5 ਅਜਿਹੇ ਧਾਕੜ ਫੀਲਡਰ ਜੋ ਵਰਲਡ ਕੱਪ 'ਚ ਕਰ ਸਕਦੇ ਹਨ ਜ਼ਬਰਦਸਤ ਪ੍ਰਦਰਸ਼ਨ

05/20/2019 4:21:54 PM

ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ ਦਾ ਆਗਾਜ਼ 30 ਮਈ ਨੂੰ ਹੋ ਰਿਹਾ ਹੈ। ਵਿਸ਼ਵ ਦੀਆਂ ਚੋਟੀ ਦੀਆਂ ਟੀਮਾਂ ਆਪਣੀਆਂ ਤਿਆਰੀਆਂ 'ਚ ਲਗੀਆਂ ਹੋਈਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵਰਲਡ ਕੱਪ ਦੀਆਂ ਟੀਮਾਂ ਦੇ ਉਨ੍ਹਾਂ ਪੰਜ ਖਿਡਾਰੀਆਂ ਬਾਰੇ ਜੋ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਇਸ ਟੂਰਨਾਮੈਂਟ 'ਚ ਆਪਣਾ ਜਲਵਾ ਦਿਖਾ ਸਕਦੇ ਹਨ। ਆਓ ਇਕ ਝਾਤ ਪਾਉਂਦੇ ਹਾਂ ਇਨ੍ਹਾਂ ਖਾਸ ਖਿਡਾਰੀਆਂ 'ਤੇ-

ਭਾਰਤ ਦੇ ਰਵਿੰਦਰ ਜਡੇਜਾ

ਭਾਰਤੀ ਟੀਮ 'ਚ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਜਿਹੇ ਕਲਾਈ ਦੇ ਸਪਿਨਰ ਹੋਣ ਨਾਲ ਕਪਤਾਨ ਵਿਰਾਟ ਕੋਹਲੀ ਨੂੰ ਇਹ ਉਮੀਦ ਰਹਿੰਦੀ ਹੈ ਕਿ ਜਡੇਜਾ ਮੈਦਾਨ 'ਤੇ ਕੁਝ ਵਾਧੂ ਕਰਨ। ਬਤੌਰ ਕਪਤਾਨ ਜਡੇਜਾ ਦੇ ਲਈ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣਾ ਸੌਖਾ ਕੰਮ ਨਹੀਂ ਸੀ, ਪਰ ਉਨ੍ਹਾਂ ਦੀ ਫੀਲਡਿੰਗ ਕਾਰਨ ਹੀ ਚੋਣਕਰਤਾਵਾਂ ਨੇ ਉਨ੍ਹਾਂ ਨੂੰ ਵਿਸ਼ਵ ਕੱਪ ਟੀਮ 'ਚ ਚੁਣਿਆ ਹੈ। ਡਾਈਵ ਲਗਾ ਕੇ ਮੁਸ਼ਕਲ ਕੈਚਾਂ ਨੂੰ ਵੀ ਆਸਾਨ ਬਣਾਉਣ ਵਾਲੇ ਜਡੇਜਾ ਹਮੇਸ਼ਾ ਬੱਲੇਬਾਜ਼ਾਂ 'ਤੇ ਦਬਾਅ ਬਣਾਉਂਦੇ ਹਨ ਅਤੇ ਜਿੱਥੇ ਉਹ ਖੜੇ ਹੁੰਦੇ ਹਨ, ਉੱਥੋਂ ਬੱਲੇਬਾਜ਼ਾਂ ਲਈ ਦੌੜਾਂ ਬਣਾਉਣਾ ਸੌਖਾ ਨਹੀਂ ਹੁੰਦਾ ਹੈ।

ਆਸਟਰੇਲੀਆ ਦੇ ਡੇਵਿਡ ਵਾਰਨਰ

ਆਈ.ਪੀ.ਐੱਲ. 'ਚ ਆਪਣੀ ਫਿੱਟਨੈਸ ਨੂੰ ਸਾਬਤ ਕਰ ਚੁੱਕੇ ਆਸਟਰੇਲੀਆ ਦੇ ਡੇਵਿਡ ਵਾਰਨਰ ਇਸ ਸਮੇਂ ਟੀਮ 'ਚ ਸਭ ਤੋਂ ਚੰਗੇ ਫੀਲਡਰ ਮੰਨੇ ਜਾਂਦੇ ਹਨ। ਟੀਮ 'ਚ ਐਰੋਨ ਫਿੰਚ ਅਤੇ ਗਲੇਨ ਮੈਕਸਵੇਲ ਦੇ ਹੋਣ ਦੇ ਬਾਵਜੂਦ ਆਸਟਰੇਲੀਆ ਨੂੰ ਵਿਸ਼ਵ ਕੱਪ 'ਚ ਵਾਰਨਰ ਤੋਂ ਉਸੇ ਤਰ੍ਹਾਂ ਦੀ ਫੀਲਡਿੰਗ ਦੀ ਉਮੀਦ ਹੋਵੇਗੀ, ਜਿਸ ਤਰ੍ਹਾਂ ਉਨ੍ਹਾਂ ਨੇ ਆਈ.ਪੀ.ਐੱਲ. 'ਚ ਕੀਤੀ ਸੀ।

ਇੰਗਲੈਂਡ ਦੇ ਬੇਨ ਸਟੋਕਸ

ਪਿਛਲੇ ਵਰਲਡ ਕੱਪ ਦੇ ਬਾਅਦ ਤੋਂ ਸਟੋਕਸ ਆਪਣੀ ਟੀਮ ਲਈ ਸਰਵਸ੍ਰੇਸ਼ਠ ਖਿਡਾਰੀ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਏ ਹਨ। ਇੰਗਲੈਂਡ ਦੀ ਬੱਲੇਬਾਜ਼ੀ ਇਸ ਸਮੇਂ ਸ਼ਾਨਦਾਰ ਹੈ ਅਤੇ ਸਟੋਕਸ ਇਕਮਾਤਰ ਖਿਡਾਰੀ ਹਨ ਜੋ ਕਾਫੀ ਚੰਗੇ ਫੀਲਡਰਾਂ 'ਚ ਸ਼ਾਮਲ ਹਨ। ਇੰਗਲੈਂਡ ਨੂੰ ਜੇਕਰ ਪਹਿਲੀ ਵਾਰ ਖਿਤਾਬ ਜਿੱਤਣਾ ਹੈ ਤਾਂ ਸਟੋਕਸ ਦੀ ਫੀਲਡਿੰਗ ਕਾਫੀ ਮਹੱਤਵਪੂਰਨ ਹੋਵੇਗੀ।

ਵਿੰਡੀਜ਼ ਦੇ ਆਂਦਰੇ ਰਸੇਲ

ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ਾਂ 'ਚੋਂ ਇਕ ਆਂਦਰੇ ਰਸੇਲ ਆਈ.ਪੀ.ਐੱਲ. 'ਚ ਕੋਲਕਾਤਾ ਨਾਈਟ ਰਾਈਡਰਜ਼ ਲਈ ਆਪਣੀ ਫੀਲਡਿੰਗ ਅਤੇ ਬੱਲੇਬਾਜ਼ੀ ਦਾ ਜੌਹਰ ਦਿਖਾ ਚੁੱਕੇ ਹਨ। 2016 ਦੇ ਟੀ-20 ਵਿਸ਼ਵ ਕੱਪ 'ਚ ਉਨ੍ਹਾਂ ਨੇ ਆਪਣੇ ਇਕ ਸ਼ਾਨਦਾਰ ਥ੍ਰੋਅ ਨਾਲ ਦੱਖਣੀ ਅਫਰੀਕਾ ਦੇ ਬੱਲੇਬਾਜ਼ ਹਾਸ਼ਿਮ ਅਮਲਾ ਨੂੰ ਰਨ ਆਊਟ ਕੀਤਾ ਸੀ।

ਅਫਰੀਦਾ ਦੇ ਕਪਤਾਨ ਫਾਫ ਡੁ ਪਲੇਸਿਸ

ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ, ਹਾਲ 'ਚ ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਜ਼ ਲਈ ਚੰਗੀ ਫੀਲਡਿੰਗ ਕਰ ਚੁੱਕੇ ਹਨ। ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਡੁ ਪਲੇਸਿਸ ਦੀ ਫੀਲਡਿੰਗ 'ਤੇ ਬਹੁਤ ਭਰੋਸਾ ਸੀ, ਇਸ ਲਈ ਉਹ ਡੁ ਪਲੇਸਿਸ ਨੂੰ ਹਮੇਸ਼ਾ ਬਾਊਂਡਰੀ 'ਤੇ ਖੜ੍ਹਾ ਕਰਦੇ ਸਨ। ਹਾਲਾਂਕਿ ਵਿਸ਼ਵ ਕੱਪ 'ਚ ਡੁ ਪਲੇਸਿਸ ਦੀ ਭੂਮਿਕਾ ਵੱਖ ਹੋਵੇਗੀ ਅਤੇ ਜ਼ਿਆਦਾਤਰ ਬੱਲੇਬਾਜ਼ਾਂ ਦੇ ਕੋਲ ਹੀ ਖੜ੍ਹੇ ਰਹਿਣਗੇ।

Tarsem Singh

This news is Content Editor Tarsem Singh