ਆਲਮੀ ਓਜ਼ੋਨ ਦਿਹਾੜੇ ’ਤੇ ਵਿਸ਼ੇਸ਼: ਕੁਦਰਤ ਨਾਲ ਹੋ ਰਹੇ ਖਿਲਵਾੜ ਪ੍ਰਤੀ ਗੰਭੀਰਤਾ ਨਾਲ ਸੋਚਣ ਦਾ ਸਮਾਂ

09/16/2020 1:50:38 PM

ਸੰਤ ਬਲਬੀਰ ਸਿੰਘ ਸੀਚੇਵਾਲ

ਹਰ ਸਾਲ 16 ਸਤੰਬਰ ਨੂੰ ਆਲਮੀ ਓਜ਼ੋਨ ਦਿਹਾੜਾ ਮਨਾਇਆ ਜਾਂਦਾ ਹੈ। ਇਸ ਦਿਹਾੜੇ ਨੂੰ ਮਨਾਉਣ ਦਾ ਖ਼ਾਸ ਮਕਸਦ ਇਹ ਹੈ ਕਿ ਅਸੀਂ ਵਾਤਾਵਰਣ ਪ੍ਰਤੀ ਜਾਗਰੂਕ ਹੋ ਸਕੀਏ ਤਾਂ ਜੋ ਲੱਖਾਂ ਸਾਲਾਂ ਤੋਂ ਸਾਡੇ ਲਈ ਰਹਿਣ ਬਸੇਰਾ ਬਣੀ ਕਾਦਰ ਦੀ ਕੁਦਰਤ ਨੂੰ ਹਰਿਆ ਭਰਿਆ ਬਣਾਈ ਰੱਖੀਏ। ਬੜੀ ਨਾਮੋਸ਼ੀ ਵਾਲੀ ਗੱਲ ਹੈ ਕਿ ਅੱਜ ਸਾਡੇ ਲਈ ਨਾ ਤਾਂ ਸ਼ੁੱਧ ਹਵਾ ਰਹੀ ਹੈ ਤੇ ਨਾ ਹੀ ਸ਼ੁੱਧ ਪਾਣੀ। ਹੋਰ ਤਾਂ ਹੋਰ ਧਰਤੀ ਮਾਂ ਦੀ ਕੁੱਖ ਨੂੰ ਵੀ ਜ਼ਹਿਰਾਂ ਪਾ-ਪਾ ਕੇ ਗੰਧਲਾ ਕਰ ਦਿੱਤਾ ਹੈ। ਗੁਰਬਾਣੀ ਦੇ ਮਹਾਵਾਕਾਂ ਅਨੁਸਾਰ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਹੈ ਪਰ ਅਸੀਂ ਸਭ ਭੁਲਾ ਕੇ ਪਦਾਰਥਕ ਯੁੱਗ ਦੀਆਂ ਸਹੂਲਤਾਂ ਮਾਣਨ ਲਈ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਤਰੱਕੀ ਦੇ ਨਾਂ ਤੇ ਪਾਣੀ ਗੰਧਲੇ ਕਰ ਲਏ ਹਨ ਤੇ ਰੁੱਖਾਂ ਦੀ ਧੜਾਧੜ ਕਟਾਈ ਕੀਤੀ ਜਾ ਰਹੀ ਹੈ। ਖਾਣ ਵਾਲੇ ਪਦਾਰਥਾਂ ਵਿੱਚ ਜ਼ਹਿਰਾਂ ਆ ਰਹੀਆਂ ਹਨ। 

ਪੜ੍ਹੋ ਇਹ ਵੀ ਖਬਰ - ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

ਸਰਕਾਰਾਂ ਦੀ ਅਣਦੇਖੀ ਦਾ ਨਤੀਜਾ

ਓਜ਼ੋਨ ਧਰਤੀ ਤੋਂ ਉੱਪਰ ਇਕ ਅਹਿਜੀ ਪਰਤ ਹੈ, ਜੋ ਸੂਰਜ ਤੋਂ ਆਉਣ ਵਾਲੀਆਂ ਪਰਾਵੈਂਗਣੀ ਕਿਰਨਾਂ ਨੂੰ ਸਿੱਧਾ ਧਰਤੀ ’ਤੇ ਆਉਣ ਤੋਂ ਰੋਕਦੀ ਹੈ। ਪ੍ਰਦੂਸ਼ਿਤ ਹਵਾ ਕਾਰਨ ਇਸ ਪਰਤ ਵਿੱਚ ਛੇਕ ਹੋ ਚੁੱਕੇ ਹਨ, ਜਿਸ ਕਾਰਨ ਸੂਰਜ ਦੀਆਂ ਇਹ ਕਿਰਨਾਂ ਧਰਤੀ ਦੇ ਜੀਵਾਂ ਲਈ ਨੁਕਸਾਨ ਦਾਇਕ ਹੋ ਸਕਦੀਆਂ ਨੇ। ਮਾਹਿਰਾਂ ਅਨੁਸਾਰ ਅੱਖਾਂ ਦੇ ਰੋਗ ਜਾਂ ਚਮੜੀ ਦੇ ਕਈ ਪ੍ਰਕਾਰ ਦੇ ਰੋਗ ਲੱਗ ਸਕਦੇ ਹਨ। ਪੰਜਾਬ ਤਾਂ ਪਹਿਲਾਂ ਹੀ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝ ਰਿਹਾ ਹੈ। ਕੈਂਸਰ ਟਰੇਨ ਕਿਸ ਤੋਂ ਲੁਕੀ ਹੈ। ਅੱਜ ਸਤਿਲੁਜ ਦਰਿਆ, ਬੁੱਢਾ ਨਾਲਾ, ਚਿੱਟੀ ਵੇਂਈ ਸਭ ਪ੍ਰਦੂਸ਼ਤ ਹਨ। ਫ਼ੈਕਟਰੀਆਂ ’ਚੋਂ ਪੈਣ ਵਾਲੇ ਗੰਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਹੁਣ ਤਾਂ ਇਨ੍ਹਾਂ ਕੁਦਰਤੀ ਸ੍ਰੋਤਾਂ ਵਿਚ ਰਹਿੰਦੇ ਜੀਵ ਵੀ ਖ਼ਤਮ ਹੋ ਚੁੱਕੇ ਹਨ ਪਰ ਸਰਕਾਰਾਂ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਜਦੋਂ ਬਿਆਸ ਦਰਿਆ ‘ਚ ਫੈਕਟਰੀ ਦੇ ਰਸਾਇਣ ਕਾਰਨ ਮੱਛੀਆਂ ਮਰੀਆਂ ਸਨ ਤਾਂ ਹਰ ਹਿਰਦਾ ਵਲੂੰਧਰਿਆ ਗਿਆ ਸੀ। ਲੋਕਾਂ ਵਲੋਂ ਆਪਣਾ ਗੁੱਸਾ ਜਾਹਿਰ ਕੀਤਾ ਗਿਆ ਕਿ ਇਸਦੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਪਰ ਅਜਿਹੇ ਕੰਮ ਤਾਂ ਅੱਜ ਵੀ ਬਾਦਸਤੂਰ ਜਾਰੀ ਹਨ। ਮਾਲਵੇ ਦੇ ਬਹੁਤ ਸਾਰੇ ਘਰਾਂ ’ਚ ਕੈਂਸਰ ਕਾਰਨ ਸੱਥਰ ਵਿਛ ਚੁੱਕੇ ਹਨ। ਲੋਕ ਇਲਾਜ ਲਈ ਘਰ-ਘਾਟ ਵੇਚ ਕੇ ਸੜਕਾਂ ’ਤੇ ਆ ਗਏ ਹਨ। ਸਾਡੇ ਹਲਕੇ ’ਚੋਂ ਦੀ ਲੰਘਦੀ ਚਿੱਟੀ ਵੇਈਂ ਨੇ ਵੀ ਕੈਂਸਰ, ਕਾਲਾ ਪੀਲੀਆ ਘਰ ਘਰ ਪਹੁੰਚਾ ਦਿੱਤਾ ਹੈ। ਸੀਚੇਵਾਲ ਵਿੱਚ ਵੀ ਕੈਂਸਰ ਕਾਰਨ ਮੌਤਾਂ ਹੋ ਚੁੱਕੀਆਂ ਹਨ। ਪਰ ਸਰਕਾਰਾਂ ਲਗਾਤਾਰ ਇਸਨੂੰ ਅਣਦੇਖਾ ਕਰ ਰਹੀਆਂ ਹਨ। ਜੇਕਰ ਲੋਕ ਹੀ ਨਹੀਂ ਬਚਣਗੇ ਤਾਂ ਸਰਕਾਰਾਂ ਵੋਟਾਂ ਕਿਸ ਕੋਲੋਂ ਲੈਣਗੀਆਂ। 

ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਤਾਲਾਬੰਦੀ ਦੌਰਾਨ ਵਾਤਾਵਰਣ 'ਚ ਹੋਇਆ ਸੀ ਸੁਧਾਰ

ਤਾਲਾਬੰਦੀ ਦੌਰਾਨ ਸਤਿਲੁਜ ਦਰਿਆ ਤੇ ਚਿੱਟੀ ਵੇਈਂ ਦੇ ਪਾਣੀ ’ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਉਸ ਸਮੇਂ ਸਾਰੀਆਂ ਉਦਯੋਗਿਕ ਇਕਾਈਆਂ ਬੰਦ ਹੋ ਗਈਆਂ ਸਨ। ਉਮੀਦ ਸੀ ਕਿ ਸ਼ਾਇਦ ਸਰਕਾਰਾਂ ਇਸ ਪ੍ਰਤੀ ਕੁਝ ਸੋਚਣਗੀਆਂ। ਅਸੀਂ ਚਾਹੁੰਦੇ ਹਾਂ ਕਿ ਉਦਯੋਗ ਲੱਗਣੇ ਚਾਹੀਦੇ ਨੇ ਤੇ ਵਧਣੇ ਫੁੱਲਣੇ ਚਾਹੀਦੇ ਨੇ ਪਰ ਵਾਤਾਵਰਣ ਨਾਲ ਖਿਲਵਾੜ ਕਰਕੇ ਅਸੀਂ ਅਜਿਹੀ ਤਰੱਕੀ ਨੂੰ ਕੀ ਕਰਾਂਗੇ ਜੋ ਸਾਨੂੰ ਸਾਫ਼ ਪਾਣੀ,ਹਵਾ ਤੇ ਖਾਣ ਲਈ ਸ਼ੁੱਧ ਖੁਰਾਕ ਨਾ ਮੁਹੱਈਆ ਕਰਾ ਸਕੇ। ਪਾਣੀ ਸਾਫ਼ ਕਰਨ ਵਾਲੇ ਫਿਲਟਰ ਤੋਂ ਬਾਅਦ ਅੱਜ ਬਾਜ਼ਾਰ ਵਿਚ ਸ਼ੁੱਧ ਹਵਾ ਲੈਣ ਲਈ ਵੀ ਫਿਲਟਰ ਆ ਚੁੱਕੇ ਹਨ। ਅਮੀਰ ਘਰਾਣੇ ਤਾਂ ਇਨ੍ਹਾਂ ਦੀ ਵਰਤੋਂ ਕਰ ਲੈਣਗੇ ਪਰ ਗ਼ਰੀਬ ਲੋਕ ਕਿੱਥੇ ਜਾਣਗੇ। ਸਾਨੂੰ ਸਾਡੇ ਗੁਰੂਆਂ-ਪੀਰਾਂ ਨੇ ਪ੍ਰਕਿਰਤੀ ਨਾਲ ਪਿਆਰ ਪਾਉਣ ’ਤੇ ਸਤਿਕਾਰ ਕਰਨ ਦੀ ਗੱਲ ਆਖੀ ਪਰ ਅਸੀਂ ਨਿੱਜੀ ਲੋੜਾਂ ਖਾਤਰ ਸਿਰਫ਼ ਆਪਣੇ ਆਪ ਨਾਲ ਹੀ ਨਹੀਂ ਸਗੋਂ ਜੀਵ ਜੰਤੂਆਂ ਦੀ ਜ਼ਿੰਦਗੀ ਨਾਲ ਵੀ ਖਿਲਵਾੜ ਕਰ ਰਹੇ ਹਾਂ।

ਪੜ੍ਹੋ ਇਹ ਵੀ ਖਬਰ - ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)

ਜੈਵਿਕ ਖੇਤੀ ਲਈ ਅੱਗੇ ਆਉਣ ਕਿਸਾਨ

ਅੱਜ ਦਿਨੋ ਦਿਨ ਗਰਮੀ ਵੱਧ ਰਹੀ ਹੈ ਅਤੇ ਬੇਮੌਸਮੇ ਮੀਂਹ ਪੈ ਰਹੇ ਹਨ। ਵਧਦੇ ਤਾਪਮਾਨ ਕਾਰਨ ਗਲੇਸ਼ੀਅਰ ਪਿੱਘਲ ਰਹੇ ਹਨ। ਇਹ ਸਭ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਨਤੀਜਾ ਹੈ। ਅੱਜ ਲੋੜ ਹੈ ਕਿਸਾਨਾਂ ਲਈ ਜਾਗਰੂਕ ਕੈਂਪ ਲਗਾਏ ਜਾਣ ਤਾਂ ਜੋ ਨਾੜ ਜਾਂ ਪਰਾਲੀ ਨੂੰ ਅੱਗ ਲਗਾ ਕੇ ਪ੍ਰਦੂਸ਼ਣ ਫੈਲਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਅਤੇ ਅੱਗ ਨਾ ਲਗਾ ਕੇ ਹੋਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਇਸ ਕੰਮ ਲਈ ਸਰਕਾਰ ਨੂੰ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ। ਵਾਤਾਵਰਣ ਨਾਲ ਪਿਆਰ ਕਰਨ ਵਾਲੀਆਂ ਕਿਸਾਨ ਕਮੇਟੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਸਮੇਂ ਦੀ ਮੰਗ ਹੈ ਕਿ ਕੁਦਰਤੀ ਅਤੇ ਜੈਵਿਕ ਖੇਤੀ ਕੀਤੀ ਜਾਵੇ ਅਤੇ ਜ਼ਹਿਰੀਲੇ ਖਾਧ ਪਦਾਰਥਾਂ ਤੋਂ ਨਿਜ਼ਾਤ ਪਾ ਕੇ ਤੰਦਰੁਸਤ ਜੀਵਨ ਜੀਵੀਏ। ਸਰਬਤ ਦਾ ਭਲਾ ਮੰਗੀਏ।

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

rajwinder kaur

This news is Content Editor rajwinder kaur