Year Ender 2017 : ਭਾਰਤ ਨੇ ਖੇਡਾਂ ''ਚ ਚੁੰਮੀ ਕਾਮਯਾਬੀ ਦੀ ਬੁਲੰਦੀ

12/30/2017 4:53:32 PM

ਨਵੀਂ ਦਿੱਲੀ (ਬਿਊਰੋ)— ਇਸ ਸਾਲ ਖੇਡ ਜਗਤ ਦੀਆਂ ਨਜ਼ਰਾਂ ਭਾਰਤ ਉੱਤੇ ਲੱਗੀਆਂ ਰਹੀਆਂ ਅਤੇ ਭਾਰਤ ਦੀਆਂ ਅੱਖਾਂ ਦੇ ਤਾਰੇ ਰਹੇ ਵਿਰਾਟ ਕੋਹਲੀ ਜਿਨ੍ਹਾਂ ਦੀ ਆਦਤ ਵਿਚ ਸ਼ਾਮਲ ਹੋ ਗਿਆ ਹੈ। ਕ੍ਰਿਕਟ ਦੇ ਨਿੱਤ ਨਵੇਂ ਰਿਕਾਰਡ ਬਣਾਉਣਾ ਜਦੋਂ ਕਿ ਫੀਫਾ ਅੰਡਰ-17 ਵਿਸ਼ਵ ਕੱਪ ਦੀ ਸਫਲ ਮੇਜ਼ਬਾਨੀ ਕਰਕੇ ਭਾਰਤ ਨੇ ਆਪਣਾ ਲੋਹਾ ਮਨਵਾਇਆ। ਰਨ ਮਸ਼ੀਨ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਜਿੱਤ ਦਰ ਜਿੱਤ ਦਰਜ ਕਰਕੇ ਅਜਿਹਾ ਜਾਦੂ ਕੀਤਾ, ਜਿਸਨੂੰ ਤੋੜ ਪਾਉਣਾ ਵਿਰੋਧੀ ਟੀਮਾਂ ਲਈ ਨਾ-ਮੁਮਕਿਨ ਜਿਹਾ ਲੱਗਦਾ ਹੈ। ਇਸ ਸਾਲ ਖੇਡ ਜਗਤ ਵਿਚ ਭਾਰਤੀ ਬੈਡਮਿੰਟਨ ਦੀ ਪੋਸਟਰ ਗਰਲ ਪੀ.ਵੀ. ਸਿੰਧੂ ਦੀ ਵੀ ਤੂਤੀ ਬੋਲੀ, ਜਦੋਂ ਕਿ ਕਿਦਾਂਬੀ ਸ਼੍ਰੀਕਾਂਤ ਨੇ ਸਫਲਤਾ ਦੀ ਨਵੀਂ ਪਰਿਭਾਸ਼ਾ ਲਿਖੀ।

ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਤਿੰਨ ਸਾਲ ਬਾਅਦ ਰਿੰਗ ਵਿਚ ਪਰਤੇ ਤਾਂ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਚ ਕਈ ਸਾਲਾਂ ਬਾਅਦ ਗੋਲਡ ਮੈਡਲ ਦਿਵਾਇਆ। ਮੇਰੀਕਾਮ ਨੇ ਏਸ਼ੀਆਈ ਚੈਂਪੀਅਨਸ਼ਿਪ ਸੋਨੇ ਦੇ ਨਾਲ ਵਾਪਸੀ ਕੀਤੀ ਅਤੇ ਕਿਊ ਖੇਡਾਂ ਵਿਚ ਪੰਕਜ ਅਡਵਾਣੀ ਨੇ 18ਵਾਂ ਵਿਸ਼ਵ ਖਿਤਾਬ ਜਿੱਤਿਆ। ਮੁੱਕੇਬਾਜ਼ ਗੌਰਵ ਬਿਧੂੜੀ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ।

ਫੀਫਾ ਦੀ ਸਫਲ ਮੇਜ਼ਬਾਨੀ
ਭਾਰਤ ਨੇ ਪਹਿਲੀ ਵਾਰ ਫੀਫਾ ਦੇ ਕਿਸੇ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਅਤੇ ਸਫਲ ਮੇਜ਼ਬਾਨ ਸਾਬਤ ਹੋਇਆ। ਭਾਰਤੀ ਟੀਮ ਦਾ ਸਫਰ ਭਾਵੇਂ ਹੀ ਪਹਿਲੇ ਦੌਰ ਵਿਚ ਖਤਮ ਹੋ ਗਿਆ, ਪਰ ਭਾਰਤੀ ਫੁੱਟਬਾਲ ਲਈ ਇਹ ਟੂਰਨਾਮੈਂਟ ਕ੍ਰਾਂਤੀਵਾਦੀ ਸਾਬਤ ਹੋਇਆ। ਹਾਕੀ, ਮੁੱਕੇਬਾਜ਼ੀ, ਬੈਡਮਿੰਟਨ ਅਤੇ ਨਿਸ਼ਾਨੇਬਾਜ਼ੀ ਦੇ ਵੀ ਵੱਡੇ ਟੂਰਨਾਮੈਂਟ ਭਾਰਤ ਵਿਚ ਖੇਡੇ ਗਏ।

ਕ੍ਰਿਕਟ ਦੇ ਇਲਾਵਾ ਵਿਆਹ ਕਰਵਾ ਕੇ ਵੀ ਚਰਚਾ 'ਚ ਰਹੇ ਕੋਹਲੀ
ਭਾਰਤੀ ਕ੍ਰਿਕਟ ਟੀਮ ਨੇ ਇਸ ਸਾਲ ਫਿਰ ਸਫਲਤਾ ਦੀ ਨਵੀਂ ਕਥਾ ਆਪਣੇ ਨਾਮ ਕੀਤੀ। ਭਾਰਤ ਦੇ ਇਸ ਸਾਲ ਦੇ ਸੁਨਹਿਰੇ ਸਫਰ ਦੇ ਸੂਤਰਧਾਰ ਰਹੇ ਕੋਹਲੀ ਜੋ ਸਾਲ ਦੇ ਅਖੀਰ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਦੇ ਕਾਰਨ ਵੀ ਸੁਰਖੀਆਂ ਵਿਚ ਰਹੇ। ਕ੍ਰਿਕਟ ਵਿਚ ਮਹਾਨਾਇਕ ਦਾ ਦਰਜਾ ਹਾਸਲ ਕਰ ਚੁੱਕੇ ਕੋਹਲੀ ਨੇ ਬੱਲੇ ਨਾਲ ਕਈ ਰਿਕਾਰਡ ਆਪਣੇ ਨਾਮ ਕੀਤੇ। ਉਨ੍ਹਾਂ ਨੇ ਲਗਾਤਾਰ ਚਾਰ ਦੋਹਰੇ ਸੈਂਕੜੇ ਜੜੇ ਅਤੇ ਬਤੋਰ ਕਪਤਾਨ ਸਭ ਤੋਂ ਜ਼ਿਆਦਾ ਦੋਹਰੇ ਸੈਂਕੜੇ ਲਗਾਉਣ ਦਾ ਨਵਾਂ ਰਿਕਾਰਡ ਬਣਾ ਕੇ ਡਾਨ ਬਰੈਡਮੈਨ ਅਤੇ ਬਰਾਇਨ ਲਾਰਾ (6) ਨੂੰ ਪਛਾੜਿਆ।

ਕ੍ਰਿਕਟ 'ਚ ਰੋਹਿਤ ਤੇ ਚੈਸ 'ਚ ਆਨੰਦ ਨੇ ਭਾਰਤੀ ਝੰਡੇ ਦਾ ਵਧਾਇਆ ਮਾਣ
ਵਨਡੇ ਕ੍ਰਿਕਟ ਵਿਚ ਉਪ-ਕਪਤਾਨ ਰੋਹਿਤ ਸ਼ਰਮਾ ਇਸ ਪ੍ਰਾਰੂਪ ਵਿਚ ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲੇ ਇਕਲੌਤੇ ਬੱਲੇਬਾਜ਼ ਹੋ ਗਏ। ਸਾਲ ਦੇ ਅੰਤ ਵਿਚ ਵਿਸ਼ਵਨਾਥਨ ਆਨੰਦ ਰੇਪਿਡ ਚੈਸ ਚੈਂਪੀਅਨਸ਼ਿਪ ਜਿੱਤ ਕੇ ਸ਼ਤਰੰਜ ਵਿਚ ਵੀ ਭਾਰਤ ਦਾ ਝੰਡਾ ਲਹਿਰਾ ਦਿੱਤਾ।

ਕੋਹਲੀ ਨਾਲ ਕੁੰਬਲੇ ਦਾ ਮਤਭੇਦ
ਭਾਰਤੀ ਕ੍ਰਿਕਟ ਟੀਮ ਨੇ ਭਾਵੇਂ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਇਆ ਹੋਵੇ ਪਰ ਕਪਤਾਨ ਕੋਹਲੀ ਨਾਲ ਮਤਭੇਦ ਕਾਰਨ ਕੋਚ ਅਨਿਲ ਕੁੰਬਲੇ ਦੀ ਵਿਵਾਦਗ੍ਰਸਤ ਵਿਦਾਈ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ, ਜਦੋਂ ਕਿ ਦੋਨਾਂ ਨੇ ਮਿਲ ਕੇ ਲਗਾਤਾਰ 9 ਜਿੱਤ ਦਰਜ ਕੀਤੀਆਂ ਸਨ। ਰਵੀ ਸ਼ਾਸਤਰੀ ਨੂੰ ਸੌਰਵ ਗਾਂਗੁਲੀ, ਵੀ.ਵੀ.ਐੱਸ. ਲਕਸ਼ਮਣ ਅਤੇ ਸਚਿਨ ਤੇਂਦੁਲਕਰ ਦੀ ਮੈਂਬਰੀ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਫਿਰ ਤੋਂ ਕੋਚ ਚੁਣਿਆ।