ਯੁਵਰਾਜ ਅਤੇ ਧੋਨੀ ਦੀ ਧੂੰਆਂਧਾਰ ਪਾਰੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ ਦਿੱਤਾ 382 ਦੌੜਾਂ ਦਾ ਟੀਚਾ

01/19/2017 5:59:43 PM

ਕਟਕ—ਹਮਲਾਵਰ ਬੱਲੇਬਾਜ਼ ਯੁਵਰਾਜ ਅਤੇ ਕੂਲ ਕਪਤਾਨ ਧੋਨੀ ਵੱਲੋਂ ਲਾਏ ਗਏ ਅੱਗ ਵਰ੍ਹਾਉਂਦੇ ਸ਼ਾਟਾਂ ਦੀ ਬਦੌਲਤ ਭਾਰਤੀ ਟੀਮ ਨੇ ਦੌੜਾਂ ਦਾ ਅੰਬਾਰ ਲਾਉਂਦਿਆਂ ਦੂਜੇ ਇਕ ਰੋਜ਼ਾ ਮੈਚ ''ਚ ਇੰਗਲੈਂਡ ਦੀ ਟੀਮ ਸਾਹਮਣੇ ਮੈਚ ਜਿੱਤਣ ਲਈ 382 ਦੌੜਾਂ ਦੀ ਚੁਣੌਤੀ ਰੱਖੀ। ਇੱਥੇ ਖੇਡੇ ਜਾ ਰਹੇ ਇਸ ਵਕਾਰੀ ਮੈਚ ''ਚ ਹਾਲਾਂਕਿ ਭਾਰਤ ਦੀਆਂ ਪਹਿਲੀਆਂ 3 ਵਿਕਟਾਂ ਸਸਤੇ ''ਚ ਉੱਡ ਗਈਆਂ, ਪਰ ਬਾਅਦ ''ਚ ਕਰੀਜ਼ ''ਤੇ ਆਈ ਯੁਵਰਾਜ ਅਤੇ ਧੋਨੀ ਦੀ ਜੋੜੀ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਅਤੇ ਉਹ ਦੋਵੇ ਪਹਾੜ ਵਰਗੀ ਮਜ਼ਬੂਤੀ ਨਾਲ ਦੌੜਾਂ ਇਕੱਠੀਆਂ ਕਰਦੇ ਰਹੇ। 
ਜ਼ਿਕਰਯੋਗ ਹੈ ਕਿ ਇਸ ਮੈਚ ''ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਵੱਲੋਂ ਬੱਲੇਬਾਜ਼ੀ ਕਰਨ ਆਏ ਓਪਨਰ ਲੋਕੇਸ਼ ਰਾਹੁਲ (5) ਅਤੇ ਸ਼ਿਖਰ ਧਵਨ (11) ਕੁਝ ਖਾਸ ਨਹੀਂ ਕਰ ਸਕੇ। ਇਸ ਤੋਂ ਬਾਅਦ ਇਕ ਰੋਜ਼ਾ ਕਪਤਾਨ ਕੋਹਲੀ ਬੱਲੇਬਾਜ਼ੀ ਕਰਨ ਉਤਰੇ। ਪਰ ਉਹ ਵੀ ਜਲਦੀ ਹੀ 8 ਦੌੜਾਂ ''ਤੇ ਪੈਵਿਲੀਅਨ ਪਰਤ ਗਏ। ਉਸ ਸਮੇਂ ਤੱਕ ਭਾਰਤ ਦਾ ਸਕੋਰ 3 ਵਿਕਟਾਂ ''ਤੇ 25 ਦੌੜਾਂ ਸੀ।ਯੁਵਰਾਜ ਨੇ ਸ਼ਾਟ ਮਾਰ-ਮਾਰ ਬੱਲੇਬਾਜ਼ਾਂ ਦਾ ਲੱਕ ਤੋੜ ਦਿੱਤਾ ਅਤੇ 150 ਦੌੜਾਂ ਦੀ ਜ਼ਬਰਦਸਤ ਪਾਰੀ ਖੇਡ ਕੇ ਆਉਟ ਹੋ ਗਏ। ਦਰਅਸਲ ਯੁਵਰਾਜ ਦੇ ਬੱਲੇ ''ਚੋਂ ਪੰਜ ਸਾਲ ਬਾਅਦ ਸੈਂਕੜੇ ਵਾਲੀ ਪਾਰੀ ਨਿਕਲੀ ਹੈ। ਉਨ੍ਹਾਂ ਨੇ ਆਪਣਾ ਆਖਰੀ ਸੈਂਕੜਾ 2011 ਵਿਸ਼ਵ ਕੱਪ ''ਚ ਚੇਨਈ ਦੇ ਚਿਦੰਬਰਮ ਸਟੇਡੀਅਮ ''ਚ ਵੈਸਟਇੰਡੀਜ਼ ਦੇ ਖਿਲਾਫ ਲਗਾਇਆ ਸੀ। 
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਕੇਦਾਰ ਜਾਦਵ ਨੇ ਵੀ ਆਪਣੀ ਪੁਰਾਣੀ ਫਾਰਮ ਬਰਕਰਾਰ ਰੱਖੀ ਅਤੇ ਧਾਕੜ ਬੱਲੇਬਾਜ਼ੀ ਕਰਦੇ ਹੋਏ 10 ਗੇਂਦਾਂ ''ਚ 22 ਦੌੜਾਂ ਬਣਾਈਆਂ। ਧੋਨੀ ਨੇ ਪੂਰੇ ਮੈਚ ਨੂੰ ਸੰਭਾਲਿਆਂ ਅਤੇ ਯੁਵੀ ਦਾ ਪੂਰਾ ਸਾਥ ਦਿੱਤਾ ਤੇ ਆਖਰਕਾਰ 134 ਦੌੜਾਂ ਬਣਾ ਕੇ ਆਉਟ ਹੋ ਗਏ। ਹਾਰਦਿਕ ਪੰਡਯਾ (19) ਅਤੇ ਰਵਿੰਦਰ ਜਡੇਜਾ (16) ਦੌੜਾਂ ''ਤੇ ਅਜੇਤੂ ਰਹੇ।ਭਾਰਤੀ ਬੱਲੇਬਾਜ਼ੀ ਦੇ ਸਾਹਮਣੇ ਇੰਗਲੈਂਡ ਦੇ ਸਾਰੇ ਗੇਂਦਬਾਜ਼ ਫਿੱਕੇ ਪੈ ਗਏ। ਜਿਸ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ 382 ਦੌੜਾਂ ਦਾ ਵੱਡਾ ਟੀਚਾ ਦਿੱਤਾ।