ਰਵੀ ਤੇ ਦੀਪਕ ਨੂੰ ਚੰਗਾ ਡਰਾਅ, ਪਹਿਲੇ ਦੌਰ ’ਚ ਯੂਰਪੀ ਚੈਂਪੀਅਨ ਨਾਲ ਭਿੜੇਗੀ ਅੰਸ਼ੂ ਮਲਿਕ

08/03/2021 3:35:48 PM

ਟੋਕੀਓ– ਭਾਰਤੀ ਪਹਿਲਵਾਨ ਰਵੀ ਦਾਹੀਆ ਨੂੰ ਮੰਗਲਵਾਰ ਨੂੰ ਟੋਕੀਓ ਓਲੰਪਿਕ ਦੇ ਪੁਰਸ਼ 57 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ’ਚ ਚੰਗਾ ਡਰਾਅ ਮਿਲਿਆ ਜਿੱਥੇ ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਕੋਲੰਬੀਆ ਦੇ ਟਿਗਰੇਰੋਸ ਉਰਬਾਨੋ ਖ਼ਿਲਾਫ਼ ਕਰਨਗੇ। ਮੌਜੂਦਾ ਫ਼ਾਰਮ ਨੂੰ ਦੇਖਦੇ ਹੋਏ ਰਵੀ ਨੂੰ ਘੱਟੋ-ਘੱਟ ਸੈਮੀਫ਼ਾਈਨਲ ਤਕ ਪਹੁੰਚਣ ’ਚ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। 

ਵਿਸ਼ਵ ਚੈਂਪੀਅਨਸ਼ਿਪ 2019 ਦੇ ਕਾਂਸੀ ਤਮਗ਼ਾ ਜੇਤੂ ਤੇ ਸਾਬਕਾ ਏਸ਼ੀਆਈ ਚੈਂਪੀਅਨ ਰਵੀ ਜੇਕਰ ਕੋਲੰਬੀਆਈ ਪਹਿਲਵਾਨ ਖ਼ਿਲਾਫ਼ ਪਹਿਲਾ ਮੁਕਾਬਲੇ ਜਿੱਤਦੇ ਹਨ ਤਾਂ ਉਨ੍ਹਾਂ ਦਾ ਸਾਹਮਣਾ ਅਲਜੀਰੀਆ ਦੇ ਅਬਦੇਲਹਕ ਖੇਰਾਬਾਚੇ ਤੇ ਬੁਲਗਾਰੀਆ ਦੇ ਜਾਰਜੀ ਵਾਲੇਨਤੀਨੋਵ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਸੈਮੀਫ਼ਾਈਨਲ ’ਚ ਰਵੀ ਨੂੰ ਸਰਬੀਆ ਦੇ ਚੋਟੀ ਦਾ ਦਰਜਾ ਪ੍ਰਾਪਤ ਆਂਦ੍ਰੀਆ ਮਿਕੀਚ ਜਾਂ ਜਪਾਨ ਦੇ ਯਕੀ ਤਾਕਾਹਾਸ਼ੀ ਨਾਲ ਭਿੜਨਾ ਪੈ ਸਕਦਾ ਹੈ। ਮਿਕਿਚ ਤੇ ਤਾਕਾਹਾਸ਼ੀ ਪਹਿਲੇ ਦੌਰ ’ਚ ਆਹਮੋ-ਸਾਹਮਣੇ ਹੋਣਗੇ।

ਪੁਰਸ਼ ਫ੍ਰੀਸਟਾਈਲ 86 ਕਿਲੋਗ੍ਰਾਮ ਵਰਗ ’ਚ ਦੀਪਕ ਨੂੰ ਪਹਿਲੇ ਦੌਰ ’ਚ ਨਾਈਜੀਰੀਆ ਦੇ ਐਕਰੇਕੇਮ ਐਗੀਓਮੋਰ ਨਾਲ ਭਿੜਨਾ ਹੈ ਜੋ ਅਫ਼ਰੀਕੀ ਚੈਂਪੀਅਨਸ਼ਿਪ ਦੇ ਕਾਂਸੀ ਤਮਗ਼ਾ ਜੇਤੂ ਹਨ। ਵਿਸ਼ਵ ਚੈਂਪੀਅਨਸ਼ਿਪ 2019 ਦੇ ਚਾਂਦੀ ਦੇ ਤਮਗਾ ਜੇਤੂ ਦੀਪਕ ਜੇਕਰ ਜਿੱਤ ਜਾਂਦੇ ਹਨ ਤਾਂ ਅਗਲੇ ਦੌਰ ’ਚ ਚੀਨ ਦੇ ਜੁਸ਼ੇਨ ਲਿਨ ਤੇ ਪੇਰੂ ਦੇ ਐਡੀਨਸਨ ਐਂਬ੍ਰੋਸੀਓ ਗ੍ਰੀਫੋ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜਨਗੇ।

ਇਸ ਵਿਚਾਲੇ 19 ਸਾਲ ਦੀ ਅੰਸ਼ੂ ਮਲਿਕ ਨੂੰ ਮੁਸ਼ਕਲ ਡਰਾਅ ਮਿਲਿਆ ਹੈ ਤੇ ਉਨ੍ਹਾਂ ਨੂੰ ਪਹਿਲੇ ਹੀ ਦੌਰ ’ਚ ਯੂਰਪੀ ਚੈਂਪੀਅਨ ਇਰਿਨਾ ਕੁਰਾਚਿਕਿਨਾ ਨਾਲ ਭਿੜਨਾ ਹੈ। ਅੰਸ਼ੂ ਜੇਕਰ ਜਿੱਤ ਦਰਜ ਕਰਦੀ ਹੈ ਤਾਂ ਉਸ ਦਾ ਸਾਹਮਣਾ ਓਲੰਪਿਕ ਦੀ ਚਾਂਦੀ ਤਮਗ਼ਾ ਜੇਤੂ ਵਾਲੇਰੀਆ ਕੋਬਲੋਵਾ ਤੇ ਮੈਕਸਿਕੋ ਦੀ ਅਲਮਾ ਜੇਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ।

Tarsem Singh

This news is Content Editor Tarsem Singh