ਇਨ੍ਹਾਂ ਗੇਂਦਬਾਜ਼ਾਂ ਨੇ WC 'ਚ ਗੱਡੇ ਸਫਲਤਾ ਦੇ ਝੰਡੇ, ਖੌਫ ਨਾਲ ਘਬਰਾਉਂਦੇ ਸਨ ਬੱਲੇਬਾਜ਼

05/24/2019 5:34:56 PM

ਸਪੋਰਟਸ ਡੈਸਕ— ਵਰਲਡ ਕੱਪ 2019 ਦੇ ਸ਼ੁਰੂ ਹੋਣ 'ਚ ਹੁਣ ਸਿਰਫ ਕੁਝ ਹੀ ਦਿਨ ਬਚੇ ਹਨ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਦਸਦੇ ਹਾਂ ਵਰਲਡ ਕੱਪ ਇਤਿਹਾਸ ਦੇ ਉਹ ਪੰਜ ਗੇਂਦਬਾਜ਼ ਜਿਨ੍ਹਾਂ ਨੇ ਝਟਕਾਏ ਹਨ ਸਭ ਤੋਂ ਜ਼ਿਆਦਾ ਵਿਕਟ :-

1. ਗਲੇਨ ਮੈਕਗ੍ਰਾ

ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ਾਂ 'ਚ ਸਭ ਤੋਂ ਪਹਿਲਾਂ ਨਾਂ ਆਸਟਰੇਲੀਆ ਦੇ ਧਾਕੜ ਗੇਂਦਬਾਜ਼ ਗਲੇਨ ਮੈਕਗ੍ਰਾ ਦਾ ਆਉਂਦਾ ਹੈ। ਮੈਕਗ੍ਰਾ ਨੇ ਆਪਣੇ ਕਰੀਅਰ 'ਚ 4 ਵਿਸ਼ਵ ਕੱਪ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 39 ਮੈਚਾਂ 'ਚ 71 ਵਿਕਟ ਹਾਸਲ ਕੀਤੇ ਹਨ। ਉਹ ਇਕਮਾਤਰ ਅਜਿਹੇ ਗੇਂਦਬਾਜ਼ ਹਨ ਜੋ ਤਿੰਨ ਵਾਰ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਹਨ। 2007 'ਚ ਉਨ੍ਹਾਂ ਨੂੰ 24 ਵਿਕਟਾਂ ਲੈਣ ਲਈ ਮੈਨ ਆਫ ਦਿ ਟੂਰਨਾਮੈਂਟ ਦਾ ਪੁਰਸਕਾਰ ਵੀ ਮਿਲਿਆ ਸੀ।

2. ਮੁਥਈਆ ਮੁਰਲੀਧਰਨ

ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਮੁਥਈਆ ਮੁਰਲੀਧਰਨ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਦੀ ਲਿਸਟ 'ਚ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ 5 ਵਿਸ਼ਵ ਕੱਪ ਖੇਡੇ ਹਨ ਅਤੇ 40 ਮੈਚਾਂ 'ਚ 68 ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ ਹੈ। ਮੁਰਲੀ 2011 ਵਿਸ਼ਵ ਕੱਪ 'ਚ ਸ਼੍ਰੀਲੰਕਾ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਰਹੇ ਸਨ। ਉਨ੍ਹਾਂ ਨੇ 9 ਮੈਚਾਂ 'ਚ 15 ਵਿਕਟ ਝਟਕਾਏ ਸਨ। 

3. ਵਸੀਮ ਅਕਰਮ

ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਤੀਜੇ ਗੇਂਦਬਾਜ਼ ਵਸੀਮ ਅਕਰਮ ਹਨ। ਵਸੀਮ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ 1992 ਵਿਸ਼ਵ ਕੱਪ ਦਾ ਜੇਤੂ ਵੀ ਬਣਿਆ ਸੀ। ਜਦਕਿ ਟੀਮ 1999 'ਚ ਫਾਈਨਲ ਤਕ ਪਹੁੰਚਣ 'ਚ ਸਫਲ ਹੋਈ ਸੀ। 1987 ਤੋਂ 2003 ਤਕ ਖੇਡੇ 5 ਵਿਸ਼ਵ ਕੱਪ 'ਚ ਉਨ੍ਹਾਂ ਨੇ 38 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਦੇ ਨਾਂ 55 ਵਿਕਟ ਦਰਜ ਹਨ।

4. ਚਮਿੰਡਾ ਵਾਸ

ਵਨ ਡੇ ਕ੍ਰਿਕਟ 'ਚ 400 ਵਿਕਟ ਝਟਕਾਉਣ ਵਾਲੇ ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਚਮਿੰਡਾ ਵਾਸ ਨੇ 1996 ਤੋਂ 2007 ਵਿਚਾਲੇ ਚਾਰ ਵਿਸ਼ਵ ਕੱਪ 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ 31 ਮੈਚਾਂ 'ਚ 49 ਵਿਕਟ ਝਟਕਾਏ। ਉਨ੍ਹਾਂ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ 25 ਦੌੜਾਂ ਦੇ ਕੇ 6 ਵਿਕਟ ਹੈ। 1996 'ਚ ਟੀਮ ਜੇਤੂ ਬਣੀ ਸੀ। ਜਦਕਿ 2007 'ਚ ਵੀ ਫਾਈਨਲ ਦਾ ਸਫਰ ਤੈਅ ਕੀਤਾ ਸੀ।

5. ਜ਼ਹੀਰ ਖਾਨ

ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਦੀ ਲਿਸਟ 'ਚ ਪੰਜਵੇਂ ਸਥਾਨ 'ਤੇ ਹਨ। ਉਨ੍ਹਾਂ ਨੇ ਭਾਰਤ ਵੱਲੋਂ ਤਿੰਨ ਵਿਸ਼ਵ ਕੱਪ (2003, 2007 ਅਤੇ 2011) ਖੇਡੇ ਹਨ। ਇਸ ਦੌਰਾਨ ਜ਼ਹੀਰ ਨੇ 23 ਮੈਚਾਂ 44 ਵਿਕਟ ਝਟਕਾਏ ਹਨ। 2011 'ਚ ਉਹ ਸੰਯੁਕਤ ਤੌਰ 'ਤੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਵੀ ਸਨ। 2011 ਵਿਸ਼ਵ ਕੱਪ 'ਚ ਜ਼ਹੀਰ ਖਾਨ ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ 21 ਵਿਕਟ ਆਪਣੇ ਨਾਂ ਕੀਤੇ ਸਨ। 2011 'ਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।

Tarsem Singh

This news is Content Editor Tarsem Singh