ਹੁਣ ਇੱਥੋਂ ਵੀ ਹੋਈ ਯੁਵਰਾਜ ਦੀ ਛੁੱਟੀ

03/08/2018 9:58:33 AM

ਨਵੀਂ ਦਿੱਲੀ, (ਬਿਊਰੋ)— ਲਗਦਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਯੁਵਰਾਜ ਸਿੰਘ ਦਾ ਕੌਮਾਂਤਰੀ ਕ੍ਰਿਕਟ ਕਰੀਅਰ ਸਮਾਪਤ ਮੰਨ ਲਿਆ ਹੈ। ਟੀਮ ਇੰਡੀਆ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਯੁਵਰਾਜ ਸਿੰਘ ਨੂੰ ਹੁਣ ਬੀ.ਸੀ.ਸੀ.ਆਈ. ਨੇ ਖਿਡਾਰੀਆਂ ਦੀ ਕਰਾਰ ਸੂਚੀ ਤੋਂ ਵੀ ਬਾਹਰ ਕਰ ਦਿੱਤਾ ਹੈ। 

ਯੁਵਰਾਜ ਦੇ ਨਾਲ ਇਸ ਸੂਚੀ ਤੋਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਜਦਕਿ ਸ਼ਾਨਦਾਰ ਫਾਰਮ 'ਚ ਖੇਡ ਰਹੇ ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਧਵਨ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਰਾਰ ਸੂਚੀ 'ਚ ਲੰਬੀ ਛਲਾਂਗ ਲਗਾਈ ਹੈ।

ਬੀ.ਸੀ.ਸੀ.ਆਈ. ਨੇ ਅਕਤੂਬਰ 2017 ਤੋਂ ਸਤੰਬਰ 2018 ਤੱਕ ਦੇ ਲਈ ਸਾਲਾਨਾ ਖਿਡਾਰੀ ਕਰਾਰ ਦਾ ਬੁੱਧਵਾਰ ਨੂੰ ਐਲਾਨ ਕੀਤਾ ਜਿਸ 'ਚ ਕਾਫੀ ਵਾਧਾ ਕੀਤਾ ਗਿਆ ਹੈ। ਦਰਅਸਲ ਟੀਮ ਇੰਡੀਆ ਦੇ ਖਿਡਾਰੀ, ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੇ ਬੀ.ਸੀ.ਸੀ.ਆਈ ਦਾ ਸੰਚਾਲਨ ਦੇਖ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਤੋਂ ਕਰਾਰ ਰਾਸ਼ੀ ਵਧਾਉਣ ਦੀ ਮੰਗ ਕੀਤੀ ਸੀ।

ਸ਼ਿਖਰ ਪਿਛਲੇ ਕਰਾਰ 'ਚ 50 ਲੱਖ ਦੇ ਸੀ ਗ੍ਰੇਡ 'ਚ ਸਨ। ਪਰ ਹੁਣ ਉਹ 7 ਕਰੋੜ ਦੇ ਏ ਪਲੱਸ ਗ੍ਰੇਡ 'ਚ ਪਹੁੰਚ ਗਏ ਹਨ। ਰੋਹਿਤ, ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਗ੍ਰੇਡ ਬੀ ਤੋਂ ਏ ਪਲੱਸ ਗ੍ਰੇਡ 'ਚ ਪਹੁੰਚ ਗਏ ਹਨ ਜਦਕਿ ਭਾਰਤੀ ਕਪਤਾਨ ਵਿਰਾਟ ਏ ਤੋਂ ਏ ਪਲੱਸ ਗ੍ਰੇਡ 'ਚ ਪਹੁੰਚੇ ਹਨ।

ਆਪਣੀ ਪਤਨੀ ਵੱਲੋਂ ਲਗਾਏ ਗਏ ਤੰਗ ਪਰੇਸ਼ਾਨ ਕਰਨ ਅਤੇ ਐਕਸਟਰਾ ਮੈਰੀਟਲ ਅਫੇਅਰ ਦੇ ਦੋਸ਼ਾਂ ਤੋਂ ਜੂਝ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਬੀ.ਸੀ.ਸੀ.ਆਈ. ਦੀ ਕਰਾਰ ਸੂਚੀ ਤੋਂ ਬਾਹਰ ਹੋ ਗਏ ਹਨ। ਆਲਰਾਊਂਡਰ ਯੁਵਰਾਜ ਦੀ ਵੀ ਕਰਾਰ ਤੋਂ ਛੁੱਟੀ ਹੋ ਗਈ ਹੈ। ਸ਼ਮੀ ਅਤੇ ਯੁਵਰਾਜ ਪਹਿਲੇ ਗ੍ਰੇਡ ਬੀ 'ਚ ਸ਼ਾਮਲ ਸਨ।