ਸੈਂਸੈਕਸ 598 ਅੰਕ ਡਿੱਗ ਕੇ 51 ਹਜ਼ਾਰ ਤੋਂ ਥੱਲ੍ਹੇ ਬੰਦ, ਰੁਪਏ ''ਚ ਵੀ ਨਰਮੀ

03/04/2021 4:52:40 PM

ਮੁੰਬਈ- ਵੀਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ। ਬਾਂਡ ਯੀਲਡ ਦੀ ਚਿੰਤਾ ਕਾਰਨ ਵਿਸ਼ਵ ਭਰ ਦੇ ਬਾਜ਼ਾਰ ਡਿੱਗੇ। ਸੈਂਸੈਕਸ 598 ਅੰਕ ਯਾਨੀ 1.16 ਫ਼ੀਸਦੀ ਦੀ ਗਿਰਾਵਟ ਨਾਲ 50,846 ਦੇ ਪੱਧਰ 'ਤੇ, ਜਦੋਂ ਕਿ ਨਿਫਟੀ 165 ਅੰਕ ਯਾਨੀ 1.08 ਫ਼ੀਸਦੀ ਲੁੜਕ ਕੇ 15,081 ਦੇ ਪੱਧਰ 'ਤੇ ਬੰਦ ਹੋਇਆ ਹੈ। ਯੂ. ਐੱਸ. ਬਾਂਡ ਯੀਲਡ 1.48 'ਤੇ ਪਹੁੰਚਣ ਨਾਲ ਗਲੋਬਲ ਪੱਧਰ 'ਤੇ ਸ਼ੇਅਰਾਂ ਦੀ ਕੀਮਤ ਪ੍ਰਭਾਵਿਤ ਹੋਈ। ਡਾਲਰ ਵਿਚ ਮਜਬੂਤੀ ਨਾਲ ਰੁਪਿਆ 11 ਪੈਸੇ ਨਰਮ ਹੋ ਕੇ 72.83 ਪ੍ਰਤੀ ਡਾਲਰ 'ਤੇ ਬੰਦ ਹੋਇਆ।

ਉੱਥੇ ਹੀ, ਭਾਰਤ ਵਿਚ 10 ਸਾਲ ਸਰਕਾਰੀ ਬਾਂਡ ਦੀ ਯੀਲਡ 6.26 ਫ਼ੀਸਦੀ ਨੂੰ ਛੂਹ ਗਈ, ਜੋ ਅਪ੍ਰੈਲ 2020 ਤੋਂ ਬਾਅਦ ਦਾ ਉੱਚਾ ਪੱਧਰ ਹੈ।

ਸੈਂਸੈਕਸ ਵਿਚ ਇਕਮਾਤਰ ਹਰੇ ਨਿਸ਼ਾਨ 'ਤੇ ਅਲਟ੍ਰਾਟੈਕ ਸੀਮੈਂਟ, ਡਾ. ਰੈਡੀਜ਼ ਲੈਬਜ਼, ਏਸ਼ੀਅਨ ਪੇਂਟਸ, ਐੱਚ. ਯੂ. ਐੱਲ. ਅਤੇ ਮਾਰੂਤੀ ਸੁਜ਼ੂਕੀ ਸਨ, ਜੋ 0.02 ਤੋਂ 4 ਫ਼ੀਸਦੀ ਵਿਚਕਾਰ ਉਪਰ ਰਹੇ। ਨਿਫਟੀ ਵਿਚ ਅਡਾਣੀ ਪੋਰਟਸ, ਸ਼੍ਰੀ ਸੀਮੈਂਟ, ਗ੍ਰਾਸਿਮ, ਐੱਸ. ਬੀ. ਆਈ. ਲਾਈਫ ਅਤੇ ਵਿਪਰੋ 0.8 ਤੋਂ 3 ਫੀਸਦੀ ਵਿਚਕਾਰ ਮਜਬੂਤੀ ਵਿਚ ਸਨ।

ਉੱਥੇ ਹੀ, ਬੀ. ਐੱਸ. ਈ. ਬੈਰੋਮੀਟਰ ਵਿਚ ਐੱਚ. ਡੀ. ਐੱਫ. ਸੀ., ਬਜਾਜ ਫਾਈਨੈਂਸ, ਐੱਲ. ਐਂਡ ਟੀ., ਐਕਸਿਸ ਬੈਂਕ, ਐੱਚ. ਡੀ. ਐੱਫ. ਸੀ. ਬੈਂਕ ਅਤੇ ਐੱਸ. ਬੀ. ਆਈ. 2.5 ਫ਼ੀਸਦੀ ਤੱਕ ਲੁੜਕੇ। ਨਿਫਟੀ ਇੰਡੈਕਸ ਵਿਚ ਜੇ. ਐੱਸ. ਡਬਲਿਊ. ਸਟੀਲ, ਹਿੰਡਾਲਕੋ, ਟਾਟਾ ਸਟੀਲ, ਟਾਟਾ ਮੋਟਰਜ਼ ਅਤੇ ਕੋਲ ਇੰਡੀਆ ਨੇ ਗਿਰਾਵਟ ਦਰਜ ਕੀਤੀ।
 

Sanjeev

This news is Content Editor Sanjeev