ਯੋਗਿਤਾ ਬਣੀ ਜੂਨੀਅਰ ਹਾਕੀ ਟੀਮ ਦੀ ਗੋਲਕੀਪਿੰਗ ਕੋਚ

07/02/2017 4:04:56 PM

ਜਲੰਧਰ— ਹਾਕੀ ਇੰਡੀਆ ਮਰਦ ਵਰਗ ਦੀ ਤਰਜ਼ 'ਤੇ ਮਹਿਲਾ ਹਾਕੀ ਲੀਗ ਦੀ ਵੀ ਜਲਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਤਾਂ ਜੋ ਭਾਰਤੀ ਮਹਿਲਾ ਹਾਕੀ ਟੀਮ ਦਾ ਮੁਕਾਮ ਰਾਸ਼ਟਰੀ ਪੱਧਰ 'ਤੇ ਉੱਚਾ ਹੋਵੇ। ਇਹ ਵਿਚਾਰ ਜੂਨੀਅਰ ਮਹਿਲਾ ਹਾਕੀ ਟੀਮ ਦੀ ਗੋਲਕੀਪਿੰਗ ਕੋਚ ਬਣਨ ਵਾਲੀ ਯੋਗਿਤਾ ਬਾਲੀ ਨੇ ਪ੍ਰਗਟ ਕੀਤੇ। ਭਾਰਤੀ ਹਾਕੀ ਟੀਮ ਦੀ ਪ੍ਰਸਿੱਧ ਗੋਲਕੀਪਰ ਯੋਗਿਤਾ ਬਾਲੀ ਨੂੰ ਜੂਨੀਅਰ ਮਹਿਲਾ ਹਾਕੀ ਟੀਮ ਦੀ ਗੋਲਕੀਪਿੰਗ ਕੋਚ ਬਣਾਇਆ ਗਿਆ ਹੈ। ਯੋਗਿਤਾ ਬਾਲੀ ਨੌਜਵਾਨ ਖਿਡਾਰੀਆਂ ਨੂੰ ਆਪਣੇ ਅੰਤਰਰਾਸ਼ਟਰੀ ਹਾਕੀ ਦੇ ਤਜਰਬੇ ਦੇ ਆਧਾਰ 'ਤੇ ਗ਼ੁਰ ਸਿਖਾਏਗੀ। 
ਸਾਲ 2009 'ਚ ਏਸ਼ੀਅਨ ਚੈਂਪੀਅਨ ਟਰਾਫੀ 'ਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਯੋਗਿਤਾ ਬਾਲੀ ਏਸ਼ੀਅਨ ਖੇਡਾਂ, ਚੈਂਪੀਅਨ ਚੈਲੰਜ ਕੱਪ 'ਚ 3 ਵਾਰ, ਏਸ਼ੀਅਨ ਚੈਂਪੀਅਨ ਟਰਾਫੀ 'ਚ 2 ਵਾਰ, ਵਿਸ਼ਵ ਹਾਕੀ ਲੀਗ ਆਦਿ ਚੈਂਪੀਅਨਸ਼ਿਪਾਂ ਤੋਂ ਇਲਾਵਾ ਹੋਰ ਅੰਤਰਰਾਸ਼ਟਰੀ ਪੱਧਰ 'ਤੇ ਵਿਦੇਸ਼ੀ ਦੌਰਿਆਂ 'ਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰ ਚੁੱਕੀ ਹੈ। ਭਾਰਤੀ ਹਾਕੀ ਟੀਮ ਲਈ ਯੋਗਿਤਾ 100 ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡ ਚੁੱਕੀ ਹੈ। ਰੇਲ ਕੋਚ ਫੈਕਟਰੀ ਵੱਲੋਂ ਰਾਸ਼ਟਰੀ ਪੱਧਰ 'ਤੇ ਆਪਣਾ ਹਾਕੀ ਦਾ ਜਲਵਾ ਦਿਖਾਉਣ ਤੋਂ ਬਾਅਦ ਹੁਣ ਕੋਚਿੰਗ ਦੇ ਖੇਤਰ 'ਚ ਯੋਗਿਤਾ ਆਪਣਾ ਹੁਨਰ ਦਿਖਾਏਗੀ। ਯੋਗਿਤਾ ਨੇ ਕਿਹਾ ਕਿ ਬਤੌਰ ਖਿਡਾਰੀ ਅਜੇ ਵੀ ਖੇਡਦੀ ਰਹੇਗੀ ਤੇ ਨਾਲ ਨਾਲ ਆਪਣੀ ਕੋਚਿੰਗ ਨੂੰ ਸਫਲ ਬਣਾਏਗੀ। ਸਾਬਕਾ ਓਲੰਪੀਅਨ ਬਲਜੀਤ ਸਿੰਘ ਸੈਣੀ ਦੀ ਕੋਚਿੰਗ 'ਚ ਭਾਰਤੀ ਹਾਕੀ ਮਹਿਲਾ ਟੀਮ ਵਿਸ਼ਵ ਕੱਪ ਹਾਕੀ ਮੁਕਾਬਲੇ ਤੇ ਹੋਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਤਿਆਰੀ ਨੂੰ ਲੈ ਕੇ ਬੈਂਗਲੁਰੂ 'ਚ 33 ਖਿਡਾਰੀਆਂ ਦੇ ਨਾਲ ਸਿਖਲਾਈ ਲੈ ਰਹੀ ਹੈ।
ਕੋਚ ਬਣਨ 'ਤੇ ਮਿਲੀਆਂ ਵਧਾਈਆਂ :
ਯੋਗਿਤਾ ਬਾਲੀ ਨੂੰ ਜੂਨੀਅਰ ਹਾਕੀ ਟੀਮ ਦੀ ਗੋਲਕੀਪਿੰਗ ਕੋਚ ਬਣਨ 'ਤੇ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਇਸ ਮੌਕੇ 'ਤੇ ਓਲੰਪੀਅਨ ਤੇ ਸਾਬਕਾ ਕਪਤਾਨ ਪਰਗਟ ਸਿੰਘ, ਸੁਰਜੀਤ ਹਾਕੀ ਅਕੈਡਮੀ ਦੇ ਸਕੱਤਰ ਇਕਬਾਲ ਸਿੰਘ ਸੰਧੂ, ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਤੇ ਸੁਰਿੰਦਰ ਸਿੰਘ ਨੇ ਯੋਗਿਤਾ ਨੂੰ ਭਵਿੱਖ 'ਚ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ।