ਸੈਂਸੈਕਸ 200 ਤੋਂ ਵਧ ਅੰਕ ਚੜ੍ਹਿਆ, ਨਿਫਟੀ 11,000 ਦੇ ਪਾਰ

07/18/2018 9:15:27 AM

ਨਵੀਂ ਦਿੱਲੀ— ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ।ਬੁੱਧਵਾਰ ਦੇ ਕਾਰੋਬਾਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 202.45 ਅੰਕ ਯਾਨੀ 0.55 ਫੀਸਦੀ ਦੀ ਤੇਜ਼ੀ ਨਾਲ 36,722.41 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ 52.15 ਅੰਕ ਮਜ਼ਬੂਤ ਹੋ ਕੇ 11060.20 ਦੇ ਪੱਧਰ 'ਤੇ ਖੁੱਲ੍ਹਿਆ ਹੈ।ਇਸ ਦੌਰਾਨ ਬੀ. ਐੱਸ. ਈ. ਮਿਡ ਕੈਪ 64 ਅੰਕ ਮਜ਼ਬੂਤ ਅਤੇ ਬੈਂਕ ਨਿਫਟੀ 'ਚ 100 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ।

ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਏਸ਼ੀਆਈ ਬਾਜ਼ਾਰਾਂ 'ਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦੇ ਬਾਜ਼ਾਰ ਨਿੱਕੇਈ, ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਹਾਂਗਕਾਂਗ ਦਾ ਹੈਂਗ ਸੇਂਗ ਵੀ ਤੇਜ਼ੀ 'ਚ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਸ਼ੰਘਾਈ ਕੰਪੋਜਿਟ ਅਤੇ ਸਿੰਗਾਪੁਰ ਦਾ ਸਟਰੇਟਸ ਟਾਈਮਜ਼ ਵੀ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਇਸ ਦੇ ਇਲਾਵਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 11,000 ਦੇ ਪਾਰ ਕਾਰੋਬਾਰ ਕਰਦਾ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀਂ ਅਮਰੀਕੀ ਬਾਜ਼ਾਰ ਵੀ ਤੇਜ਼ੀ 'ਚ ਬੰਦ ਹੋਏ ਸਨ। ਨੈਸਡੈਕ ਰਿਕਾਰਡ ਉਚਾਈ 'ਤੇ, ਜਦੋਂ ਕਿ ਡਾਓ ਜੋਂਸ 50 ਤੋਂ ਵਧ ਅੰਕ ਦੀ ਤੇਜ਼ੀ ਨਾਲ ਚੜ੍ਹ ਕੇ ਬੰਦ ਹੋਇਆ। ਐੱਸ. ਐਂਡ ਪੀ.-500 ਇੰਡੈਕਸ 0.4 ਫੀਸਦੀ ਦੀ ਤੇਜ਼ੀ ਨਾਲ 2,809 ਦੇ ਪੱਧਰ 'ਤੇ ਬੰਦ ਹੋਇਆ।