ਯੁਵਰਾਜ ਨੇ ਦਿੱਤਾ ਵੱਡਾ ਬਿਆਨ, ਦਾਦਾ ਦੇ ਮੁਕਾਬਲੇ ਵਿਰਾਟ-ਧੋਨੀ ਨੇ ਨਹੀਂ ਦਿੱਤਾ ਮੇਰਾ ਸਾਥ

04/01/2020 3:53:48 PM

ਨਵੀਂ ਦਿੱਲੀ : 17 ਸਾਲ ਲੰਬੇ ਕੌਮਾਂਤਰੀ ਕਰੀਅਰ ਦੌਰਾਨ ਕਈ ਕਪਤਾਨਾਂ ਦੇ ਅਧੀਨ ਖੇਡ ਚੁੱਕੇ ਯੁਵਰਾਜ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਦੇ ਲਈ ਸਭ ਤੋਂ ਚੰਗਾ ਕਪਤਾਨ ਕਿਹੜਾ ਸਾਬਤ ਹੋਇਆ। 38 ਸਾਲਾ ਯੁਵਰਾਜ ਨੇ ਸੌਰਵ ਗਾਂਗੁਲੀ ਦੇ ਕਪਤਾਨੀ ਦੇ ਦਿਨਾਂ ਨੂੰ ਯਾਦ ਕੀਤਾ ਹੈ। ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਨੇ ਕਿਹਾ ਕਿ ਮੌਜੂਦਾ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦੀ ਕਪਤਾਨੀ ਨੂੰ ਉਹ ਜ਼ਿਆਦਾ ਯਾਦ ਕਰਦੇ ਹਨ। ਯੁਵਰਾਜ ਹਾਲਾਂਕਿ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ 2011 ਵਰਲਡ ਕੱਪ ਦੌਰਾਨ ‘ਪਲੇਅਰ ਆਫ ਦਿ ਟੂਰਨਾਮੈਂਟ’ ਰਹੇ ਸਨ।

ਇਕ ਇੰਟਰਿਵਊ ਦੌਰਾਨ ਭਾਰਤ ਦੇ ਆਲਰਾਊਂਡਰ ਖਿਡਾਰੀ ਨੇ ਕਿਹਾ ਕਿ ਮੈਂ ਸੌਰਵ ਗਾਂਗੁਲੀ ਦੀ ਕਪਤਾਨੀ ਵਿਚ ਖੇਡਿਆ ਹੈ ਅਤੇ ਉਨ੍ਹਾਂ ਨੇ ਮੈਨੂੰ ਬਹੁਤ ਸੁਪੋਰਟ ਕੀਤਾ। ਮੇਰੇ ਕੋਲ ਸੌਰਵ ਦੀ ਕਪਤਾਨੀ ਦੀਆਂ ਜ਼ਿਆਦਾ ਯਾਦਾਂ ਹਨ, ਕਿਉਂਕਿ ਉਨ੍ਹਾਂ ਨੇ ਮੇਰਾ ਹਮੇਸ਼ਾ ਸਾਥ ਦਿੱਤਾ। ਮੈਨੂੰ ਮਾਹੀ (ਐੱਮ. ਐੱਸ. ਧੋਨੀ) ਅਤੇ ਵਿਰਾਟ ਕੋਹਲੀ ਤੋਂ ਇਸ ਤਰ੍ਹਾਂ ਦੀ ਸੁਪੋਰਟ ਨਹੀਂ ਮਿਲੀ। ਯੁਵਰਾਜ ਨੇ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਉਹ ਸਾਲ 2000 ਵਿਚ ਭਾਰਤੀ ਟੀਮ ਵਿਚ ਸ਼ਾਮਲ ਹੋਏ ਤਦ ਆਈ. ਪੀ. ਐੱਲ. ਵਰਗੇ ਖੇਡ ਨਹੀਂ ਹੁੰਦੇ ਸੀ। ਯੁਵਰਾਜ ਨੇ ਦੱਸਿਆ ਕਿ ਤਦ ਉਹ ਆਪਣੇ ਹੀਰੋਜ਼ ਨੂੰ ਟੀ. ਵੀ.  ਦੀ ਸਕ੍ਰੀਨ ’ਤੇ ਦੇਖਿਆ ਕਰਦੇ ਸੀ ਅਤੇ ਫਿਰ ਉਹੀ ਹੀਰੋਜ਼ ਦੇ ਨਾਲ ਉੱਠਣ ਬੈਠਣ ਲੱਗੇ। ਇਸ ਦੌਰਾਨ ਉਸਨੇ ਸਿੱਖਿਆ ਕਿ ਕਿਸ ਤਰ੍ਹਾਂ ਨਾਲ ਸੀਨੀਅਰ ਖਿਡਾਰੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਉਸ ਨੇ ਸਾਫ ਤੌਰ ’ਤੇ ਕਿਹਾ ਕਿ ਅੱਜ ਖਿਡਾਰੀ ਆਈ. ਪੀ. ਐੱਲ. ਵਰਗੇ ਖੇਡ ਖੇਡਣਾ ਚਾਹੁੰਦੇ ਹਨ। ਕੋਈ ਵੀ ਟੈਸਟ ਜਾਂ ਫਿਰ ਫਰਸਟ ਕਲਾਸ ਕ੍ਰਿਕਟ ਨਹੀਂ ਖੇਡਣਾ ਚਾਹੁੰਦਾ।

ਕੌਮਾਂਤਰੀ ਟੀ-20 ਦੇ ਇਕ ਓਵਰ ’ਚ 6 ਛੱਕੇ ਲਾਉਣ ਦਾ ਰਿਕਾਰਡ

2007 ਟੀ-20 ਵਰਲਡ ਕੱਪ ਦੌਰਾਨ ਯੁਵਰਾਜ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਨੂੰ 6 ਗੇਂਦਾਂ 6 ਛੱਕੇ ਲਗਾਏ ਸੀ। ਇਸ ਦੌਰਾਨ ਉਸ ਨੇ 12 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਕੌਮਾਂਤਰੀ ਟੀ-20 ਕ੍ਰਿਕਟ ਵਿਚ ਇਹ ਰਿਕਾਰਡ ਬਣਾਉਣ ਵਾਲੇ ਯੁਵਰਾਜ ਇਕਲੌਤੇ ਬੱਲੇਬਾਜ਼ ਹਨ।

ਯੁਵਰਾਜ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ 40 ਟੈਸਟ, 304 ਵਨ ਡੇ ਅਤੇ 58 ਟੀ-20 ਮੈਚ ਖੇਡੇ। 304 ਵਨ ਡੇ ਵਿਚੋਂ ਯੁਵਰਾਜ ਨੇ ਭਾਰਤ ਦੇ ਲਈ 301,  ਜਦਿਕ ਬਾਕੀ 3 ਮੈਚ ਏਸ਼ੀਆ ਇਲੈਵਨ ਦੇ ਲਈ ਖੇਡੇ ਹਨ। 40 ਟੈਸਟ ਦੀਆਂ 62 ਪਾਰੀਆਂ ਵਿਚ ਯੁਵੀ ਦੇ ਨਾਂ ਕੁਲ 1900 ਦੌੜਾਂ ਹਨ, ਜਿਸ ਵਿਚ 3 ਸੈਂਕੜੇ ਅਤੇ 11 ਅਰਧ ਸੈਂਕੜੇ ਉਸ ਦੇ ਨਾਂ ਹਨ। ਵਨ ਡੇ ਕਰੀਅਰ ਦੀ ਗੱਲ ਕਰੀਏ ਤਾਂ ਯੁਵਰਾਜ ਨੇ 378 ਪਾਰੀਆਂ ਵਿਚ ਕੁਲ 8701 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 14 ਸੈਂਕੜੇ ਅਤੇ 52 ਅਰਧ ਸੈਂਕੜੇ ਨਿਕਲੇ। 58 ਟੀ-20 ਵਿਚ ਉਸ ਨੇ 1177 ਦੌੜਾਂ ਬਣੀਆਂ। ਇੱਥੇ ਉਸ ਦੇ ਨਾਂ 8 ਅਰਧ ਸੈਂਕੜੇ ਦਰਜ ਹਨ। 

Ranjit

This news is Content Editor Ranjit