ਵੀਕਲੀ ਰੀਵਿਊ : 16 Aug ਨੂੰ ਖਤਮ ਹੋਏ ਹਫਤੇ 'ਚ ਸੈਂਸੈਕਸ 232 ਅੰਕ ਡਿੱਗਾ

08/17/2019 1:15:06 PM

ਨਵੀਂ ਦਿੱਲੀ— ਇਕਨੋਮਿਕ ਸਲੋਡਾਊਨ, ਕਮਜ਼ੋਰ ਕਾਰਪੋਰੇਟ ਆਮਦਨ ਨਤੀਜੇ ਤੇ ਗਲੋਬਲ ਵਪਾਰ ਯੁੱਧ ਕਾਰਨ ਬੀਤੇ ਹਫਤੇ ਬੰਬਈ ਸਟਾਕ ਐਕਸਚੇਂਜ ਦੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦਾ ਪ੍ਰਦਰਸ਼ਨ ਖਰਾਬ ਰਿਹਾ। ਸੈਂਸੈਕਸ ਨੇ 16 ਅਗਸਤ ਨੂੰ ਖਤਮ ਹੋਏ ਹਫਤੇ 'ਚ 231.58 ਅੰਕ ਯਾਨੀ 0.62 ਫੀਸਦੀ ਦੀ ਗਿਰਾਵਟ ਦਰਜ ਕੀਤੀ ਅਤੇ ਅੰਤਿਮ ਕਾਰੋਬਾਰੀ ਦਿਨ 37,350.33 'ਤੇ ਬੰਦ ਹੋਇਆ। ਨਿਫਟੀ ਵੀ 61.85 ਅੰਕ ਯਾਨੀ 0.56 ਫੀਸਦੀ ਦੀ ਗਿਰਾਵਟ 'ਚ 11,047.80 'ਤੇ ਬੰਦ ਹੋਇਆ। ਲਗਾਤਾਰ ਜਾਰੀ ਗਿਰਾਵਟ ਕਾਰਨ ਨਿਵੇਸ਼ਕਾਂ 'ਚ ਘਬਰਾਹਟ ਦੀ ਸਥਿਤੀ ਹੈ।

 

 

ਬੀ. ਐੱਸ. ਈ. ਮਿਡ ਕੈਪ ਬੀਤੇ ਕਾਰੋਬਾਰੀ ਹਫਤੇ 'ਚ 179.15 ਅੰਕ ਯਾਨੀ 1.31 ਫੀਸਦੀ ਘੱਟ ਕੇ 13,490.9 'ਤੇ ਜਾ ਪੁੱਜਾ ਹੈ। ਬੀ. ਐੱਸ. ਈ. ਸਮਾਲ ਕੈਪ 114.91 ਅੰਕ ਯਾਨੀ 0.90 ਫੀਸਦੀ ਦੀ ਗਿਰਾਵਟ ਨਾਲ ਹੁਣ 12,584.59 ਦੇ ਪੱਧਰ 'ਤੇ ਹੈ। ਸੋਮਵਾਰ ਨੂੰ ਈਦ ਦੇ ਮੌਕੇ ਤੇ ਵੀਰਵਾਰ ਨੂੰ ਸੁਤੰਤਰਤਾ ਦਿਵਸ 'ਤੇ ਬਾਜ਼ਾਰ 'ਚ ਛੁੱਟੀ ਰਹੀ ਸੀ, ਸਿਰਫ ਤਿੰਨ ਦਿਨ ਹੀ ਕਾਰੋਬਾਰ ਹੋਇਆ। 

ਮੰਗਲਵਾਰ ਨੂੰ ਬਾਜ਼ਾਰ ਖੁੱਲ੍ਹਣ 'ਤੇ ਆਟੋ, ਟੈਲੀਕਾਮ ਤੇ ਫਾਈਨਾਂਸ਼ਲ ਸਟਾਕਸ 'ਚ ਗਿਰਾਵਟ ਕਾਰਨ ਬਾਜ਼ਾਰ 'ਚ ਗਿਰਾਵਟ ਦਰਜ ਹੋਈ। ਉਸ ਦਿਨ ਸੈਂਸੈਕਸ 623.75 ਅੰਕ ਦੀ ਭਾਰੀ ਗਿਰਾਵਟ ਨਾਲ 36,958.16 ਦੇ ਪੱਧਰ 'ਤੇ ਬੰਦ ਹੋਇਆ ਸੀ, ਜਦੋਂ ਕਿ ਨਿਫਟੀ ਵੀ 183.80 ਅੰਕ ਡਿੱਗ ਕੇ 10,925.85 'ਤੇ ਬੰਦ ਹੋਇਆ ਸੀ। ਉੱਥੇ ਹੀ, ਕੌਮਾਂਤਰੀ ਬਾਜ਼ਾਰਾਂ ਤੋਂ ਮਿਲੇ ਮਜਬੂਤ ਸੰਕੇਤਾਂ ਨਾਲ ਬੁੱਧਵਾਰ ਨੂੰ ਸੈਂਸੈਕਸ ਤੇ ਨਿਫਟੀ ਮਜਬੂਤੀ 'ਚ ਬੰਦ ਹੋਏ। ਇਸ ਦੇ ਇਲਾਵਾ ਸ਼ੁੱਕਰਵਾਰ ਨੂੰ ਸੈਂਸੈਕਸ 'ਚ 38.80 ਅੰਕ ਤੇ ਨਿਫਟੀ 'ਚ 18.40 ਅੰਕ ਦੀ ਹਲਕੀ ਬੜ੍ਹਤ ਦਰਜ ਹੋਈ।
ਜ਼ਿਕਰਯੋਗ ਹੈ 9 ਅਗਸਤ ਨੂੰ ਸੈਂਸੈਕਸ 37,581.91 'ਤੇ ਬੰਦ ਹੋਇਆ ਸੀ, ਜੋ ਇਸ ਹਫਤੇ 37,350.33 'ਤੇ ਬੰਦ ਹੋਇਆ ਹੈ। ਉੱਥੇ ਹੀ, ਨਿਫਟੀ ਦਾ 9 ਅਗਸਤ ਨੂੰ ਬੰਦ ਪੱਧਰ 11,109.65 ਸੀ, ਜੋ ਇਸ ਸ਼ੁੱਕਰਵਾਰ 16 ਅਗਸਤ ਨੂੰ 11,047.80 ਦੇ ਪੱਧਰ 'ਤੇ ਬੰਦ ਹੋਇਆ।