ਮੇਹੁਲ ਚੌਕਸੀ ਦੀ ਕੰਪਨੀ ਅਗਲੇ ਮਹੀਨੇ ਸ਼ੇਅਰ ਬਾਜ਼ਾਰ ਤੋਂ ਹੋਵੇਗੀ ਬਾਹਰ

08/21/2018 4:09:08 PM

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ 'ਚ ਕਰੀਬ 14 ਹਜ਼ਾਰ ਕਰੋੜ ਦਾ ਘਪਲਾ ਕਰਨ ਵਾਲੇ ਦੋਸ਼ੀ ਮੇਹੁਲ ਚੌਕਸੀ ਦੀ ਕੰਪਨੀ ਗੀਤਾਂਜਲੀ ਜੈਮਜ਼ ਹੁਣ ਸ਼ੇਅਰ ਬਾਜ਼ਾਰ ਤੋਂ ਬਾਹਰ ਹੋ ਜਾਵੇਗੀ। ਬੰਬੇ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ 'ਤੇ 10 ਸਤੰਬਰ ਤੋਂ ਇਸ ਕੰਪਨੀ ਦੇ ਸ਼ੇਅਰ ਟ੍ਰੇਡਿੰਗ ਲਈ ਉਪਲੱਬਧ ਨਹੀਂ ਹੋਣਗੇ। ਗੀਤਾਂਜਲੀ ਜੈਮਜ਼ ਨੇ ਜੂਨ ਤਿਮਾਹੀ ਦੇ ਨਤੀਜਿਆਂ ਦੀ ਜਾਣਕਾਰੀ ਸ਼ੇਅਰ ਬਾਜ਼ਾਰ ਨੂੰ ਨਹੀਂ ਦਿੱਤੀ ਹੈ ਅਤੇ ਸ਼ੇਅਰ ਐਕਸਚੇਂਜ ਨੇ ਸੇਬੀ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਇਸ ਕੰਪਨੀ ਨੂੰ ਟ੍ਰੇਡਿੰਗ ਸ਼ੇਅਰ ਬਾਜ਼ਾਰ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਹੈ।

BSE ਅਤੇ NSE ਨੇ ਦਿੱਤਾ ਸਮਾਂ

ਹਾਲਾਂਕਿ BSE ਅਤੇ NSE ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਰਧਾਰਤ ਤਾਰੀਖ ਤੋਂ ਪਹਿਲਾਂ ਜੇਕਰ ਗੀਤਾਂਜਲੀ ਜੈਮਜ਼ ਐਕਸਚੇਂਜ ਨੂੰ ਆਪਣੇ ਜੂਨ ਤਿਮਾਹੀ ਦੇ ਨਤੀਜੇ ਮੁਹੱਈਆ ਕਰਵਾਉਂਦੀ ਹੈ ਤਾਂ ਟ੍ਰੇਡਿੰਗ ਬੰਦ ਨਹੀਂ ਹੋਵੇਗੀ। BSE ਲਈ 4 ਸਤੰਬਰ  ਅਤੇ NSE ਲਈ 5 ਸਤੰਬਰ ਦੀ ਤਾਰੀਖ ਨਿਰਧਾਰਤ ਕੀਤੀ ਗਈ ਹੈ।

ਕੰਪਨੀ ਦੀ ਕੀਮਤ ਘਟੀ

ਪੰਜਾਬ ਨੈਸ਼ਨਲ ਬੈਂਕ ਘਪਲੇ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਗੀਤਾਂਜਲੀ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਜਦੋਂ ਤੱਕ ਲੋਕਾਂ ਨੂੰ ਘਪਲੇ ਦੀ ਜਾਣਕਾਰੀ ਨਹੀਂ ਸੀ ਤਾਂ ਗਿਤਾਂਜਲੀ ਦੇ ਸ਼ੇਅਰ ਦੀ ਕੀਮਤ 62 ਰੁਪਏ ਤੋਂ ਜ਼ਿਆਦਾ ਦੀ ਸੀ ਪਰ ਹੁਣ ਕੀਮਤ ਘੱਟ ਕੇ 3 ਰੁਪਏ 'ਤੇ ਆ ਗਈ ਹੈ। ਸ਼ੇਅਰ ਦੀ ਕੀਮਤ ਘੱਟ ਹੋਣ ਕਾਰਨ ਹੁਣ ਕੰਪਨੀ ਦਾ ਬਾਜ਼ਾਰ ਮੁੱਲ ਘੱਟ ਕੇ ਸਿਰਫ 36 ਕਰੋੜ ਰੁਪਏ ਰਹਿ ਗਿਆ ਹੈ ਜਦੋਂਕਿ ਘਪਲਾ ਬਾਹਰ ਆਉਣ ਤੋਂ ਪਹਿਲਾਂ ਇਸ ਦਾ ਬਾਜ਼ਾਰ ਮੁੱਲ 720 ਕਰੋੜ ਰੁਪਏ ਤੋਂ ਉੱਪਰ ਹੁੰਦਾ ਸੀ।