ਸੈਂਸੈਕਸ ਤੇ ਨਿਫਟੀ 'ਚ ਹਲਚਲ ਦਾ ਖਦਸ਼ਾ, ਜਾਣੋ ਕੀ ਹੈ ਸਲਾਹ

07/14/2019 3:49:35 PM

ਮੁੰਬਈ— ਵਪਾਰ ਨੂੰ ਲੈ ਕੇ ਅਮਰੀਕਾ ਨਾਲ ਖਿੱਚੋਤਾਣ ਅਤੇ ਬਜਟ 'ਚ ਐੱਫ. ਪੀ. ਆਈ. ਲਈ ਸਖਤ ਟੈਕਸ ਪ੍ਰਸਤਾਵਾਂ ਕਾਰਨ ਬੀਤੇ ਹਫਤੇ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ। ਇਸ ਵਿਚਕਾਰ ਕੰਪਨੀਆਂ ਦੇ ਤਿਮਾਹੀ ਨਤੀਜੇ ਵੀ ਜਾਰੀ ਹੋਣੇ ਸ਼ੁਰੂ ਹੋ ਗਏ ਹਨ ਅਤੇ ਇਨ੍ਹਾਂ ਦਾ ਪ੍ਰਭਾਵ ਵੀ ਬਾਜ਼ਾਰ 'ਤੇ ਦਿਸ ਸਕਦਾ ਹੈ। ਵਿਸ਼ਲੇਸ਼ਕਾਂ ਨੇ ਛੋਟੇ ਨਿਵੇਸ਼ਕਾਂ ਨੂੰ ਫਿਲਹਾਲ ਬਾਜ਼ਾਰ 'ਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
 

 

ਪਿਛਲੇ ਹਫਤੇ ਸੈਂਸੈਕਸ ਨੇ 777.16 ਅੰਕ ਯਾਨੀ 1.97 ਫੀਸਦੀ ਤੇ ਨਿਫਟੀ ਨੇ 258.65 ਅੰਕ ਯਾਨੀ 2.19 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ। ਬੀ. ਐੱਸ. ਈ. ਮਿਡ ਕੈਪ 171.77 ਅੰਕ, ਸਮਾਲ ਕੈਪ 365 ਅੰਕ ਟੁੱਟਾ ਹੈ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਅਗਲੇ ਹਫਤੇ ਵੀ ਬਾਜ਼ਾਰ 'ਚ ਕੋਈ ਖਾਸ ਤੇਜ਼ੀ ਦੀ ਉਮੀਦ ਨਹੀਂ ਹੈ ਤੇ ਗਿਰਾਵਟ ਰਹਿਣ ਦਾ ਖਦਸ਼ਾ ਹੈ। ਉੱਥੇ ਹੀ, ਕੌਮਾਂਤਰੀ ਬਾਜ਼ਾਰਾਂ ਦਾ ਰੁਖ਼ ਵੀ ਸਥਾਨਕ ਬਾਜ਼ਾਰ ਨੂੰ ਪ੍ਰਭਾਵਿਤ ਕਰੇਗਾ।
ਵਿਦੇਸ਼ੀ ਨਿਵੇਸ਼ ਦੀ ਗੱਲ ਕਰੀਏ ਤਾਂ ਬਜਟ ਮਗਰੋਂ ਬਾਜ਼ਾਰ 'ਚ ਵਿਦੇਸ਼ੀ ਪੂੰਜੀ ਦੀ ਭਾਰੀ ਨਿਕਾਸੀ ਹੋਈ ਹੈ। ਐੱਫ. ਪੀ. ਆਈ. ਨੇ ਪਹਿਲੀ ਤੋਂ 12 ਜੁਲਾਈ ਤਕ 4,953.77 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਹਾਲਾਂਕਿ ਇਸ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਬਾਂਡ ਬਾਜ਼ਾਰ 'ਚ 8,504.78 ਕਰੋੜ ਰੁਪਏ ਦੀ ਖਰੀਦਦਾਰੀ ਵੀ ਕੀਤੀ ਹੈ। ਇਸ ਹਿਸਾਬ ਨਾਲ ਵਿਦੇਸ਼ੀ ਨਿਵੇਸ਼ਕ ਜੁਲਾਈ ਮਹੀਨੇ 'ਚ ਹੁਣ ਤਕ ਭਾਰਤੀ ਪੂੰਜੀ ਬਾਜ਼ਾਰ 'ਚ ਸ਼ੁੱਧ ਖਰੀਦਦਾਰ ਬਣੇ ਹੋਏ ਹਨ। ਹਾਲਾਂਕਿ ਇਕੁਇਟੀ 'ਚ ਹੋਈ ਨਿਕਾਸੀ ਕਾਰਨ ਵਿਸ਼ਲੇਸ਼ਕਾਂ ਨੇ ਛੋਟੇ ਨਿਵੇਸ਼ਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।