੀ ਹੈ, ਉਦੋਂ ਪਿੰਡ ਸੰਗਤਪੁਰਾ ਨਿਵਾਸੀਆਂ ਦਾ ਤਨ-ਮਨ ਭਾਈ ਹਿੰਮਤ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕਰ ਕੇ ਗਰਮੀ ਛੱਡਦਾ ਹੈ ਅਤੇ ਪੋਹ-ਮਾਘ ਦੀ ਸਰਦੀ 'ਚ ਜੁਟ ਜਾਂਦੇ ਹਨ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਨ ਅਤੇ ਸ਼ਹੀਦੀ ਦਿਹਾੜਾ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਉਣ ਵਿਚ। ਅੱਜ ਵੀ ਜੁਟੇ ਹੋਏ ਹਨ ਪਿੰਡ ਵਾਸੀ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਨ ਮਨਾਉਣ ਦੀ ਤਿਆਰੀ ਵਿਚ। ਪਿੰਡ ਵਾਸੀ ਆਪਣੇ ਪਿੰਡ ਸੰਗਤਪੁਰਾ ਨੂੰ ਇਤਿਹਾਸਕ ਪਿੰਡਾਂ ਦੀ ਲੜੀ 'ਚ ਪਿਰੋਣ ਵਾਲੀ ਘੜੀ ਦੀ ਉਡੀਕ 'ਚ ਹਨ।