ਸੈਂਸੈਕਸ 'ਚ 1,020 ਅੰਕ ਦੀ ਜ਼ੋਰਦਾਰ ਗਿਰਾਵਟ, ਨਿਫਟੀ 14,000 ਤੋਂ ਥੱਲ੍ਹੇ

01/27/2021 2:55:16 PM

ਮੁੰਬਈ- ਦੁਪਹਿਰ ਬਾਅਦ ਬਾਜ਼ਾਰ ਵਿਚ ਬਹੁਤ ਜ਼ਿਆਦਾ ਵਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 47,300 ਅਤੇ ਨਿਫਟੀ 13,900 'ਤੇ ਕਾਰੋਬਾਰ ਕਰ ਰਿਹਾ ਹੈ। ਬੈਂਕਿੰਗ ਅਤੇ ਵਿੱਤੀ ਸਟਾਕ ਵਿਚ ਗਿਰਾਵਟ ਸਭ ਤੋਂ ਵੱਧ ਹੈ। ਨਿਫਟੀ ਬੈਂਕ ਇੰਡੈਕਸ 1002 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।

ਬੀ. ਐੱਸ. ਈ. ਸੈਂਸੈਕਸ 1020 ਅੰਕਾਂ ਦੀ ਗਿਰਾਵਟ ਨਾਲ 47,327.41 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ 6 ਜਨਵਰੀ ਨੂੰ ਇੰਡੈਕਸ 48 ਹਜ਼ਾਰ ਦੇ ਪੱਧਰ ਤੋਂ ਹੇਠਾਂ ਆ ਗਿਆ ਸੀ। ਸੈਂਸੈਕਸ ਵਿਚ ਐਕਸਿਸ ਬੈਂਕ ਦਾ ਸਟਾਕ ਟਾਪ-ਲੂਜ਼ਰ ਹੈ।ਇਸ ਵਿਚ 4.60 ਫ਼ੀਸਦੀ ਦੀ ਗਿਰਾਵਟ ਹੈ। ਇਸੇ ਤਰ੍ਹਾਂ ਐੱਚ. ਡੀ. ਐੱਫ. ਸੀ., ਸਨ ਫਾਰਮਾ ਅਤੇ ਡਾ. ਰੈੱਡੀਜ਼ ਦੇ ਸ਼ੇਅਰ ਵੀ 3-3 ਫ਼ੀਸਦੀ ਤੋਂ ਵੀ ਡਿੱਗ ਕੇ ਕਾਰੋਬਾਰ ਕਰ ਰਹੇ ਹਨ। ਜਦਕਿ ਟੈੱਕ ਮਹਿੰਦਰਾ ਦੇ ਸ਼ੇਅਰ 2 ਫ਼ੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ।

ਬਾਜ਼ਾਰ ਵਿਚ ਭਾਰੀ ਗਿਰਾਵਟ ਦਾ ਕਾਰਨ

  • ਦੁਨੀਆ ਭਰ ਦੇ ਬਾਜ਼ਾਰਾਂ ਵਿਚ ਸੁਸਤ ਕਾਰੋਬਾਰ। ਯੂਰਪੀ ਬਾਜ਼ਾਰ ਵੀ ਫਲੈਟ ਕਾਰੋਬਾਰ ਕਰ ਰਿਹਾ ਹੈ।
  • ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ। ਮੰਨਿਆ ਜਾ ਰਿਹਾ ਕਿ ਬਜਟ ਬਾਜ਼ਾਰ ਲਈ ਵਧੀਆ ਨਹੀਂ ਹੋਵੇਗਾ।
  • ਬਜਟ ਤੋਂ ਪਹਿਲਾਂ, ਨਿਵੇਸ਼ਕ ਉੱਚ-ਮੁੱਲ ਵਾਲੇ ਸ਼ੇਅਰ ਵੇਚ ਕੇ ਮੁਨਾਫਾ ਕਮਾ ਰਹੇ ਹਨ।
  • ਬਾਜ਼ਾਰ ਦੇ ਵੱਡੇ ਸ਼ੇਅਰ ਦਬਾਅ ਹੇਠ ਹਨ। ਰਿਲਾਇੰਸ, ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਬੈਂਕ, ਬਜਾਜ ਫਾਈਨੈਂਸ ਗਿਰਾਵਟ ਵਿਚ ਹਨ। 

ਬੀ. ਐੱਸ. ਈ. 'ਤੇ 2,987 ਸ਼ੇਅਰਾਂ ਵਿਚ ਕਾਰੋਬਾਰ ਹੋ ਰਿਹਾ ਹੈ। 918 ਸਟਾਕ ਲਾਭ ਅਤੇ 1,930 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ, ਯਾਨੀ ਐਕਸਚੇਂਜ 'ਤੇ 64 ਫ਼ੀਸਦੀ ਸ਼ੇਅਰਾਂ ਵਿਚ ਗਿਰਾਵਟ ਹੈ। ਹਰ ਪਾਸੇ ਗਿਰਾਵਟ ਕਾਰਨ ਐਕਸਚੇਂਜ 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਨ ਘੱਟ ਕੇ 189.31 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਜਾਪਾਨ ਦਾ ਨਿੱਕੇਈ ਇੰਡੈਕਸ 0.33 ਫ਼ੀਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.11 ਫ਼ੀਸਦੀ ਉਪਰ ਬੰਦ ਹੋਏ ਹਨ। ਦੂਜੇ ਪਾਸੇ, ਹਾਂਗਕਾਂਗ ਦਾ ਹੈਂਗਸੇਂਗ 0.11 ਫ਼ੀਸਦੀ, ਕੋਰੀਆ ਦਾ ਕੋਸਪੀ 0.57 ਫ਼ੀਸਦੀ ਅਤੇ ਆਸਟ੍ਰੇਲੀਆਈ ਬਾਜ਼ਾਰ ਵੀ ਗਿਰਾਵਟ ਵਿਚ ਬੰਦ ਹੋਇਆ ਹੈ।

Sanjeev

This news is Content Editor Sanjeev