ਮਹਿਲਾ ਰੈਸਲਰ ਲਾਨਾ ਬੋਲੀ, ਰੁਸਵ ਨਾਲ ਵੱਖ ਹੋਣ ਤੋਂ ਬਾਅਦ ਮਿਲ ਰਹੀਆਂ ਹਨ ਧਮਕੀਆਂ

12/14/2019 7:25:20 PM

ਨਵੀਂ ਦਿੱਲੀ : ਡਬਲਯੂ. ਡਬਲਯੂ. ਈ. ਦੀ ਮਹਿਲਾ ਰੈਸਲਰ ਲਾਨਾ ਦਾ ਕਹਿਣਾ ਹੈ ਕਿ ਜਦੋਂ ਤੋਂ  ਉਹ ਸਾਬਕਾ ਪ੍ਰੇਮੀ ਰੁਸਵ ਨਾਲੋਂ ਵੱਖ ਹੋਈ ਹੈ, ਉਸ ਨੂੰ ਲਗਾਤਾਰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਹਨ। 2016 ਵਿਚ ਰੁਸਵ ਨਾਲ ਵਿਆਹ ਕਰਨ ਤੋਂ ਬਾਅਦ ਅਚਾਨਕ ਵੱਖਰੀ ਹੋਈ ਲਾਨਾ ਨੇ ਇਕ ਵੈੱਬਸਾਈਟ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਿਸ਼ਚਿਤ ਤੌਰ 'ਤੇ ਮੈਨੂੰ ਕਈ ਧਮਕੀਆਂ ਮਿਲ ਚੁੱਕੀਆਂ ਹਨ। ਮੈਨੂੰ ਐੱਫ. ਬੀ. ਆਈ. ਵਾਲੇ ਕਾਲ ਕਰਦੇ ਹਨ ਕਿ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ, ਤੁਸੀਂ ਧਿਆਨ ਰੱਖੋ। ਤੁਸੀਂ ਮੇਰੇ ਇੰਸਟਾਗ੍ਰਾਮ, ਟਵਿਟਰ ਅਕਾਊਂਟ 'ਤੇ ਵੀ ਦੇਖੋ ਤਾਂ ਅਜਿਹੇ ਲੋਕਾਂ ਦੀ ਭਰਮਾਰ ਹੈ, ਜਿਹੜੇ ਮੈਨੂੰ ਮਜ਼ਾ ਚਖਾਉਣ ਦੀ ਗੱਲ ਕਰਦੇ ਹਨ।

ਲਾਨਾ ਨੇ ਕਿਹਾ ਕਿ ਇਹ ਹੀ ਵਜ੍ਹਾ ਹੈ, ਜਿਸ ਦੇ ਕਾਰਨ ਕੋਈ ਸੁਸਾਈਡ ਦੇ ਰਸਤੇ 'ਤੇ ਚੱਲ ਪੈਂਦਾ ਹੈ। ਅੱਜ ਸਵੇਰੇ ਜਦੋਂ ਮੈਂ ਆਪਣੀ ਈ-ਮੇਲ ਖੋਲ੍ਹੀ ਤਾਂ ਉਸ ਵਿਚ ਕਈ ਅਜਿਹੀਆਂ ਮੇਲਾਂ ਸਨ, ਜਿਨ੍ਹਾਂ ਵਿਚ 'ਜਲਦ ਸਬਕ ਸਿਖਾ ਦੇਵਾਂਗੇ, ਬੁਰਾ ਕੀਤਾ-ਬੁਰਾ ਹੋਵੇਗਾ' ਵਾਲੇ ਸ਼ਬਦ ਭਰੇ ਪਏ ਸਨ । ਅੱਜ ਕੱਲ ਸਾਈਬਰ ਬੁਲਿੰਗ ਵਧਦੀ ਜਾ ਰਹੀ ਹੈ। ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕਿਸੇ ਹੋਰ ਨੂੰ ਕਿਉਂ ਮੈਸੇਜ ਕਰ ਰਹੇ ਹਨ। ਇਹ ਲੋਕ ਅਜਿਹਾ ਨਾ ਸਮਝਣ ਕਿ ਉਹ ਕਿਸੇ ਕੰਪਿਊਟਰ ਸਕ੍ਰੀਨ ਜਾਂ ਮੋਬਾਈਲ ਦੇ ਪਿੱਛੇ ਛੁਪ ਕੇ ਕੁਝ ਵੀ ਲਿਖ ਸਕਦੇ ਹਨ, ਅਜਿਹੇ ਕੰਮਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਲਾਨਾ ਨੇ ਕਿਹਾ ਕਿ ਜੇਕਰ ਤੁਹਾਡੇ ਇਨ੍ਹਾਂ ਕੁਮੈਂਟਾਂ ਦੇ ਕਾਰਣ ਕੋਈ ਸੁਸਾਈਡ ਕਰ ਲੈਂਦਾ ਹੈ ਤਾਂ ਕੀ ਤੁਸੀਂ ਇਸਦੀ ਜ਼ਿੰਮੇਵਾਰੀ ਲਵੋਗੇ। ਮੈਂ ਇਸਦੇ ਬਾਰੇ ਵਿਚ ਜ਼ੋਰਦਾਰ ਸ਼ਬਦਾਂ ਵਿਚ ਬੋਲਣ ਵਾਲੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਈਬਰ ਬੁਲਿੰਗ ਵਿਚ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਇਹ ਕਿਸੇ ਦੀ ਵੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਗਲਤ ਹੈ ਅਤੇ ਇਸ ਨੂੰ ਰੋਕਣ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗੀ।