ਅਮਰੀਕੀ ਬਾਜ਼ਾਰਾਂ ''ਚ ਤੇਜ਼ੀ, ਡਾਓ ''ਚ 56 ਅੰਕਾਂ ਦਾ ਉਛਾਲ

07/18/2018 7:53:51 AM

ਵਾਸ਼ਿੰਗਟਨ— ਕੰਪਨੀਆਂ ਦੇ ਤਿਮਾਹੀ ਨਤੀਜੇ ਬਿਹਤਰ ਰਹਿਣ ਦੇ ਦਮ 'ਤੇ ਅਮਰੀਕੀ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਨੈਸਡੈਕ ਨਵੀਂ ਉਚਾਈ 'ਤੇ ਪਹੁੰਚਣ 'ਚ ਕਾਮਯਾਬ ਰਿਹਾ। ਐਮਾਜ਼ੋਨ 'ਚ ਤੇਜ਼ੀ ਨਾਲ ਨੈਸਡੈਕ ਇਸ ਮੁਕਾਮ 'ਤੇ ਪਹੁੰਚਿਆ। ਕਾਰੋਬਾਰ ਦੇ ਸ਼ੁਰੂ 'ਚ ਇਕ ਸਮੇਂ 0.7 ਫੀਸਦੀ ਤਕ ਟੁੱਟਣ ਦੇ ਬਾਅਦ ਨੈਸਡੈਕ ਕੰਪੋਜ਼ਿਟ ਅਖੀਰ 0.6 ਫੀਸਦੀ ਚੜ੍ਹ ਕੇ 7,855.12 ਦੇ ਪੱਧਰ 'ਤੇ ਬੰਦ ਹੋਇਆ। ਐਮਾਜ਼ੋਨ ਦੇ ਚੰਗੇ ਪ੍ਰਦਰਸ਼ਨ ਦੇ ਇਲਾਵਾ ਨੈੱਟਫਲਿਕਸ 'ਚ ਗਿਰਾਵਟ ਦੇਖਣ ਨੂੰ ਮਿਲੀ। ਨੈੱਟਫਲਿਕਸ ਨਾਲ ਜੁੜਨ ਵਾਲੇ ਨਵੇਂ ਗਾਹਕਾਂ ਦੀ ਗਿਣਤੀ ਬਾਜ਼ਾਰ ਉਮੀਦਾਂ ਤੋਂ ਘੱਟ ਰਹਿਣ ਕਾਰਨ ਇਸ ਦੇ ਸ਼ੇਅਰਾਂ 'ਚ 14.1 ਫੀਸਦੀ ਤਕ ਦੀ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਅਖੀਰ ਇਹ ਥੋੜ੍ਹਾ ਰਿਕਵਰ ਹੋ ਕੇ 5.2 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ।
ਤਕਨਾਲੋਜੀ ਸਟਾਕਸ 'ਚ ਤੇਜ਼ੀ ਅਤੇ ਜਾਨਸਨ ਐਂਡ ਜਾਨਸਨ ਦੇ ਬਿਹਤਰ ਪ੍ਰਦਰਸ਼ਨ ਨਾਲ ਡਾਓ ਜੋਂਸ 55.53 ਅੰਕ ਚੜ੍ਹ ਕੇ 25,119.89 ਦੇ ਪੱਧਰ 'ਤੇ ਬੰਦ ਹੋਇਆ। ਤਿਮਾਹੀ ਨਤੀਜੇ ਜਾਰੀ ਕਰਨ ਦੇ ਬਾਅਦ ਜਾਨਸਨ ਐਂਡ ਜਾਨਸਨ ਦੇ ਸ਼ੇਅਰ 3.5 ਫੀਸਦੀ ਤਕ ਵਧ ਕੇ ਬੰਦ ਹੋਏ। ਇਸ ਦੇ ਇਲਾਵਾ ਐੱਸ. ਐਂਡ ਪੀ.-500 ਇੰਡੈਕਸ 11 ਅੰਕ ਯਾਨੀ 0.4 ਫੀਸਦੀ ਦੀ ਉਛਾਲ ਨਾਲ 2,809.5 ਦੇ ਪੱਧਰ 'ਤੇ ਬੰਦ ਹੋਇਆ।