ਛੱਤੀਸਗੜ੍ਹ ਚੋਣਾਂ : ਜਾਣੋ ਵੋਟਿੰਗ ਦਾ ਹਾਲ, ਕਿੱਥੇ ਕੀ ਹੋਇਆ

11/12/2018 4:05:01 PM

ਰਾਏਪੁਰ— ਛੱਤੀਸਗੜ੍ਹ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ 18 ਸੀਟਾਂ ਲਈ ਸਖਤ ਸੁਰੱਖਿਆ ਦਰਮਿਆਨ ਵੋਟਿੰਗ ਜਾਰੀ ਹੈ ਅਤੇ ਦੁਪਹਿਰ 1 ਵਜੇ ਤਕ 25.15 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਦਰਮਿਆਨ ਦੰਤੇਵਾੜਾ ਜ਼ਿਲੇ ਵਿਚ ਨਕਸਲੀਆਂ ਨੇ ਵੋਟਿੰਗ 'ਚ ਰੁਕਾਵਟ ਪੈਦਾ ਕਰਨ ਲਈ ਬਾਰੂਦੀ ਸੁਰੰਗ ਨਾਲ ਧਮਾਕਾ ਕੀਤਾ। ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੰਤੇਵਾੜਾ ਜ਼ਿਲੇ ਵਿਚ ਨਕਸਲੀਆਂ ਨੇ ਬਾਰੂਦੀ ਸੁਰੰਗ 'ਚ ਧਮਾਕਾ ਕਰ ਕੇ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਜ਼ਿਲੇ ਦੇ ਤੁਮਾਕਪਾਲ-ਨਯਾਨਾਰ ਮਾਰਗ 'ਤੇ ਨਕਸਲੀਆਂ ਨੇ ਧਮਾਕਾ ਕੀਤਾ ਸੀ। ਇਸ ਘਟਨਾ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਸੂਬੇ ਦੇ ਸੁਕਮਾ ਜ਼ਿਲੇ ਦੇ ਪੁਲਸ ਇੰਸਪੈਕਟਰ ਅਭਿਸ਼ੇਕ ਮੀਣਾ ਨੇ ਦੱਸਿਆ ਕਿ ਖੇਤਰ ਵਿਚ ਨਕਸਲੀਆਂ ਦੇ ਵਿਰੋਧ ਦੇ ਬਾਵਜੂਦ ਪਿੰਡ ਵਾਸੀ ਵੋਟ ਪਾਉਣ ਲਈ ਨਿਕਲ ਰਹੇ ਹਨ। 



ਓਧਰ ਛੱਤੀਸਗੜ੍ਹ ਦੇ ਸ਼ਹਿਰ ਜਗਦਲਪੁਰ ਦੇ ਗਾਂਧੀ ਨਗਰ ਵਾਰਡ ਵਿਚ ਪੋਲਿੰਗ ਬੂਥਾਂ 'ਤੇ ਵੋਟਰਾਂ ਨੇ ਪ੍ਰਦਰਸ਼ਨ ਕੀਤਾ। ਪਿਛਲੇ 25 ਸਾਲਾਂ ਤੋਂ ਇੱਥੇ ਰਹਿ ਰਹੇ ਬਹੁਤ ਸਾਰੇ ਵੋਟਰਾਂ ਦੇ ਨਾਂ ਵੋਟਰ ਲਿਸਟ 'ਚ ਨਹੀਂ ਸਨ, ਜਿਸ ਕਾਰਨ ਉਹ ਆਪਣੇ ਹੱਥਾਂ 'ਚ ਆਈਡੀ ਕਾਰਡ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ। ਇੱਥੇ ਦੱਸ ਦੇਈਏ ਕਿ ਨਕਸਲ ਪ੍ਰਭਾਵਿਤ ਮੋਹਲਾ-ਮਾਨਪੁਰ, ਅੰਤਾਗੜ੍ਹ, ਭਾਨੂੰਪ੍ਰਤਾਪਪੁਰ, ਕਾਂਕੇਰ, ਕੇਸ਼ਕਾਲ, ਕੋਂਡਾਗਾਂਵ, ਨਾਰਾਇਣਪੁਰ, ਦੰਤੇਵਾੜਾ, ਬੀਜਾਪੁਰ ਅਤੇ ਕੋਂਟਾ ਵਿਚ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਦੁਪਹਿਰ 3 ਵਜੇ ਤੱਕ ਚਲੇਗੀ। ਉੱਥੇ ਹੀ ਵਿਧਾਨ ਸਭਾ ਖੇਤਰ ਖੈਰਾਗੜ੍ਹ, ਡੋਂਗਰਗੜ੍ਹ, ਰਾਜਨਾਂਦਗਾਂਵ, ਡੋਂਗਰਗਾਂਵ, ਖੁੱਜੀ, ਬਸਤਰ, ਜਗਦਲਪੁਰ ਅਤੇ ਚਿਤਰਕੋਟ 'ਚ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ, ਜੋ ਕਿ ਸ਼ਾਮ 5 ਵਜੇ ਤਕ ਪੈਣਗੀਆਂ।