WTC: ਇੰਗਲੈਂਡ ’ਚ ਕੋਹਲੀ ਤੋਂ ਇਲਾਵਾ ਸਾਰੇ ਫ਼ੇਲ! ਰੋਹਿਤ ਨੂੰ ਸਿਰਫ਼ ਇਕ ਟੈਸਟ ਮੈਚ ਦਾ ਤਜਰਬਾ

05/12/2021 11:29:15 AM

ਸਪੋਰਟਸ ਡੈਸਕ- ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਫ਼ਾਈਨਲ ਅਗਲੇ ਮਹੀਨੇ ਇੰਗਲੈਂਡ ’ਚ ਹੋਣਾ ਹੈ। ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਇਹ ਮੁਕਾਬਲਾ 18 ਤੋਂ 22 ਜੂਨ ਤਕ ਸਾਊਥੰਪਟਨ ’ਚ ਖੇਡਿਆ ਜਾਵੇਗਾ। ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਵੱਲੋਂ ਟੈਸਟ ਨੂੰ ਰੋਮਾਂਚਕ ਬਣਾਉਣ ਲਈ ਇਸ ਦੀ ਸ਼ੁਰੂਆਤ 2019 ’ਚ ਕੀਤੀ ਗਈ ਸੀ। ਵਿਰਾਟ ਕੋਹਲੀ ਤੇ ਕੇਨ ਵਿਲੀਅਮਸਨ ਦੋਵੇਂ ਇਹ ਟਰਾਫ਼ੀ ਜਿੱਤਣਾ ਚਾਹੁਣਗੇ ਕਿਉਂਕਿ ਦੋਵਾਂ ਨੇ ਅਜੇ ਤਕ ਆਈ. ਸੀ. ਸੀ. ਟਰਾਫ਼ੀ ਨਹੀਂ ਜਿੱਤੀ ਹੈ।

ਇਹ ਵੀ ਪਡ਼੍ਹੋ : ਮੁਹੰਮਦ ਸ਼ੰਮੀ ਨੇ ਖੋਲੇ ਟੀਮ ਇੰਡੀਆ ਦੇ ਰਾਜ਼, ਕਿਹਾ- ਇਹ ਗੇਂਦਬਾਜ਼ ਮਜ਼ਾਕ ਨੂੰ ਲੈ ਲੈਂਦਾ ਹੈ ਗੰਭੀਰਤਾ ਨਾਲ

ਟੀਮ ਇੰਡੀਆ ’ਚ ਚੁਣੇ ਗਏ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਬਾਕੀ ਸਾਰੇ ਬੱਲੇਬਾਜ਼ ਇੰਗਲੈਂਡ ’ਚ ਫ਼ੇਲ ਰਹੇ ਹਨ। ਟੀਮ ਇੰਡੀਆ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਇੰਗਲੈਂਡ ’ਚ ਸਿਰਫ਼ ਇਕ ਟੈਸਟ ਖੇਡਣ ਦਾ ਤਜਰਬਾ ਹੈ। ਅਜਿਹੇ ’ਚ ਫ਼ਾਈਨਲ ’ਚ ਭਾਰਤੀ ਬੱਲੇਬਾਜ਼ ਸੰਘਰਸ਼ ਕਰਦੇ ਦਿਖ ਸਕਦੇ ਹਨ। 

ਕੋਹਲੀ ਤੋਂ ਇਲਾਵਾ ਸਾਰਿਆਂ ਦਾ ਔਸਤ 30 ਤੋਂ ਹੇਠਾਂ
ਵਿਰਾਟ ਕੋਹਲੀ ਨੇ ਇੰਗਲੈਂਡ ’ਚ 10 ਟੈਸਟ ਦੀਆਂ 20 ਪਾਰੀਆਂ ’ਚ 36 ਦੀ ਔਸਤ ’ਤੇ 727 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਦੋ ਸੈਂਕੜੇ ਤੇ ਤਿੰਨ ਅਰਧ ਸੈਂਕੜੇ ਲਾਏ ਹਨ। ਉਪ ਕਪਤਾਨ ਅਜਿੰਕਯ ਰਹਾਨੇ ਨੇ 20 ਪਾਰੀਆਂ ’ਚ 29 ਦੀ ਔਸਤ ਨਾਲ 556 ਦੌੜਾਂ ਬਣਾਈਆਂ ਹਨ। ਉਨ੍ਹਾਂ ਇਕ ਸੈਂਕੜਾ ਤੇ ਚਾਰ ਅਰਧ ਸੈਂਕੜੇ ਜੜੇ ਹਨ। ਚੇਤੇਸ਼ਵਰ ਪੁਜਾਰਾ ਨੇ 18 ਪਾਰੀਆਂ ’ਚ 29 ਦੀ ਔਸਤ 500 ਦੌੜਾਂ ਬਣਾਈਆਂ ਹਨ। ਉਨ੍ਹਾਂ ਇਕ ਸੈਂਕੜਾ ਤੇ ਦੋ ਅਰਧ ਸੈਂਕੜੇ ਲਾਏ ਹਨ। ਕੇ. ਐੱਲ. ਰਾਹੁਲ ਨੇ 10 ਪਾਰੀਆਂ ’ਚ 29 ਦੀ ਔਸਤ ਨਾਲ 299 ਦੌੜਾਂ ਬਣਾਈਆਂ ਹਨ। ਉਨ੍ਹਾਂ ਇਕ ਸੈਂਕੜਾ ਲਾਇਆ ਹੈ।

ਇਹ ਵੀ ਪਡ਼੍ਹੋ : ਸ਼੍ਰੀਲੰਕਾ ਖ਼ਿਲਾਫ਼ ਇਨ੍ਹਾਂ ਦੋ ਖਿਡਾਰੀਆਂ ’ਚੋਂ ਇਕ ਨੂੰ ਮਿਲ ਸਕਦੀ ਏ ਕਪਤਾਨੀ

ਆਲਰਾਊਂਡਰ ਰਵਿੰਦਰ ਜਡੇਜਾ ਦਾ ਪ੍ਰਦਰਸ਼ਨ ਚੰਗਾ
ਰਵਿੰਦਰ ਜਡੇਜਾ ਨੇ ਇੰਗਲੈਂਡ ’ਚ ਟੈਸਟ ’ਚ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 10 ਪਾਰੀਆਂ ’ਚ 31 ਦੀ ਔਸਤ ਨਾਲ 276 ਦੌੜਾਂ ਬਣਾਈਆਂ ਹਨ ਤੇ ਦੋ ਅਰਧ ਸੈਂਕੜੇ ਲਾਏ ਹਨ। ਆਰ. ਅਸ਼ਵਿਨ ਨੇ 6 ਪਾਰੀਆਂ ’ਚ 26 ਦੀ ਔਸਤ ਨਾਲ 323 ਦੌੜਾਂ ਬਣਾਈਆਂ। ਹਾਲਾਂਕਿ ਉਹ ਇਕ ਵੀ ਅਰਧ ਸੈਂਕੜੇ ਵਾਲੀ ਪਾਰੀ ਨਹੀਂ ਖੇਡ ਸਕੇ ਹਨ। ਵਿਕਟਕੀਪਰ ਰਿਸ਼ਭ ਪੰਤ ਨੇ 6 ਪਾਰੀਆਂ ’ਚ 27 ਦੀ ਔਸਤ ਨਾਲ 162 ਦੌੜਾਂ ਬਣਾਈਆਂ ਹਨ। ਉਨ੍ਹਾਂ ਇਕ ਸੈਂਕੜਾ ਵੀ ਲਾਇਆ ਹੈ। ਰੋਹਿਤ ਸ਼ਰਮਾ ਨੇ ਇੱਥੇ ਇਕਮਾਤਰ ਟੈਸਟ 2014 ’ਚ ਖੇਡਿਆ ਸੀ। ਉਹ ਦੋ ਪਾਰੀਆਂ ’ਚ ਸਿਰਫ਼ 34 ਦੌੜਾਂ ਬਣਾ ਸਕੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ  ਦਿਓ ਜਵਾਬ।

Tarsem Singh

This news is Content Editor Tarsem Singh